ਪਰਕਾਸ਼ ਪੁਰਬ ਦੇ ਪਾਵਨ ਮੌਕੇ ਉੱਤੇ ਸਾਰਿਆਂ ਨੂੰ ਝਗੜੇ ਅਤੇ ਚਿੱਕੜਬਾਜ਼ੀ ਬੰਦ ਕਰਨ ਦੀ ਅਪੀਲ
ਕਿਹਾ ਕਿ ਓਪਰੀ ਤਰੱਕੀ ਗਰੀਬੀ, ਅਨਪੜ੍ਹਤਾ ਅਤੇ ਕਿਸਾਨੀ ਸੰਕਟ ਦਾ ਹੱਲ ਨਹੀਂ
ਵਾਤਾਵਰਣ ਬਚਾਉਣ ਲਈ ਰਾਸ਼ਟਰੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ
ਚੰਡੀਗੜ੍ਹ 06 ਨਵੰਬਰ 2019: ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਦੇਸ਼ ਨੂੰ ਦਰਪੇਸ਼ ਸਮਾਜਿਕ, ਧਾਰਮਿਕ ਅਤੇ ਸਿਆਸੀ ਕਲੇਸ਼ ਮਿਟਾਉਣ ਲਈ ਦਇਆ, ਸਹਿਮਤੀ ਅਤੇ ਸਮਝੌਤੇ ਵਾਲੀ ਰਾਜਨੀਤੀ ਉੱਤੇ ਆਧਾਰਿਤ ਇੱਕ ਸੱਭਿਅਕ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਇੱਕ ਅਜਿਹੀ ਰਾਜਨੀਤੀ ਦੀ ਲੋੜ ਹੈ, ਜਿਹੜੀ ਦੇਸ਼ ਅੰਦਰ ਲੋਕਾਂ ਅਤੇ ਸਰਕਾਰਾਂ ਨੂੰ ਦਰਪੇਸ਼ ਵੱਡੇ ਝਗੜਿਆਂ ਅਤੇ ਸਮੱਿਸਆਵਾਂ ਉਤੇ ਰਾਸ਼ਟਰੀ ਸਹਿਮਤੀ ਬਣਾਉਣ ਲਈ ਸਮਾਜਿਕ ਇਕਸੁਰਤਾ ਅਤੇ ਭਾਈਚਾਰਕ ਸਾਂਝ ਵਿਚ ਯਕੀਨ ਰੱਖਦੀ ਹੋਵੇ।
ਉਹ ਅੱਜ ਦੁਪਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਰੱਖੇ ਗਏ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਵਿਧਾਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਨੌਜਵਾਨਾਂ ਵਿਚ ਸਾਡੇ ਵਿਰਸੇ ਅਤੇ ਸੱਭਿਆਚਾਰ ਪ੍ਰਤੀ ਜਾਗਰੂਕਤਾ ਲਿਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਸੀੰ ਆਉਣ ਵਾਲੇ ਸਮੇਂ ਵਿਚ ਜੜ੍ਹਾਂ ਤੋਂ ਸੱਖਣੇ ਲੋਕਾਂ ਦੀਆਂ ਪੀੜ੍ਹੀਆਂ ਪੈਦਾ ਕਰਾਂਗੇ।
ਸਰਦਾਰ ਬਾਦਲ ਨੇ ਮਹਾਨ ਗੁਰੂ ਸਾਹਿਬ ਦੇ ਧਰਮ ਨਿਰਪੱਖਤਾ ਵਾਲੇ ਸੁਨੇਹੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਹਿਣਸ਼ੀਲਤਾ ਅਤੇ ਧਰਮ ਨਿਰਪੱਖਤਾ ਸਾਨੂੰ ਵਿਰਸੇ ਵਿਚੋਂ ਮਿਲੀਆਂ ਹਨ, ਦੇਸ਼ ਦੀ ਮਜ਼ਬੂਤੀ ਅਤੇ ਝਗੜਿਆਂ ਦੇ ਹੱਲ ਲਈ ਜਿਹਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਾਡੇ ਮਹਾਨ ਗੁਰੂ ਸਾਹਿਬ ਨੂੰ ਇਹ ਸਾਡੀ ਸਭ ਤੋਂ ਵੱਡੀ ਸ਼ਰਧਾਂਜ਼ਲੀ ਹੋਵੇਗੀ, ਜਿਹਨਾਂ ਨੇ ਸਾਰੀ ਜ਼ਿੰਦਗੀ ਸਾਨੂੰ ਪਿਆਰ, ਦਇਆ,ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਸਿੱਖਿਆ ਦਿੱਤੀ ਸੀ। ਉਹਨਾਂ ਕਿਹਾ ਕਿ ਜਬਰ, ਬਦਲੇਖੋਰੀ ਅਤੇ ਤਾਕਤ ਦੀ ਵਰਤੋਂ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹਨ।
ਸਾਬਕਾ ਮੁੱਖ ਮੰਤਰੀ ਨੇ ਵਾਤਾਵਰਣ ਨੂੰ ਬਚਾਉਣ ਲਈ ਇੱਕ ਰਾਸ਼ਟਰੀ ਮੁਹਿੰਮ ਖੜ੍ਹੀ ਕਰਨ ਦਾ ਸੱਦਾ ਦਿੱਤਾ। ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਾਤਾਵਰਣ ਨੂੰ ਪਲੀਤ ਕਰਨਾ ਸਾਡੇ ਲਈ ਆਪਣੇ ਮਾਤਾ, ਪਿਤਾ ਅਤੇ ਗੁਰੂ ਨੂੰ ਮਾਰਨ ਦੇ ਸਮਾਨ ਹੈ।
ਮੌਜੂਦਾ ਸਮੇਂ ਸਦਨ ਦੇ ਮੈਂਬਰ ਸਰਦਾਰ ਬਾਦਲ ਜੋ ਕਿ 1966 ਵਿਚ ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਅਤੇ ਬਾਅਦ ਵਿਚ ਵਿਧਾਇਕ ਰਹਿ ਚੁੱਕੇ ਹਨ, ਨੇ ਇੱਕ ਪ੍ਰੌੜ ਸਿਆਸਦਾਨ ਵਜੋਂ ਸਰਕਾਰੀ ਅਤੇ ਵਿਰੋਧੀ ਧਿਰਾਂ ਨੂੰ ਟਕਰਾਅ, ਆਪਸੀ ਝਗੜੇ ਅਤੇ ਚਿੱਕੜਬਾਜ਼ੀ ਦੀ ਸਿਆਸਤ ਤਿਆਗਣ ਦਾ ਮਸ਼ਵਰਾ ਦਿੱਤਾ। ਉਹਨਾਂ ਕਿਹਾ ਕਿ ਮੇਰਾ ਲੰਬਾ ਤਜਰਬਾ ਮੈਨੂੰ ਇਹੀ ਦੱਸਦਾ ਹੈ ਕਿ ਅਸੱਭਿਅਕ ਢੰਗ ਨਾਲ ਪੇਸ਼ ਆਉਣ ਤੋਂ ਇਲਾਵਾ ਅਜਿਹੇ ਹਥਕੰਡੇ ਬਹੁਤੀ ਦੇਰ ਤਕ ਸਿਆਸੀ ਲਾਭ ਨਹੀਂ ਪਹੁੰਚਾਉਂਦੇ।
ਉਹਨਾਂ ਨੇ ਜਨਤਾ ਪਾਰਟੀ ਸਰਕਾਰ ਦੀ ਮਿਸਾਲ ਦਿੱਤੀ, ਜਿਹੜੀ ਕਿ ਐਮਰਜੰਸੀ ਤੋਂ ਬਾਅਦ ਚੋਣਾਂ 'ਚ ਬੁਰੀ ਤਰ੍ਹਾਂ ਹਾਰੀ ਇੰਦਰਾ ਗਾਂਧੀ ਦੇ ਪਿੱਛੇ ਹੀ ਪੈ ਗਈ ਸੀ। ਉਹਨਾਂ ਕਿਹਾ ਕਿ ਪੰਜਾਬ ਸਾਡਾ ਸਾਰਿਆਂ ਦਾ ਹੈ। ਇਸ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲਾਂ ਲਈ ਅਸੀਂ ਸਾਂਝੇ ਤੌਰ ਤੇ ਜ਼ਿੰਮੇਵਾਰ ਹਾਂ ਅਤੇ ਸਾਨੂੰ ਇਕੱਠੇ ਮਿਲ ਕੇ ਸੂਬੇ ਦੀਆਂ ਸਮੱਿਸਆਵਾਂ ਦੇ ਹੱਲ ਲੱਭਣੇ ਚਾਹੀਦੇ ਹਨ।
ਸਰਦਾਰ ਬਾਦਲ ਨੇ ਰਾਸ਼ਟਰੀ ਅਤੇ ਸੁਬਾਈ ਪਹਿਲਤਾਵਾਂ ਨੂੰ ਓਪਰੀ ਤਰੱਕੀ ਤੋਂ ਹਟਾ ਕੇ ਦੇਸ਼ ਦੀਆਂ ਸਭ ਤੋਂ ਵੱਡੀਆਂ ਸਮੱਿਸਆਵਾਂ ਗਰੀਬੀ, ਅਨਪੜ੍ਹਤਾ ਅਤੇ ਕਿਸਾਨੀ ਸੰਕਟ ਉੱਤੇ ਫੋਕਸ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਗਰੀਬੀ ਅਤੇ ਅਨਪੜ੍ਹਤਾ ਇੱਕ ਦੂਜੇ ਦੀ ਪਰਵਰਿਸ਼ ਕਰਦੀਆਂ ਹਨ। ਸਿੱਖਿਆ ਹਰ ਕਿਸਮ ਦੀ ਤਰੱਕੀ ਦੀ ਕੁੰਜੀ ਹੈ। ਉਹਨਾਂ ਕਿਹਾ ਕਿ ਜੇਕਰ ਦੇਸ਼ ਦੇ 80 ਫੀਸਦੀ ਬੱਚਿਆਂ ਦੀ ਚੰਗੀ ਸਿੱਖਿਆ ਤਕ ਪਹੁੰਚ ਨਹੀਂ ਹੈ ਤਾਂ ਦੇਸ਼ ਕਿਵੇਂ ਤਰੱਕੀ ਕਰ ਸਕਦਾ ਹੈ?
ਉਹਨਾਂ ਕਿਹਾ ਕਿ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮੁਫਤ ਦਿੱਤੇ ਜਾਣ ਦੀ ਸਖ਼ਤ ਲੋੜ ਹੈ ਤਾਂ ਕਿ ਉਹ ਸਿਰਫ ਸ਼ਹਿਰੀ ਬੱਚਿਆਂ ਨਾਲ ਹੀ ਨਹੀਂ, ਸਗੋਂ ਪੂਰੀ ਦੁਨੀਆਂ ਦੇ ਬੱਚਿਆਂ ਨਾਲ ਮੁਕਾਬਲਾ ਕਰ ਸਕਣ। ਉਹ ਅਫਸੋਸ ਜਤਾਉਂਦਿਆਂ ਕਿਹਾ ਕਿ ਉਹ ਵੱਲੋਂ ਸ਼ੁਰੂ ਕੀਤੇ ਮੁਫ਼ਤ ਚੰਗੀ ਸਿੱਖਿਆ ਦੇਣ ਵਾਲੇ ਸਕੂਲਾਂ ਨੂੰ ਮੌਜੂਦਾ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਇਹ ਸਕੂਲ ਦੁਬਾਰਾ ਖੋਲ੍ਹਣ ਦੀ ਬੇਨਤੀ ਕੀਤੀ।
ਨੀਤੀ ਘਾੜਿਆਂ ਦੀ ਕਿਸਾਨਾਂ ਪ੍ਰਤੀ ਪੱਖਪਾਤੀ ਪਹੁੰਚ ਦੀ ਨਿਖੇਧੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨ ਇਸ ਦੇਸ਼ ਦੇ ਪ੍ਰਬੰਧ ਤੋਂ ਬੇਹੱਦ ਨਿਰਾਸ਼ ਹਨ। ਅਮੀਰ ਲੋਕੀ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਮੋੜਣ ਤੋਂ ਮੁਕਰ ਜਾਂਦੇ ਹਨ ਅਤੇ ਉਹਨਾਂ ਦੇ ਕਰਜ਼ੇ ਮੁਆਫ ਹੋ ਜਾਂਦੇ ਹਨ । ਪਰ ਕਿਸਾਨ ਅਤੇ ਦੂਜੇ ਗਰੀਬ ਇੱਕ ਮੱਝ ਲੈਣ ਦੀ ਕਰਜ਼ਾ ਹਾਸਿਲ ਨਹੀਂ ਕਰ ਸਕਦੇ। ਸਾਨੂੰ ਸਮਾਜਿਕ, ਆਰਥਿਕ ਬਰਾਬਰੀ ਅਤੇ ਨਿਆਂ ਲਈ ਯਤਨਸ਼ੀਲ ਹੋਣ ਦੀ ਲੋੜ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਲਖਬੀਰ ਸਿੰਘ ਲੋਧੀਨੰਗਲ, ਮਨਪ੍ਰੀਤ ਸਿੰਘ ਇਆਲੀ, ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ, ਐਨਕੇ ਸ਼ਰਮਾ, ਦਿਲਰਾਜ ਸਿੰਘ ਭੂੰਦੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੰਵਰਜੀਤ ਸਿੰਘ ਬਰਕੰਦੀ, ਡਾਕਟਰ ਸੁਖਵਿੰਦਰ ਕੁਮਾਰ ਅਤੇ ਸ੍ਰੀ ਬਲਦੇਵ ਸਿੰਘ ਖਹਿਰਾ ਹਾਜ਼ਿਰ ਸਨ।