ਜੀ ਐਸ ਪੰਨੂ
ਪਟਿਆਲਾ, 23 ਦਸੰਬਰ 2020: ਪੰਜਾਬ ਸਰਕਾਰ ਵੱਲੋਂ ਇੰਗਲੈਂਡ 'ਚ ਪਾਏ ਗਏ ਨਵੇਂ ਸਾਰਸ (ਐਸ.ਏ.ਆਰ.ਐਸ)-ਕੋਵ-2 ਵਾਇਰਸ ਦੇ ਮੱਦੇਨਜ਼ਰ ਮਹਾਂਮਾਰੀ ਸਬੰਧੀ ਵਿਗਿਆਨਕ ਨਿਗਰਾਨੀ ਅਤੇ ਪ੍ਰਤਿਕ੍ਰਿਆ ਲਈ ਜਾਰੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ) ਤਹਿਤ ਪਿਛਲੇ 4 ਹਫਤਿਆਂ ਵਿੱਚ (25 ਨਵੰਬਰ ਤੋਂ 23 ਦਸੰਬਰ 2020) ਦੌਰਾਨ ਦੇਸ਼ ਅੰਦਰ ਯੂ.ਕੇ. ਰਾਹੀਂ ਹੋਕੇ ਦਾਖਲ ਹੋਏ ਕੌਮਾਂਤਰੀ ਯਾਤਰੀਆਂ ਲਈ ਜ਼ਿਲ੍ਹਾ ਕੰਟਰੋਲ ਰੂਮ ਨੰਬਰ 0175-2350550 'ਤੇ ਸੂਚਨਾ ਦੇਣੀ ਲਾਜਮੀ ਕੀਤੀ ਗਈ ਹੈ। ਡੀ ਸੀ ਪਟਿਆਲਾ ਬੋਨੇ ਦੱਸਿਆ ਕਿ ਇਨ੍ਹਾਂ ਨਵੀਆਂ ਐਸ.ਓ.ਪੀਜ਼ ਤਹਿਤ ਯੂ.ਕੇ. (ਇੰਗਲੈਂਡ) ਤੋਂ ਆਉਣ ਵਾਲੇ ਯਾਤਰੀਆਂ ਲਈ ਦੇਸ਼ ਆਉਣ 'ਤੇ ਆਰਟੀ-ਪੀਸੀਆਰ ਟੈਸਟ ਲਾਜਮੀ ਕੀਤਾ ਗਿਆ ਹੈ। ਇਸੇ ਤਰ੍ਹਾਂ 21 ਤੋਂ 23 ਦਸੰਬਰ ਦੌਰਾਨ ਯੂ.ਕੇ. ਤੋਂ ਪੁੱਜੇ ਯਾਤਰੀਆਂ ਦੇ ਕੋਵਿਡ ਟੈਸਟ ਦੌਰਾਨ ਪਾਜ਼ਿਟਿਵ ਪਾਏ ਜਾਣ 'ਤੇ ਉਨ੍ਹਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਨੂੰ ਅਲੱਗ ਇਕਾਂਤਵਾਸ ਕੇਂਦਰਾਂ 'ਚ ਸੰਸਥਾਗਤ ਤੌਰ 'ਤੇ ਰੱਖਿਆ ਜਾਵੇਗਾ। ਨੈਗੇਟਿਵ ਪਾਏ ਗਏ ਯਾਤਰੀਆਂ ਨੂੰ ਘਰੇਲੂ ਇਕਾਂਤਵਾਸ 'ਚ ਰੱਖਿਆ ਜਾਵੇਗਾ ਅਤੇ ਆਈ.ਸੀ.ਐਮ.ਆਰ ਦੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਦੀ ਅਗਲੀ ਟੈਸਟਿੰਗ ਕੀਤੀ ਜਾਵੇਗੀ।
ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ 25 ਨਵੰਬਰ ਤੋਂ 8 ਦਸੰਬਰ ਦਰਮਿਆਨ ਯੂ.ਕੇ. ਤੋਂ ਆਏ ਯਾਤਰੀਆਂ ਨੂੰ ਆਪਣੀ ਸਿਹਤ ਦੀ ਸਵੈ ਨਿਗਰਾਨੀ ਕਰਦੇ ਹੋਏ, ਕਿਸੇ ਵੀ ਤਰ੍ਹਾਂ ਦੇ ਕੋਵਿਡ ਲੱਛਣ ਉਭਰਨ 'ਤੇ ਤੁਰੰਤ ਆਰਟੀ-ਪੀਸੀਆਰ ਕਰਵਾਉਣ ਲਈ ਨੇੜਲੇ ਕੇਂਦਰ 'ਤੇ ਜਾਣਾ ਪਵੇਗਾ। ਇਸ ਤੋਂ ਇਲਾਵਾ 9 ਦਸੰਬਰ ਤੋਂ 23 ਦਸੰਬਰ ਵਿਚਾਲੇ ਯੂ.ਕੇ. ਤੋਂ ਆਏ ਯਾਤਰੀਆਂ ਦਾ 14 ਦਿਨਾਂ ਤੱਕ ਸਿਹਤ ਵਿਭਾਗ ਵੱਲੋਂ ਲਗਾਤਾਰ ਰੋਜ਼ਾਨਾ ਫਾਲੋਅਪ ਕੀਤਾ ਜਾਵੇਗਾ। ਨਿਗਰਾਨੀ ਹੇਠਾਂ ਰੱਖੇ ਗਏ ਸਾਰੇ ਯਾਤਰੀਆਂ ਦਾ ਉਨ੍ਹਾਂ ਦੀ ਆਮਦ ਦੀ ਮਿਤੀ ਤੋਂ 28 ਦਿਨ ਲਈ ਰੋਜ਼ਾਨਾ ਫਾਲੋਅਪ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਐਸ.ਏ.ਆਰ.ਐਸ - ਕੋਵਿਡ- 2 ਵਾਇਰਸ (ਵੇਰੀਐਂਟ ਅੰਡਰ ਇਨਵੈਸਟੀਗੇਸ਼ਨ (ਵੀ.ਯੂ.ਆਈ) -20212/01) ਦੇ ਨਵੇਂ ਰੂਪ ਦੀ ਰਿਪੋਰਟ ਯੂਨਾਈਟਿਡ ਕਿੰਗਡਮ (ਯੂ.ਕੇੇ) ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਨੂੰ ਦਿੱਤੀ ਗਈ ਹੈ। ਯੂਰਪੀਅਨ ਸੈਂਟਰ ਫਾਰ ਡਿਸੀਜ਼ ਕੰਟਰੋਲ (ਈ.ਸੀ.ਡੀ.ਸੀ.) ਵਲੋਂ ਇਹ ਵਾਇਰਸ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਤ ਕਰਨ ਵਾਲਾ ਦੱਸਿਆ ਗਿਆ ਹੈ। ਵਾਇਰਸ ਦਾ ਇਹ ਰੂਪ 17 ਪਰਿਵਰਤਨਾਂ ਦੇ ਇੱਕ ਸੈੱਟ ਵਾਲਾ ਵਾਇਰਸ ਦੱਸਿਆ ਗਿਆ ਹੈ। ਇਸ ਵਾਇਰਸ ਸਪਾਈਕ ਪ੍ਰੋਟੀਨ ਵਿੱਚ ਫਰਕ ਹੋਣ ਕਰਕੇ ਇਹ ਵਧੇਰੇ ਛੂਤਕਾਰੀ ਤੇ ਖਤਰਨਾਕ ਹੋ ਸਕਦਾ ਹੈ ਅਤੇ ਲੋਕਾਂ ਨੂੰ ਵਧੇਰੇ ਅਸਾਨੀ ਨਾਲ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਇਸ ਲਈ ਲੋਕਾਂ ਨੂੰ ਹੋਰ ਵੀ ਵਧੇਰੇ ਚੌਕਸ ਰਹਿਣ ਦੀ ਜਰੂਰਤ ਹੈ।