ਚੰਡੀਗੜ੍ਹ, 6 ਨਵੰਬਰ 2019 - ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਦੀ ਅਗਵਾਈ ਵਿੱਚ ਪਿਛਲੇ ਇਜਲਾਸ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀਆਂ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਸਮੇਤ ਵਿਛੜ ਚੁੱਕੀਆਂ ਉੱਘੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ 15ਵੀਂ ਵਿਧਾਨ ਸਭਾ ਦੇ 9ਵੇਂ ਵਿਸ਼ੇਸ਼ ਇਜਲਾਸ ਵਿੱਚ ਸਦਮ ਦੇ ਮੁੜ ਜੁੜਨ ਸਮੇਂ ਇਨ੍ਹਾਂ ਨੇਤਾਵਾਂ ਨੂੰ ਯਾਦ ਕੀਤਾ ਗਿਆ।
ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਪਿਛਲੇ ਸੈਸ਼ਨ ਤੋਂ ਬਾਅਦ ਗੁਜ਼ਰ ਚੁੱਕੇ ਸਾਰੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਦਨ ਵੱਲੋਂ 16 ਪ੍ਰਸਿੱਧ ਹਸਤੀਆਂ ਨੂੰ ਯਾਦ ਕਰਨ ਉਪਰੰਤ ਸਪੀਕਰ ਸਾਹਿਬ ਨੇ ਵਿਛੜੀਆਂ ਰੂਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਮਤਾ ਪਾਸ ਕੀਤਾ। ਇਹ ਮਤਾ ਜ਼ੁਬਾਨੀ ਵੋਟਾਂ ਰਾਹੀਂ ਪਾਸ ਕੀਤਾ ਗਿਆ।
ਸ੍ਰੀ ਜੇਤਲੀ ਤੇ ਸ਼ੁਸ਼ਮਾ ਸਵਰਾਜ ਤੋਂ ਇਲਾਵਾ ਹਾਊਸ ਨੇ ਮੁਕੇਰੀਆਂ ਦੇ ਵਿਧਾਇਕ ਰਜਨੀਸ਼ ਕੁਮਾਰ ਬੱਬੀ, ਸਾਬਕਾ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਲਿਬੜਾ, ਸਾਬਕਾ ਸੰਸਦੀ ਸਕੱਤਰ ਸੁਰਿੰਦਰ ਸਿੰਘ ਧੂਰੀ ਦੇ ਨਾਲ ਪੰਜਾਬ ਭਾਜਪਾ ਦੇ ਸਾਬਕਾ ਪਾਰਟੀ ਪ੍ਰਧਾਨ ਕਮਲ ਸ਼ਰਮਾ, ਆਜ਼ਾਦੀ ਘੁਲਾਟੀਏ ਮੁਖਤਿਆਰ ਸਿੰਘ, ਸੀਤਾ ਸਿੰਘ, ਗੁਰਦਿਆਲ ਸਿੰਘ, ਮੁਨਸ਼ਾ ਸਿੰਘ ਅਤੇ ਨਿਰਮਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਤੋਂ ਇਲਾਵਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਬੇਨਤੀ 'ਤੇ ਆਜ਼ਾਦੀ ਘੁਲਾਟੀਆਂ ਜੀਵਨ ਸਿੰਘ ਅਤੇ ਹਰੀਕ੍ਰਿਸ਼ਨ ਨੂੰ ਵੀ ਸ਼ਰਧਾਂਜਲੀ ਦਿੱਤੀ।
ਸਦਨ ਨੇ ਪੰਜਾਬ ਕਾਡਰ ਦੇ ਸਾਬਕਾ ਆਈ.ਏ.ਐਸ ਅਫਸਰ ਪਦਮ ਸ੍ਰੀ ਸਰਬਜੀਤ ਸਿੰਘ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਡਾ. ਹਰਭਜਨ ਸਿੰਘ ਦਿਓਲ ਨੂੰ ਵੀ ਯਾਦ ਕੀਤਾ। ਇਸ ਦੇ ਨਾਲ ਸਪੀਕਰ ਵੱਲੋਂ ਹਲਕਾ ਸਨਾਮ ਦੇ ਵਿਧਾਇਕ ਅਮਨ ਅਰੋੜਾ ਦੇ ਭਰਾ ਕਮਲ ਅਰੋੜਾ ਲਈ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਕਹਿਣ 'ਤੇ ਵਿਧਾਨ ਸਭਾ ਸਪੀਕਰ ਨੇ 4 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਸ਼ਿੰਗਾਰਾ ਸਿੰਘ ਲੋਹੀਆਂ ਦਾ ਨਾਮ ਵੀ ਸ਼ਾਮਲ ਕਰਨ ਲਈ ਸਹਿਮਤੀ ਦੇ ਦਿੱਤੀ।