ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਦਰਸ਼ਕ ਸਮਾਜ ਦੀ ਨੀਂਹ ਰੱਖੀ ਅਤੇ ਮਾਨਵਤਾ ਨੂੰ ਸਦਭਾਵਨਾ ਤੇ ਸਾਂਝੀਵਾਲਤਾ ਨਾਲ ਜੋੜਿਆ-ਨਿਤਿਸ਼ ਕੁਮਾਰ
ਗੁਰਦੁਆਰਾ ਸ੍ਰੀ ਬੇਰ ਸਾਹਿਬ ਮੱਥਾ ਟੇਕਿਆ ਤੇ ਕੀਰਤਨ ਸਰਵਣ ਕੀਤਾ
ਸ਼੍ਰੋਮਣੀ ਕਮੇਟੀ ਵੱਲੋਂ ਨਿਤਿਸ਼ ਕੁਮਾਰ ਦਾ ਸਨਮਾਨ
ਸੁਲਤਾਨਪੁਰ ਲੋਧੀ, 7 ਨਵੰਬਰ 2019: ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ’ਚ ਸ਼ਮੂਲੀਅਤ ਕਰਨ ਲਈ ਅੱਜ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਬਿਹਾਰ ਸਰਕਾਰ ਦੇ ਇਕ ਵਫ਼ਦ ਨਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਬਿਹਾਰ ਵਿਧਾਨ ਸਭਾ ਦੇ ਸਪੀਕਰ ਸ੍ਰੀ ਵਿਜੇ ਕੁਮਾਰ ਚੌਧਰੀ, ਮੁੱਖ ਸਕੱਤਰ ਦੀਪ ਕੁਮਾਰ, ਪ੍ਰਮੁੱਖ ਸਕੱਤਰ ਅੰਜਨੀ ਕੁਮਾਰ ਤੇ ਡੀ.ਜੀ.ਪੀ ਬਿਹਾਰ ਵੀ ਸ਼ਾਮਲ ਸਨ। ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੁੱਖ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾ ਨੇ ਸ੍ਰੀ ਨਿਤਿਸ਼ ਕੁਮਾਰ ਅਤੇ ਉਨ੍ਹਾਂ ਦੇ ਨਾਲ ਆਏ ਵਫ਼ਦ ਨੂੰ ਸਿਰਪਾਓ ਦੀ ਬਖ਼ਸ਼ਿਸ਼ ਕੀਤੀ।
ਇਸੇ ਦੌਰਾਨ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਚੱਲ ਰਹੇ ਗੁਰਮਤਿ ਸਮਾਗਮ ’ਚ ਸ਼ਮੂਲੀਅਤ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਅੱਜ ਉਹ ਮਨੁੱਖਤਾ ਨੂੰ ਬਰਾਬਰਤਾ, ਪਿਆਰ ਅਤੇ ਮਿਲਵਰਤਨ ਸਿਖਾਉਣ ਵਾਲੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ-ਭਾਵਨਾ ਦਾ ਪ੍ਰਗਟਾਵਾ ਕਰਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਦਰਸ਼ਕ ਸਮਾਜ ਦੀ ਨੀਂਹ ਰੱਖੀ ਅਤੇ ਮਾਨਵਤਾ ਨੂੰ ਸਦਭਾਵਨਾ ਤੇ ਸਾਂਝੀਵਾਲਤਾ ਨਾਲ ਜੋੜਿਆ। ਪ੍ਰਸੰਨਤਾ ਦੀ ਗੱਲ ਹੈ ਕਿ ਵਿਸ਼ਵ ਦੇ ਸਾਂਝੇ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਅੰਦਰ ਪਾਵਨ ਨਗਰੀ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਮਨਾਉਣ ਦਾ ਸੰਗਤ ਨੂੰ ਸੁਭਾਗ ਪ੍ਰਾਪਤ ਹੋਇਆ ਸੀ ਅਤੇ ਉਨ੍ਹਾਂ ਦੀ ਖ਼ੁਸ਼ਕਿਸਮਤੀ ਹੈ ਕਿ ਇਸ ਖ਼ਾਸ ਮੌਕੇ ਉਨ੍ਹਾਂ ਪਾਸੋਂ ਵੀ ਗੁਰੂ ਸਾਹਿਬ ਨੇ ਸੇਵਾ ਲਈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਵਧਾਈ ਦਿੱਤੀ ਅਤੇ ਗੁਰੂ ਸਾਹਿਬ ਦੀ ਸਿੱਖਿਆਵਾਂ ਨਾਲ ਜੁੜਨ ਦੀ ਵੀ ਪ੍ਰੇਰਣਾ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਲਾਮਿਸਾਲ ਪ੍ਰਬੰਧ ਕਰਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਮੁੱਚੀ ਸਿੱਖ ਕੌਮ ਦੇ ਦਿਲ ਜਿੱਤ ਲਏ ਸਨ। ਉਨ੍ਹਾਂ ਨੇ ਸ੍ਰੀ ਨਿਤੀਸ਼ ਕੁਮਾਰ ਨੂੰ ਗੁਰੂ ਦਾ ਸੱਚਾ ਸਿੱਖ ਸੇਵਕ ਦੱਸਿਆ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਨਿਤਿਸ਼ ਕੁਮਾਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ 350 ਸਾਲਾ ਸਮਾਗਮਾਂ ਮੌਕੇ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਆਗੂ ਸ. ਦਰਬਾਰਾ ਸਿੰਘ ਗੁਰੂ, ਸ. ਮਹੇਸ਼ਇੰਦਰ ਗਰੇਵਾਲ, ਸ. ਸ਼ਰਨਜੀਤ ਸਿੰਘ ਢਿੱਲੋਂ ਅਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਅਤੇ ਉਨ੍ਹਾਂ ਦੇ ਨਾਲ ਆਏ ਬਿਹਾਰ ਸਰਕਾਰ ਦੇ ਵਫ਼ਦ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸ. ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਅਮਰੀਕ ਸਿੰਘ ਕੋਟ ਸ਼ਮੀਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਰਵਨ ਸਿੰਘ ਕੁਲਾਰ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਕੁਲਵੰਤ ਸਿੰਘ ਮੰਨਣ, ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਰਤਨ ਸਿੰਘ ਜੱਫਰਵਾਲ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਬਾਵਾ ਸਿੰਘ ਗੁਮਾਨਪੁਰਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਨਾ, ਡਾ. ਪਰਮਜੀਤ ਸਿੰਘ ਸਰੋਆ, ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਸੁਲੱਖਣ ਸਿੰਘ ਭੰਗਾਲੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ, ਮੇਜਰ ਸਿੰਘ, ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਸ. ਬਲਵੰਤ ਸਿੰਘ ਰਾਮੂਵਾਲੀਆ ਵੀ ਹਾਜ਼ਰ ਸਨ।