ਰਣਜੀਤ ਸਿੰਘ ਬ੍ਰਹਮਪੁਰਾ
ਅਕਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਬ੍ਰਹਮਪੁਰਾ ਨੇ ਸਾਰੇ ਪਾਰਟੀ ਅਹੁਦਿਆਂ ਤੋਂ ਦਿੱਤਾ ਅਸਤੀਫਾ
ਅੰਮ੍ਰਿਤਸਰ, 23 ਅਕਤੂਬਰ 2018 - ਅਕਾਲੀ ਦਲ 'ਚ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਨੇ ਅੰਦਰੂਨੀ ਸਿਆਸਤ ਨੂੰ ਗਰਮਾ ਦਿੱਤਾ ਸੀ ਤੇ ਹਾਲੇ ਇਹ ਸਿਆਸਤ ਠੰਡੀ ਨਹੀਂ ਪਈ ਸੀ ਕਿ ਇੱਕ ਹੋਰ ਸੀਨੀਅਰ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਉਹ ਰਾਜਨੀਤੀ ਵਿਚ ਸਰਗਰਮ ਰਹਿਣਗੇ ਅਤੇ ਪਾਰਟੀ ਵਿਚ ਇਕ ਮੈਂਬਰ ਦੇ ਰੂਪ ਵਿਚ ਕੰਮ ਕਰਨਗੇ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਅਗਲੀਆਂ ਲੋਕ ਸਭਾ ਚੋਣਾਂ ਲੜਨਗੇ ਵੀ ਨਹੀਂ। ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਵੀ ਸਨ।
ਬ੍ਰਹਮਪੁਰਾ ਦੇ ਅਸਤੀਫੇ 'ਤੇ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਆਖਿਆ ਕਿ ਬ੍ਰਹਮਪੁਰਾ ਦਾ ਇਸ ਤਰ੍ਹਾਂ ਅਸਤੀਫਾ ਦੇ ਜਾਣਾ ਪਾਰਟੀ ਲਈ ਬਹੁਤ ਹੀ ਗਲਤ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸ. ਬ੍ਰਹਮਪੁਰਾ ਨੇ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੱਤਾ ਹੋਵੇ, ਪਰ ਅਸਤੀਫੇ ਦਾ ਕਾਰਨ ਇਕੱਲੀ ਸਿਹਤ ਖਰਾਬ ਹੋਣਾ ਹੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਸਤੀਫੇ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ। ਸੇਖਵਾਂ ਨੇ ਕਿਹਾ ਕਿ ਬ੍ਰਹਮਪੁਰਾ ਦਾ ਅਸਤੀਫਾ ਪਾਰਟੀ ਲਈ ਵੱਡਾ ਘਾਟਾ ਸਾਬਿਤ ਹੋ ਸਕਦਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਦੇ ਦੋ ਥੰਮ੍ਹ ਸਨ ਤੇ ਪਹਿਲਾਂ ਢੀਂਡਸਾ ਦਾ ਅਸਤੀਫਾ ਤੇ ਹੁਣ ਬ੍ਰਹਮਪੁਰਾ ਦਾ ਅਸਤੀਫਾ ਪਾਰਟੀ ਲਈ ਚੰਗੇ ਦਿਨਾਂ ਦਾ ਅੰਦੇਸ਼ਾ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਅਸਤੀਫਿਆਂ ਨੂੰ ਪਾਰਟੀ ਮੋਹਰੀਆਂ ਲਈ ਬਹੁਤ ਹੀ ਵਿਚਾਰਨ ਵਾਲਾ ਮੁੱਦਾ ਹੈ।
ਵੇਰਵੇ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :