ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਮਰਵਾਹਾ ਨੇ ਕੀਤਾ ਉਦਘਾਟਨ
ਚੰਡੀਗੜ੍ਹ/ਸੁਲਤਾਨਪੁਰ ਲੋਧੀ, 06 ਨਵੰਬਰ 2019: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ਨੂੰ ਰੋਕ ਕੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਨਵੇਂ ਬਣੇ ਬੱਸ ਅੱਡੇ ਵਿਖੇ ਪਲਾਸਟਿਕ ਬੋਤਲ ਸ਼ਰੈਡਿੰਗ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ। ਇਨਾਂ ਮਸ਼ੀਨਾਂ ਦਾ ਉਦਘਾਟਨ ਅੱਜ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐੱਸ. ਐੱਸ. ਮਰਵਾਹਾ ਨੇ ਕੀਤਾ।
ਉਨਾਂ ਦੱਸਿਆ ਕਿ ਬੋਰਡ ਨੇ ਗੁਰੂ ਸਾਹਿਬ ਵੱਲੋਂ ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ ਲਈ ਦਿੱਤੇ ਸੰਦੇਸ਼ 'ਤੇ ਪਹਿਰਾ ਦਿੰਦੇ ਹੋਏ ਸੰਗਤ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਪਾਣੀ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੰਦਿਆਂ ਬੋਰਡ ਵੀ ਲਗਾਏ ਗਏ ਹਨ। ਉਨਾਂ ਦੱਸਿਆ ਕਿ ਸ਼ਰੈਡਿੰਗ ਮਸ਼ੀਨਾਂ ਵਿੱਚ ਪਲਾਸਟਿਕ ਦੀ ਬੋਤਲ ਨੂੰ ਪਾ ਕੇ ਉਸ ਨੂੰ ਨਸ਼ਟ ਕੀਤਾ ਜਾਂਦਾ ਹੈ, ਜਿਸ ਨਾਲ ਵਾਤਾਵਰਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ।
ਉਨਾਂ ਦੱਸਿਆ ਕਿ ਇੱਕ ਮਸ਼ੀਨ ਇੱਕੋ ਸਮੇਂ ਵਿੱਚ 2000 ਬੋਤਲ ਨਸ਼ਟ ਕਰ ਸਕਦੀ ਹੈ। ਇੱਕ ਮਸ਼ੀਨ ਦੀ ਕੀਮਤ 12 ਲੱਖ ਰੁਪਏ ਹੈ। ਉਨਾਂ ਦੱਸਿਆ ਕਿ ਬੋਰਡ ਵੱਲੋਂ ਸੰਗਤ ਨੂੰ ਪਲਾਸਟਿਕ ਦੀਆਂ ਬੋਤਲਾਂ ਇਨਾਂ ਮਸ਼ੀਨਾਂ ਵਿੱਚ ਨਸ਼ਟ ਕਰਨ ਲਈ ਜਾਗਰੂਕ ਕਰਨ ਵਾਸਤੇ ਬਾਜ਼ਾਰ ਵਿੱਚ ਸਟਿੱਕਰ ਵੀ ਲਗਾਏ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜੀਨੀਅਰ ਸ੍ਰ. ਜੀ. ਐੱਸ. ਮਜੀਠੀਆ, ਇੰਜੀਨੀਅਰ ਸ੍ਰ. ਹਰਵੀਰ ਸਿੰਘ, ਇੰਜੀਨੀਅਰ ਸ੍ਰ. ਕੁਲਦੀਪ ਸਿੰਘ, ਵਿਗਿਆਨਕ ਅਫ਼ਸਰ ਸ੍ਰ. ਚਰਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।