ਅੰਮ੍ਰਿਤਸਰ, 25 ਅਕਤੂਬਰ 2020 - ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵਿੱਚ ਆਪਸੀ ਹਿੰਸਕ ਟਕਰਾਅ ਨੂੰ ਜਥੇਦਾਰ ਹਵਾਰਾ ਕਮੇਟੀ ਨੇ ਮੰਦਭਾਗਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਦੀ ਉਲੰਘਣਾ ਦੱਸਿਆ ਹੈ। ਇਸ ਝੜਪ ਵਿਚ ਪੱਤਰਕਾਰ ਭਾਈਚਾਰੇ ਨਾਲ ਹੋਏ ਦੁਰਵਿਵਹਾਰ ਅਤੇ ਉਨ੍ਹਾਂ ਦੇ ਮੁਬਾਈਲ ਟਾਸਕ ਫੋਰਸ ਵੱਲੋਂ ਖੋਹੇ ਜਾਣ ਦੀ ਨਿੰਦਾ ਕੀਤੀ ਹੈ। ਦੋਹਾਂ ਧਿਰਾਂ ਦੀ ਖੂਨੀ ਝੜਪ ਨੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਖੋਫ ਪੈਦਾ ਕੀਤਾ ਹੈ, ਵਿਸ਼ੇਸ਼ ਤੌਰ ਤੇ ਜਦ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਬੰਦੀ ਛੋੜ ਦਿਵਸ ਦੇ ਸਬੰਧ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਪ੍ਰੋਗਰਾਮ ਉਲੀਕ ਰਹੀਆਂ ਹਨ।
ਇਸ ਮੰਦਭਾਗੀ ਘਟਨਾ ਜਿਸ ਵਿੱਚ ਦੋਹਾਂ ਪਾਸਿਆਂ ਤੋਂ ਸਿੱਖਾਂ ਦਾ ਖੂਨ ਡੁੱਲ੍ਹਿਆ ਹੈ ਨੂੰ ਘੋਖਣ ਉਪਰੰਤ ਪ੍ਰਤੀਤ ਹੁੰਦਾ ਹੈ ਕਿਧਰੇ ਨਾ ਕਿਧਰੇ ਅੜੀਅਲ ਰਵਈਆ ਅਤੇ ਮਿਥੀ ਹੋਈ ਸਾਜਿਸ਼ ਦਾ ਸੁਮੇਲ ਹੋਇਆ ਹੈ। ਟਾਸਕ ਫੋਰਸ ਦੀ ਅਗਵਾਈ ਮੀਤ ਸਕੱਤਰ ਬਿਜੈ ਸਿੰਘ ਕਰ ਰਿਹਾ ਸੀ ਜੋ ਕਿ 60 ਲੱਖ ਘਪਲੇ ਵਿੱਚ ਮੁਅੱਤਲ ਹੈ। ਕਮੇਟੀ ਆਗੂਆਂ ਨੇ ਕਿਹਾ ਕੀ ਇਹ ਦੁਖਾਂਤ ਟਾਲਿਆ ਜਾ ਸਕਦਾ ਸੀ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਦੀ ਜਾਣਕਾਰੀ ਪਹਿਲ ਦੇ ਅਧਾਰ ਤੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਸੰਗਤਾਂ ਨੂੰ ਮੁਹਈਆ ਕਰਵਾ ਦਿੰਦੇ। ਜਥੇ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਭਾਈ ਸਤਨਾਮ ਸਿੰਘ ਝੰਝੀਆਂ, ਭਾਈ ਤਰਲੋਕ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਐਡਵੋਕੇਟ ਦਿਲਸ਼ੇਰ ਸਿੰਘ, ਸੁਖਰਾਜ ਸਿੰਘ ਵੇਰਕਾ, ਜਸਪਾਲ ਸਿੰਘ ਪੁਤਲੀਘਰ ਨੇ ਕਿਹਾ ਕਿ ਬਹਿਬਲ ਕਲਾਂ ਵਿਖੇ ਬਰਗਾੜੀ ਬੇਅਦਬੀ ਦਾ ਸ਼ਾਂਤਮਈ ਢੰਗ ਨਾਲ ਇਨਸਾਫ ਮੰਗ ਰਹੀਆਂ ਸੰਗਤਾਂ ਨੂੰ ਸਰਕਾਰੀ ਗੋਲੀਬਾਰੀ ਅਤੇ ਡਾਂਗਾਂ ਨਾਲ ਜ਼ਬਰੀ ਉਠਾਇਆ ਗਿਆ ਸੀ।
ਉਸੇ ਤਰ੍ਹਾਂ 5 ਸਾਲਾਂ ਬਾਅਦ 328 ਲਾਪਤਾ ਪਾਵਨ ਸਰੂਪਾਂ ਦਾ ਇਨਸਾਫ਼ ਦੀ ਮੰਗ ਰਹੀਆਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਟਾਸਕ ਫੋਰਸ ਦੀ ਸ਼ਕਤੀ ਨਾਲ ਗੁਰੂ ਸਿਧਾਂਤ ਦੇ ਉਲਟ ਚੱਲਦਿਆਂ ਉਠਾਇਆ ਗਿਆ ਹੈ। ਇਹਨਾਂ ਦੋਹਾਂ ਘਟਨਾਵਾਂ ਪਿੱਛੇ ਬਾਦਲ ਪਰਿਵਾਰ ਦੀ ਪੰਥ ਵਿਰੋਧੀ ਸੋਚ ਕਾਰਜਸ਼ੀਲ ਹੈ ਜੋ ਕਿ ਆਪਣੇ ਸਿਆਸੀ ਸੁਆਰਥਾਂ ਲਈ ਕਦੇ ਸਰਕਾਰੀ ਸ਼ਕਤੀ ਅਤੇ ਕਦੇ ਸ਼੍ਰੋਮਣੀ ਕਮੇਟੀ ਦੀ ਸ਼ਕਤੀ ਦਾ ਦੁਰ ਉਪਯੋਗ ਕਰਦੇ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਦੋਸ਼ਾਂ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਮੋਰਚਾ ਲਗਾਉਣ ਨਾਲ ਮਰਿਆਦਾ ਦੀ ਉਲੰਘਣਾ ਹੋਈ ਹੈ ਦਾ ਜਵਾਬ ਦਿੰਦਿਆਂ ਇਤਿਹਾਸਕ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਤੋਸ਼ਾਖਾਨਾ ਅਤੇ ਹੋਰ ਗੁਰਦੁਆਰਿਆਂ ਦੀਆਂ ਚਾਬੀਆਂ ਲੈਣ ਲਈ ਮੋਰਚਾ ਸ੍ਰੀ ਅਕਾਲ ਤਖਤ ਸਾਹਿਬ ਤੋਂ 1921 ਵਿੱਚ 80 ਦਿਨਾਂ ਤੋਂ ਵੱਧ ਸਮੇਂ ਲਈ ਚਲਿਆ ਸੀ ਅਤੇ ਫੌਜੀ ਹਮਲੇ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਵੀ ਦੀਵਾਨ ਹਾਲ ਮੰਜੀ ਸਾਹਿਬ ਤੋਂ ਚੱਲਿਆ ਸੀ।
ਪਿਛਲੇ 40 ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਮੋਰਚੇ ਨੂੰ ਫੇਲ੍ਹ ਕਰਨ ਲਈ ਪ੍ਰਧਾਨ ਲੋਂਗੋਵਾਲ ਨੇ ਨਰਾਇਣੂ ਮਹੰਤ ਦੀ ਸੋਚ ਤੇ ਚਲਦਿਆਂ ਪਹਿਲਾਂ ਲੋਹੇ ਦੀਆਂ ਟੀਨਾ ਨਾਲ ਰੁਕਾਵਟਾਂ ਖੜ੍ਹੀਆਂ ਕੀਤੀਆਂ, ਟਾਸਕ ਫੋਰਸ ਵੱਲੋਂ ਨਿਹੰਗ ਸਿੰਘ ਦੇ ਦੁਮਾਲੇ ਦੀ ਬੇਅਦਬੀ ਅਤੇ ਉਸ ਨੂੰ ਜ਼ਖਮੀ ਕੀਤਾ, ਉੱਚੀ ਅਵਾਜ਼ ਵਿੱਚ ਸਪੀਕਰ ਲਗਾ ਕੇ ਮੋਰਚੇ ਦੀ ਅਵਾਜ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਹੁਣ ਵੱਡੇ ਪੱਧਰ ਤੇ ਹਿੰਸਕ ਝੜਪ ਨੂੰ ਆਪਣੇ ਸਿਆਸੀ ਆਕਾਵਾਂ ਦੀ ਸਹਿਮਤੀ ਨਾਲ ਮੋਰਚਾ ਚੁਕਵਾ ਦਿੱਤਾ ਹੈ। ਕਮੇਟੀ ਆਗੂਆਂ ਨੇ ਸਪਸ਼ਟ ਕੀਤਾ ਕਿ ਇਸ ਔਖੀ ਘੜੀ ਵਿੱਚ ਉਹ ਸਿੱਖ ਜਥੇਬੰਦੀਆਂ ਨਾਲ ਖੜ੍ਹੇ ਹਨ ਤੇ ਲਾਪਤਾ ਪਾਵਨ ਸਰੂਪਾਂ ਦਾ ਇੰਨਸਾਫ ਲੈ ਕੇ ਰਹਿਣਗੇ।