← ਪਿਛੇ ਪਰਤੋ
ਚੰਡੀਗੜ੍ਹ, 1 ਅਗਸਤ, 2017 : ਪੰਜਾਬ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਨਸ਼ਿਆਂ ਦੇ ਸਬੰਧ ਵਿਚ ਮੀਡੀਆ ਵਿਚ ਛਪੇ ਉਨਾਂ ਦੇ ਬਿਆਨ ਨੂੰ ਮੂਲੋਂ ਰੱਦ ਕੀਤਾ ਹੈ। ਉਨਾਂ ਕਿਹਾ ਕਿ ਉਨਾਂ ਦੇ ਸ਼ਬਦਾਂ ਨੂੰ ਤੋੜਿਆ-ਮਰੋੜਿਆ ਗਿਆ ਹੈ ਅਤੇ ਇਨਾਂ ਨੂੰ ਗੈਰ-ਜ਼ਰੂਰੀ ਨਾਕਾਰਾਤਮਕ ਭਾਵਅਰਥ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿਚ ਧੀਮਾਨ ਨੇ ਕਿਹਾ ਕਿ ਉਨਾਂ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੁਨਾਮ ਵਿਖੇ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਨਸ਼ਿਆਂ ਦਾ ਮੁੱਦਾ ਉਠਾਇਆ ਸੀ ਪਰ ਉਨਾਂ ਦੀ ਟਿੱਪਣੀ ਦੀ ਸੰਦਰਭ ਤੋਂ ਅਲਗ ਕਰਕੇ ਵਿਆਖਿਆ ਕੀਤੀ ਗਈ ਹੈ। ਧੀਮਾਨ ਨੇ ਕਿਹਾ ਕਿ ਉਹ ਸੂਬੇ ਵਿਚ ਨਸ਼ਿਆਂ ਦੀ ਲਾਹਨਤ ਤੋਂ ਚਿੰਤਤ ਹਨ ਅਤੇ ਉਨਾਂ ਨੇ ਇਸ ਨੂੰ ਬਹੁਤ ਵੱਡੀ ਸਮੱਸਿਆ ਦੱਸਿਆ ਹੈ ਜਿਸ ਦੇ ਲਈ ਸਿਆਸੀ ਪਾਰਟੀਆਂ ਸਣੇ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਾਂਝੀ ਕਾਰਵਾਈ ਕੀਤੀ ਜਾਣ ਦੀ ਜ਼ਰੂਰਤ ਹੈ ਤਾਂ ਜੋ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਹ ਸਮੱਸਿਆ ਇੰਨੀ ਵੱਡੀ ਹੈ ਕਿ ਇਕੱਲੀ ਸਰਕਾਰ ਤੋਂ ਇਸ ਦੇ ਹੱਲ ਕੀਤੇ ਜਾਣ ਦੀ ਉਮੀਦ ਰੱਖਣਾ ਤਰਕਸੰਗਤ ਨਹੀਂ ਹੈ। ਉਨਾਂ ਨੇ ਕੱਲ ਸੁਨਾਮ ਵਿਚ ਸਪਸ਼ਟ ਤੌਰ ’ਤੇ ਆਖਿਆ ਸੀ ਕਿ ਇਸ ਮਕਸਦ ਦੇ ਲਈ ਲੋਕਾਂ ਨੂੰ ਸੂਬਾ ਸਰਕਾਰ ਨਾਲ ਕਰੰਘੜੀ ਪਾਉਣੀ ਚਾਹੀਦੀ ਹੈ ਤਾਂ ਜੋ ਸੂਬੇ ਦੇ ਹਰ ਕੋਨੇ ਕੋਨੇ ਤੋਂ ਨਸ਼ਿਆਂ ਦਾ ਸਫਾਇਆ ਕੀਤਾ ਜਾ ਸਕੇ। ਧੀਮਾਨ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੀਡੀਆ ਨੇ ਕਾਹਲੀ ਵਿਚ ਹੀ ਇਸ ਨੂੰ ਖਬਰ ਦਾ ਇੱਕ ਬਹੁਤ ਵੱਡਾ ਨੁਕਤਾ ਬਣਾ ਲਿਆ ਜਿਸ ਦੌਰਾਨ ਮੀਡੀਆ ਨੇ ਕੁਝ ਸ਼ਬਦਾਂ ਫੜ ਕੇੇ ਉਨਾਂ ਨੂੰ ਗਲਤ ਰੰਗਤ ਦੇ ਕੇ ਪੇਸ਼ ਕੀਤਾ ਜਿਸ ਤੋਂ ਇਹ ਅਰਥ ਕੱਢੇ ਗਏ ਕਿ ਮੈਂ ਨਸ਼ਿਆਂ ਵਿਰੋਧੀ ਸਰਕਾਰ ਦੇ ਦਾਅਵਿਆਂ ਨਾਲ ਸਹਿਮਤ ਨਹੀਂ ਹਾਂ। ਧੀਮਾਨ ਨੇ ਕਿਹਾ ਕਿ ਦਰਅਸਲ ਮੁੱਦਾ ਇਹ ਹੈ ਕਿ ਸੂਬਾ ਸਰਕਾਰ ਨੇ ਐਸ.ਟੀ.ਐਫ ਅਤੇ ਪੁਲਿਸ ਦੇ ਰਾਹੀਂ ਨਸ਼ਿਆਂ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਸਫਲਤਾਪੂਰਨ ਕੰਟਰੋਲ ਕੀਤਾ ਹੈ ਜਿਸ ਕਰਕੇ ਹੁਣ ਸੂਬੇ ਦੇ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅੱਗੇ ਆਉਣ ਤਾਂ ਜੋ ਸੂਬੇ ਦੇ ਵਿਚ ਨਸ਼ਿਆਂ ਦੀ ਬਚੀ-ਖੁਚੀ ਰਹਿੰਦ ਖੁੰਹਦ ਨੂੰ ਵੀ ਭਾਲ ਕੇ ਇਨਾਂ ਦੇ ਖਾਤਮੇ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਸਰਕਾਰ ਨੂੰ ਸਮੱਸਿਆ ਦੀ ਜੜ ਤੱਕ ਜਾਣ ਲਈ ਸਾਰੀਆਂ ਅੱਖਾਂ ਅਤੇ ਕੰਨਾਂ ਦੀ ਜ਼ਰੂਰਤ ਹੈ ਜਿਸ ਕਰਕੇ ਇਹ ਬਹੁਤ ਅਹਿਮ ਹੈ ਕਿ ਅਸੀਂ ਸਾਰੇ ਕਰੰਘੜੀ ਪਾ ਕੇ ਨਸ਼ਿਆਂ ਦੀ ਲਾਹਨਤ ਵਿਰੁੱਧ ਲੜੀਏ।
Total Responses : 267