ਨਿਰੰਕਾਰੀ ਡੇਰਾ ਧਮਾਕਾ : ਸਿੱਖ ਕਾਰਕੁਨਾਂ ਦੇ ਘਰੀਂ ਪੁਲਿਸ ਦੇ ਛਾਪੇ
ਅੰਮ੍ਰਿਤਸਰ, 20 ਨਵੰਬਰ 2018 - ਰਾਜਾਸਾਂਸੀ ਦੇ ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਦਲ ਖਾਲਸਾ, ਸਤਿਕਾਰ ਕਮੇਟੀ ਅਤੇ ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨਾਂ ਨੂੰ ਸੰਮਣ ਕੀਤਾ ਜਾ ਰਿਹਾ ਹੈ। ਇਸ ਬਾਰੇ ਦੱਸਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਪੁਲਿਸ ਵੱਲੋਂ ਅੰਮ੍ਰਿਤਸਰ ਬੰਬ ਧਮਾਕੇ ਤੋਂ ਬਾਅਦ ਵੱਖ ਵੱਖ ਸਿੱਖਾਂ ਨੂੰ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਯੂਥ ਆਫ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਮੰਡ ਦੇ ਘਰ ਪੁਲਿਸ ਵੱਲੋਂ ਰੇਡ ਕੀਤੀ ਗਈ, ਪਰਮਜੀਤ ਸਿੰਘ ਮੰਡ ਹੁਸ਼ਿਆਰਪੁਰ ਗਏ ਹੋਏ ਸਨ ਤੇ ਪੁਲਿਸ ਉਨ੍ਹਾਂ ਦੇ ਪਿੱਛੇ ਗਈ ਤੇ ਉਥੋਂ ਵੀ ਮੰਡ ਨਾ ਮਿਲੁ। ਉਨ੍ਹਾਂ ਆਖਿਆ ਕਿ ਇਹ ਹੀ ਨਹੀਂ, ਪੁਲਿਸ ਨੇ ਦਲ ਖਾਲਸਾ ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਗੁਰਜੰਟ ਸਿੰਘ ਦੇ ਘਰ ਰੇਡ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਥਾਣੇ ਵਿਚ ਰੱਖਿਆ। ਉਨ੍ਹਾਂ ਕਿਹਾ ਕਿ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ , ਉਨ੍ਹਾਂ ਤੋਂ ਕੋਈ ਵੀ ਪੁੱਛਗਿੱਛ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਦੇ 2-4 ਨੌਜਵਾਨਾਂ ਨੂੰ ਧਮਾਕੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
ਦਲ ਖ਼ਾਲਸਾ ਦੇ ਬੁਲਾਰੇ ਕੰਵਰ ਪਲ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਬਿਨਾਂ ਸਬੂਤਾਂ ਇਸ ਧਮਾਕੇ ਨਾਲ ਜੋੜਿਆ ਜਾ ਰਿਹਾ ਹੈ। ਗੈਰ ਕਾਨੂੰਨ ਤਰੀਕੇ ਨਾਲ ਜ਼ੁਬਾਨੀ ਸੰਮਨ ਕੀਤੇ ਜਾ ਰਹੇ ਹਨ। ਪੁਲੀਸ ਨੌਜਵਾਨਾਂ ਨੂੰ ਗ਼ਲਤ ਪਾਸੇ ਧੱਕ ਰਹੀ ਹੈ। ਉਨ੍ਹਾਂ ਦੀ ਜਥੇਬੰਦੀ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਬੰਬ ਧਮਾਕੇ ਦੀ ਆਲੋਚਨਾ ਕਰਦੇ ਹਾਂ। ਜਦੋਂ ਪੁਲਿਸ ਕੋਲ ਸਹੀ ਸਬੂਤ ਹੋਣ ਓਦੋਂ ਕਾਨੂੰਨੀ ਤਰੀਕੇ ਨਾਲ ਸੰਮਨ ਕਰੇ। ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਜੋ ਵੀ ਇਸ 'ਚ ਜਾਂਚ ਕਰ ਰਹੇ ਨੇ, ਉਹ ਇਸ ਮੁੱਦੇ ਨੂੰ 1978 ਸਿੱਖ ਨਿਰੰਕਾਰੀ ਟਕਰਾਅ ਨੂੰ ਸਾਈਡ 'ਤੇ ਰੱਖ ਕੇ ਜਾਂਚ ਕਰਨ। ਕਿਉਂਕਿ ਇੰਨੇ ਸਾਲ ਬਾਅਦ ਹੁਣ ਹੀ ਕਿਉਂ ਇਸ ਮੁੱਦੇ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਲੋਕ ਕਹਿ ਰਹੇ ਨੇ ਕਿ ਚੋਣਾਂ ਆਉਣ ਵਾਲੀਆਂ ਹਨ ਤੇ ਜਿਵੇਂ ਆਰਮੀ ਚੀਫ ਦਾ ਬਿਆਨ, ਇੰਨ੍ਹਾਂ ਸਾਰੇ ਮਾਮਲਿਆਂ ਦੀ ਪੜਤਾਲ ਕਰ ਕੇ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਧਮਾਕੇ ਤੋਂ ਬਾਅਦ ਸਿੱਖ ਜਥੇਬੰਦੀਆਂ ਨੂੰ ਸੰਮਣ ਕਰਨਾ ਚਾਹੁੰਦੀ ਹੈ ਤਾਂ ਕਾਨੂੰਨੀ ਤੌਰ 'ਤੇ ਕਰਨ ਨਾ ਕਿ ਕਿਸੇ ਦੇ ਘਰ ਰੇਡ ਕਰ ਕੇ ਗ੍ਰਿਫਤਾਰੀਆਂ ਕਰਨੀਆਂ ਚਾਹੀਦੀਆਂ ਹਨ।