- ਮੌਜੂਦਾ ਚੋਣਾਂ ਵਿਚ ਸਰਕਾਰਾਂ ਦੇ ਤਖਤਾਂ ਦਾ ਸਹਾਰਾ ਲੈਣ ਵਾਲਿਆਂ ਦੀ ਕਰਾਰੀ ਹੋਵੇਗੀ : ਸਿਰਸਾ
ਨਵੀਂ ਦਿੱਲੀ, 14 ਅਪ੍ਰੈਲ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਇਥੇ ਚੋਣ ਦਫਤਰ ਦਾ ਉਦਘਾਟਨ ਸੰਗਤਾਂ ਦੀ ਹਾਜ਼ਰੀ ਵਿਚ ਕੀਤਾ।
ਇਸ ਮੌਕੇ ਹਾਜ਼ਰ ਸੰਗਤਾਂ ਨੁੰ ਸੰਬੋਧਨ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੌਜੂਦਾ ਚੋਣਾਂ ਸਰਕਾਰਾਂ ਦੇ ਤਖ਼ਤਾਂ ’ਤੇ ਨਤਮਸਤਕ ਹੋਣ ਵਾਲਿਆਂ ਅਤੇ ਗੁਰੂ ਦੇ ਤਖ਼ਤਾਂ ਅੱਗੇ ਸਿਜਦਾ ਕਰਨ ਵਾਲਿਆਂ ਦਰਮਿਆਨ ਮੁਕਾਬਲੇ ਦੀਆਂ ਚੋਣਾਂ ਵਿਚ ਜਿਸ ਵਿਚ ਸਰਕਾਰਾਂ ਦੇ ਤਖਤਾਂ ’ਤੇ ਵਿਸ਼ਵਾਸ ਕਰਨ ਵਾਲਿਆਂ ਦੀ ਗੁਰੂ ਦੇ ਤਖ਼ਤ ’ਤੇ ਵਿਸ਼ਵਾਸ ਰੱਖਣ ਵਾਲਿਆਂ ਹੱਥੋਂ ਕਰਾਰੀ ਹਾਰ ਹੋਵੇਗੀ। ਉਹਨਾਂ ਕਿਹਾ ਕਿ ਮੌਜੂਦਾ ਚੋਣਾਂ ਵਿਚ ਜਿਸ ਤਰੀਕੇ ਵਿਰੋਧੀਆਂ ਨੇ ਸਾਨੁੰ ਚੋਣਾਂ ਲੜਨ ਤੋਂ ਰੋਕਣ ਲਈ ਸਰਕਾਰਾਂ ਤੇ ਤਖਤਾਂ ਦਾ ਆਸਰਾ ਲਿਆ ਤੇ ਕਰਾਰੀ ਹਾਰ ਦਾ ਸਾਹਮਣਾ ਕੀਤਾ, ਉਹ ਸਭ ਸੰਗਤ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਸਾਡੇ ਵਿਰੋਧੀ ਸਰਕਾਰਾਂ ਤੇ ਤਰਲੇ ਕੱਢ ਰਹੇ ਸਨ ਕਿ ਅਸੀਂ ਤਾਂ ਹੀ ਜਿੱਤ ਸਕਦੇ ਹਾਂ ਜੇਕਰ ਅਕਾਲੀ ਦਲ ਦੀ ਟੀਮ ਜੋ ਕਿ ਦਿੱਲੀ ਗੁਰਦੁਆਰਾ ਕਮੇਟੀ ਵਿਚ ਸੇਵਾਵਾਂ ਦੇ ਰਹੀ ਹੈ, ਚੋਣਾਂ ਨਾ ਲੜੇ ਤੇ ਇਸੇ ਲਈ ਵੱਡੀ ਪੱਧਰ ’ਤੇ ਸਾਜ਼ਿਸ਼ਾਂ ਵੀ ਘੜੀਆਂ ਗਈਆਂ ਜੋ ਸਾਰੀਆਂ ਮੂਧੇ ਮੂੰਹ ਡਿੱਗੀਆਂ।
ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼ ਸਦਕਾ ਇਸ ਵਾਰ ਦੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਹੰੂਝਾ ਫੇਰ ਜਿੱਤ ਹੋਵੇਗੀ ਤੇ ਵਿਰੋਧੀਆਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋਣਗੀਆਂ। ਉਹਨਾਂ ਕਿਹਾ ਕਿ ਸੰਗਤ ਨੇ ਵੇਖਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਨੇ ਕੋਰੋਨਾ ਕਾਲ ਵੇਲੇ ਲੰਗਰ ਤੇ ਹੋਰ ਸੇਵਾਵਾਂ ਤੋਂ ਲੈ ਕੇ ਨਜਾਇਜ਼ ਫੜੇ ਕਿਸਾਨਾਂ ਦੇ ਕੇਸ ਲੜ ਕੇ ਕਿਵੇਂ ਉਹਨਾਂ ਨੁੰ ਜੇਲਾਂ ਵਿਚੋਂ ਬਾਹਰ ਕੱਢਵਾਇਆ ਹੈ। ਉਹਨਾਂ ਕਿਹਾ ਕਿ ਸੰਗਤ ਮੌਜੂਦਾ ਟੀਮ ਦੇ ਕੰਮ ਤੋਂ ਪੂਰੀ ਤਰਾਂ ਖੁਸ਼ ਹੈ ਕਿਉਕਿ ਮੌਜੂਦਾ ਟੀਮ ਦੇ ਕੰਮ ਕਰਨ ਦੇ ਤਰੀਕੇ ਦੀ ਬਦੌਲਤ ਹੀ ਅੱਜ ਦੁਨੀਆਂ ਭਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਦਾ ਨਾਂ ਰੋਸ਼ਨ ਹੋਇਆ ਹੈ।
ਇਸ ਮੌਕੇ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੁੰ ਅਪੀਲ ਕੀਤੀ ਕਿ ਇਮਾਨਦਾਰੀ ਨਾਲ ਸੰਗਤਾਂ ਦੀ ਸੇਵਾ ਕਰਨਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ।