ਨਵਾਂ ਸ਼ਹਿਰ 'ਚ ਬਲੈਕ ਫੰਗਸ ਨੇ ਦਿੱਤੀ ਦਸਤਕ, ਆਏ 4 ਮਰੀਜ਼
ਨਵਾਂਸ਼ਹਿਰ, 11 ਜੂਨ 2021 - ਜ਼ਿਲ੍ਹਾ ਨਵਾਂਸ਼ਹਿਰ 'ਚ ਮਿਊਕਰਮਾਈਕੋਸਿਸ (ਬਲੈਕ ਫੰਗਸ) ਨੇ ਦਸਤਕ ਦੇ ਦਿੱਤੀ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 4 ਮਰੀਜ਼ ਹਨ ਜਿਨ੍ਹਾਂ ਵਿਚੋਂ ਇਕ ਕੇਸ ਨਵਾਂ ਸ਼ਹਿਰ ਸਿਵਲ ਹਸਪਤਾਲ ਵਿਚ ਤੇ 3 ਨਿੱਜੀ ਹਸਪਤਾਲ ਵਿਚ ਹਨ। ਉਹਨਾਂ ਕਿਹਾ ਕਿ ਪੀ ਜੀ ਆਈ ਵਿਚ ਸਰਜਨ ਕੋਲੋ ਆਪਣਾ ਇਲਾਜ ਕਰਵਾ ਇਹ ਵਾਪਿਸ ਜ਼ਿਲ੍ਹੇ ਵਿਚ ਆ ਗਏ ਹਨ। ਜਿੰਨਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ 21 ਦਿਨ ਦੇ ਕੋਰਸ ਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਮਰੀਜ਼ਾਂ ਨੂੰ ਅਪੀਲ ਕੀਤੀ ਜਿਨ੍ਹਾਂ ਦਾ ਟੈਸਟ ਕੋਵਿਡ ਪਾਜ਼ੀਟਿਵ ਆਇਆ ਹੈ ਜਾਂ ਜਿਹੜੇ ਹਾਲ ਹੀ ਵਿੱਚ ਕੋਵਿਡ ਤੋਂ ਪੀੜਤ ਰਹੇ ਹਨ ਅਤੇ ਜਿਨ੍ਹਾਂ ਨੂੰ ਸ਼ੂਗਰ ਵੀ ਹੈ, ਉਨ੍ਹਾਂ ਨੂੰ ਸਟਿਰੌਆਇਡ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ। ਜੇਕਰ ਉਨ੍ਹਾਂ ਨੂੰ ਨੱਕ ਬੰਦ, ਨੱਕ ਵਿੱਚੋਂ ਕਾਲੇ ਰੰਗ ਦਾ ਡਿਸਚਾਰਜ ਜਾਂ ਮੂੰਹ ਦੇ ਅੰਦਰ ਰੰਗ ਬਦਲਦਾ ਮਹਿਸੂਸ ਹੁੰਦਾ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਨੂੰ ਬਲੈਕ ਫੰਗਸ ਤੋਂ ਸੁਚੇਤ ਰਹਿਣ ਦੀ ਸਖਤ ਲੋੜ ਹੈ, ਕਿਉਂਕਿ ਕਰੋਨਾ ਮਰੀਜ਼ਾਂ ਲਈ ਬਲੈਕ ਫੰਗਸ ਘਾਤਕ ਸਿੱਧ ਹੋ ਸਕਦੀ ਹੈ। ਬੇਕਾਬੂ ਸ਼ੂਗਰ ਦੇ ਰੋਗੀ, ਘੱਟ ਇਮੀਊਨਿਟੀ ਵਾਲੇ ਵਿਅਕਤੀ, ਸਟੀਰਾਇਡਜ ਜਾਂ ਇਮਿਊਨੋਮੇਡੁਲੇਟਰਾਂ ਨਾਲ ਕੋਵਿਡ-19 ਤੋਂ ਸਿਹਤਯਾਬ ਹੋਏ ਵਿਅਕਤੀ, ਲੰਮਾ ਸਮਾਂ ਆਕਸੀਜਨ ’ਤੇ ਰਹਿਣ ਵਾਲੇ ਮਰੀਜ਼ਾਂ ਨੂੰ ਇਸ ਸੰਕ੍ਰਮਣ ਦਾ ਜ਼ਿਆਦਾ ਖਤਰਾ ਹੈ। ਉਨ੍ਹਾਂ ਨੇ ਦੱਸਿਆ ਕਿ ਬਲੈਕ ਫੰਗਸ ਦਾ ਕੋਈ ਵੀ ਲੱਛਣ ਦਿੱਸਣ ’ਤੇ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਖੇ ਨੱਕ, ਕੰਨ, ਗਲਾ, ਮੈਡੀਸਨ, ਛਾਤੀ ਰੋਗਾਂ ਦੇ ਮਾਹਿਰ ਜਾਂ ਪਲਾਸਟਿਕ ਸਰਜਨ ਨਾਲ ਸੰਪਰਕ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਇਸ ਸੰਕ੍ਰਮਣ ਦਾ ਇਲਾਜ ਹੋ ਸਕੇ।