ਲੂਈਸਿਆਨਾ ਦੇ ਚੁਣੇ ਗਏ ਕਾਂਗਰਸ ਪ੍ਰਤੀਨਿਧ ਦੀ ਕੋਰੋਨਾ ਵਾਇਰਸ ਨਾਲ ਹੋਈ ਮੌਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੇਫੋਰਨੀਆ), 31 ਦਸੰਬਰ 2020
ਲੂਈਸਿਆਨਾ ਦੇ ਕਾਂਗਰਸ ਮੈਨ ਚੁਣੇ ਗਏ ਲਿਊਕ ਲੈਟਲੋ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਸ਼੍ਰੇਵਪੋਰਟ ਦੇ ਓਚਸਨਰ ਐਲ ਐਸ ਯੂ ਹਸਪਤਾਲ ਵਿੱਚ ਮੌਤ ਹੋ ਗਈ ਹੈ।41 ਸਾਲਾ ਲੈਟਲੋ ਨੂੰ 23 ਦਸੰਬਰ ਨੂੰ ਸੇਂਟ ਫ੍ਰਾਂਸਿਸ ਮੈਡੀਕਲ ਸੈਂਟਰ ਤੋਂ ਓਚਸਨਰ ਐਲ ਐਸ ਯੂ ਹੈਲਥ ਦੇ ਆਈ ਸੀ ਯੂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।ਲੈਟਲੋ ਆਪਣੇ ਪਿੱਛੇ ਪਤਨੀ ਜੂਲੀਆ ਬਾਰਨਹਿਲ ਲੈਟਲੋ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। ਲੈਟਲੋ ਨੇ 18 ਦਸੰਬਰ ਨੂੰ ਕੋਰੋਨਾ ਪੀੜਤ ਹੋਣ ਦੀ ਘੋਸ਼ਣਾ ਕੀਤੀ ਸੀ ਅਤੇ ਉਹ ਪਹਿਲਾਂ ਆਪਣੇ ਰਿਚਲੈਂਡ ਪੈਰਿਸ਼ ਦੇ ਘਰ ਵਿੱਚ ਕੁਆਰੰਟੀਨ ਸਨ ਪਰ 19 ਦਸੰਬਰ ਨੂੰ, ਲੈਟਲੋ ਨੂੰ ਸੇਂਟ ਫ੍ਰਾਂਸਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਸਿਹਤ ਵਿਗੜਨ ਤੇ ਸ਼੍ਰੇਵਪੋਰਟ ਦੇ ਹਸਪਤਾਲ ਭੇਜ ਦਿੱਤਾ ਗਿਆ ਸੀ।ਸੂਬਾ ਗਵਰਨਰ ਜੌਨ ਬੇਲ ਐਡਵਰਡਜ਼ ਨੇ ਵੀ ਲੈਟਲੋ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਲੈਟਲੋ ਨੇ 5 ਦਸੰਬਰ ਨੂੰ 5 ਵੀਂ ਕਾਂਗਰਸ ਦੀ ਜ਼ਿਲ੍ਹਾ ਸੀਟ 'ਤੇ ਲਾਂਸ ਹੈਰਿਸ ਦੇ ਖਿਲਾਫ ਚੋਣ ਵਿੱਚ 62% ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਲੂਈਸਿਆਨਾ ਵਿੱਚ 304,000 ਤੋਂ ਵੱਧ ਲੋਕਾਂ ਨੇ ਕੋਵਿਡ-19 ਲਈ ਪਾਜ਼ੀਟਿਵ ਟੈਸਟ ਕੀਤਾ ਹੈ।