← ਪਿਛੇ ਪਰਤੋ
ਅਮਰੀਕਾ ਦੇ ਕੋਲੋਰਾਡੋ 'ਚ ਸਾਹਮਣੇ ਆਇਆ ਤੇਜ਼ੀ ਨਾਲ ਫੈਲਣ ਵਾਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆਂ),31 ਦਸੰਬਰ 2020 ਅਮਰੀਕਾ ਦੇ ਸੂਬੇ ਕੋਲੋਰਾਡੋ ਵਿੱਚ ਰਾਜ ਦੇ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੇ ਬਰਤਾਨੀਆ ਵਿੱਚ ਸਭ ਤੋਂ ਪਹਿਲਾਂ ਪਛਾਣੇ ਗਏ ਕੋਵਿਡ -19 ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਵਾਇਰਸ ਨਾਲ ਪੀੜਤ ਅਮਰੀਕਾ ਵਿੱਚ ਪਹਿਲੇ ਪੁਸ਼ਟੀ ਕੀਤੇ ਕੇਸ ਦੀ ਪਛਾਣ ਕੀਤੀ ਹੈ।ਕੋਰੋਨਾ ਵਾਇਰਸ ਦਾ ਇਹ ਨਵਾਂ ਰੂਪ ਜੋ ਕਿ ਵਧੇਰੇ ਛੂਤਕਾਰੀ ਮੰਨਿਆ ਜਾਂਦਾ ਹੈ ਅਤੇ ਇਹ ਵਿਸ਼ਵ ਭਰ ਦੇ ਕਈ ਹੋਰ ਦੇਸ਼ਾਂ ਵਿੱਚ ਵੀ ਫੈਲ ਗਿਆ ਹੈ। ਕੋਲੋਰਾਡੋ ਅਧਿਕਾਰੀਆਂ ਨੇ ਕਿਹਾ ਕਿ ਰਾਜ ਦੀ ਪਬਲਿਕ ਹੈਲਥ ਲੈਬਾਰਟਰੀ ਦੁਆਰਾ ਇਹ ਕੇਸ ਇੱਕ 20 ਸਾਲਾ ਦੇ ਵਿਅਕਤੀ ਵਿੱਚ ਪਾਇਆ ਗਿਆ ਹੈ, ਜਿਸਦੀ ਕੋਈ ਯਾਤਰਾ ਹਿਸਟਰੀ ਨਹੀਂ ਸੀ ਅਤੇ ਇਹ ਮਰੀਜ਼ ਹੁਣ ਏਲਬਰਟ ਕਾਉਂਟੀ ਵਿੱਚ ਕੁਆਰੰਟੀਨ ਪ੍ਰਕਿਰਿਆ ਵਿੱਚ ਹੈ। ਰਾਜ ਦੇ ਸਿਹਤ ਅਧਿਕਾਰੀਆਂ ਅਨੁਸਾਰ ਵਾਇਰਸ ਦੇ ਇਸ ਨਵੇਂ ਕੇਸ ਬਾਰੇ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।ਦੇਸ਼ ਭਰ ਦੀਆਂ ਪਬਲਿਕ ਅਤੇ ਪ੍ਰਾਈਵੇਟ ਲੈਬਾਂ ਨੇ ਬੀ.1.1.7 ਨਾਮ ਦੇ ਇਸ ਨਵੇਂ ਰੂਪ ਦੇ ਮਾਮਲਿਆਂ ਦੀ ਭਾਲ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।ਕੋਲੋਰਾਡੋ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਵਿਅਕਤੀਗਤ ਕੇਸ ਦੇ ਨੇੜਲੇ ਸੰਪਰਕ ਲੱਭ ਰਹੇ ਹਨ, ਹਾਲਾਂਕਿ ਹੁਣ ਤਕ ਕੋਈ ਨੇੜਲਾ ਸੰਪਰਕ ਨਹੀਂ ਪਛਾਣਿਆ ਗਿਆ ਹੈ।ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਅਮਰੀਕਾ ਵੱਲੋਂ ਯੂਕੇ ਤੋਂ ਆਉਣ ਵਾਲੇ ਯਾਤਰੀਆਂ ਲਈ ਉਡਾਣ ਭਰਨ ਤੋਂ ਪਹਿਲਾਂ ਕੋਰੋਨਾ ਦਾ ਨੈਗੇਟਿਵ ਟੈਸਟ ਹੋਣਾ ਜਰੂਰੀ ਕੀਤਾ ਗਿਆ ਹੈ।ਇਸਦੇ ਇਲਾਵਾ ਕੋਰੋਨਾ ਟੀਕਾ ਕੰਪਨੀਆਂ ਫਾਈਜ਼ਰ ਅਤੇ ਮੋਡਰਨਾ ਅਨੁਸਾਰ ਉਨ੍ਹਾਂ ਦਾ ਕੋਵਿਡ -19 ਟੀਕਾ ਵਾਇਰਸ ਦੇ ਨਵੇਂ ਰੂਪ ਬੀ.1.1.7 ਦੇ ਵਿਰੁੱਧ ਵੀ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।
Total Responses : 265