ਸ਼ੁਭ ਸਵੇਰ ਨਹੀਂ,
ਅੱਜ ਬੇਹੱਦ ਉਦਾਸ ਹੈ ਪ੍ਰਭਾਤ।
ਫਿਰ ਪੈ ਗਈ ਕਾਲ ਕਲੂਟੀ ਰਾਤ।
ਫ਼ਤਿਹਬੀਰ ਬੱਚਿਆ!
ਅਸੀਂ ਹਾਰੀ ਹੋਈ ਲੜਾਈ ਖੇਡੀ
ਪਰ ਮੰਨਦੇ ਨਹੀਂ ਸਾਂ।
ਟੋਟਕਿਆਂ, ਟੂਣੇ ਟਾਮਣਾਂ ਵਾਲੇ
ਦੇਸ ਵਿੱਚ ਥਾਂ ਥਾਂ ਟੋਏ
ਕਿਹੜਾ ਕਿਸਨੂੰ ਕਿੱਥੇ ਬਹਿ ਕੇ ਰੋਏ?
ਪੂਰਾ ਮੁਲਕ ਹੀ ਫ਼ਤਹਿਬੀਰ ਜਿਹਾ
ਟੋਏ ਚ ਡਿੱਗਿਆ।
ਹਵਨ ਯੱਗ, ਪਾਠ , ਅਰਦਾਸ
ਨਿਮਾਜ਼ਾਂ ਤੇ ਹੋਰ ਬਹੁਤ ਕੁਝ
ਸੰਚਾਰ ਤੰਤਰ ਦੀ ਤਮਾਸ਼ਬੀਨੀ
ਕ੍ਰਿਸ਼ਨ ਚੰਦਰ ਦੀ ਲਿਖੀ ਕਹਾਣੀ
ਟੋਆ ਚੇਤੇ ਆ ਗਈ ਹੈ।
ਮੁਲਕ ਟੋਏ ਚ ਪਿਆ ਹੈ
ਕੱਢਣ ਵਾਲੇ
ਗੈਬੀ ਸ਼ਕਤੀ ਉਡੀਕ ਰਹੇ।
ਡਿਜੀਟਲ ਇੰਡੀਆ ਦੇ ਰਾਮ ਰੌਲੇ ਵਿੱਚ
ਸਮੁੰਦਰ ਅੰਦਰ
ਸੁਰਾਖ਼ ਕਰਦੀਆਂ ਮਸ਼ੀਨਾਂ
ਉਡੀਕਦੇ ਰਹੇ ਭੋਲੇ ਪੰਛੀ।
ਵਿਗਿਆਨ ਪਿੱਟਦਾ ਰਿਹਾ
ਤਿੰਨ ਮਿੰਟ ਆਕਸੀਜਨ ਬਿਨਾ
ਤਿੰਨ ਦਿਨ ਜਲ ਪਾਣੀ ਬਿਨਾ
ਬੰਦਾ ਮਿੱਟੀ ਹੋ ਜਾਂਦਾ
ਪਰ ਅਸੀਂ ਮਿੱਟੀ ਪੁੱਟੀ ਗਏ
ਗੁਆਚੇ ਲਾਲ ਨੂੰ ਲੱਭਣ ਲਈ।
ਪਰ ਤੂੰ ਇਸ ਨਕੰਮੇ ਨਿਜ਼ਾਮ ਦੀ
ਮਿੱਟੀ ਪੁੱਟ ਗਿਆ ਫ਼ਤਹਿਬੀਰ
ਵਕਤ ਝਾਕਦਾ ਰਹਿ ਗਿਆ।
ਤੂੰ ਆਪ ਭਾਵੇਂ ਤੁਰ ਗਿਆ
ਪਰ ਵੱਡੇ ਸਵਾਲ ਖੜ੍ਹੇ ਕਰ ਗਿਆ।
ਸੱਚੀਂ ਇਹ ਮੁਲਕ
ਇੱਕੀਵੀਂ ਸਦੀ ਚ ਵੀ
ਰੱਬ ਆਸਰੇ ਚੱਲ ਰਿਹਾ।
ਫ਼ਤਹਿਬੀਰ!
ਸਵਾਲ ਖੜ੍ਹਾ ਕਰਨ ਲਈ ਸ਼ੁਕਰੀਆ।
ਤੇਰੇ ਕਤਲ ਵਿੱਚ
ਪੂਰਾ ਮਹਾਨ ਭਾਰਤ
ਮਾਪਿਆਂ ਸਣੇ ਸਭ ਸ਼ਾਮਿਲ ਹਾਂ
ਜੋ ਸਿਰਫ਼
ਚੁੰਮਣਾ ਚੱਟਣਾ ਜਾਣਦੇ ਹਾਂ
ਸੰਭਾਲਣਾ ਨਹੀਂ।
ਅਲਵਿਦਾ ਨਹੀਂ ਬੱਚਿਆ!
ਤੂੰ ਸ਼ੀਸ਼ਾ ਵਿਖਾਇਆ ਹੈ
ਤੇ ਸਮਝਾਇਆ ਹੈ
ਤੁਸੀਂ ਵੀ ਇਸੇ ਟੋਏ ਚ ਮਰੋਗੇ
ਜਾਗਣ ਦੀ ਥਾਂ
ਜੇ ਨੀਂਦ ਪਿਆਰੀ ਕਰੋਗੇ।
ਗੁਰਭਜਨ ਗਿੱਲ
11 ਜੂਨ, 2019