ਨਵੀਂ ਦਿੱਲੀ, 25 ਨਵੰਬਰ 2020 - ਭਾਰਤ ਦੇ ਕਈ ਸੂਬਿਆਂ 'ਚ ਕੋਰੋਨਾ ਵਾਇਰਸ ਮੁੜ ਤੋਂ ਤੇਜ਼ੀ ਨਾਲ ਵਧਣ ਲੱਗ ਗਿਆ ਹੈ ਜਿਸ ਨੂੰ ਧਿਆਨ 'ਚ ਰੱਖਦਿਆਂ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕੰਟੇਨਮੈਂਟ ਜ਼ੋਨ, ਸਰਵਿਲਾਂਸ (ਨਿਗਰਾਨੀ) ਅਤੇ ਚੌਕਸੀ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਇਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ 1 ਦਸੰਬਰ ਤੋਂ ਸਾਲ ਦੇ ਅਖ਼ੀਰ ਤੱਕ ਯਾਨੀ ਕਿ 31 ਦਸੰਬਰ 2020 ਤੱਕ ਲਈ ਜਾਰੀ ਕੀਤੇ ਗਏ ਹਨ।
ਇਨ੍ਹਾਂ ਦਿਸ਼ਾ ਨਿਰਦੇਸਾਂ ਅਨੁਸਾਰ ਸੂਬੇ, ਕੇਂਦਰ ਸ਼ਾਸਿਤ ਪ੍ਰਦੇਸ਼ ਕੰਟੇਨਮੈਂਟ ਜ਼ੋਨਾਂ 'ਚ ਰਾਤ ਦਾ ਕਰਫਿਊ ਲਾ ਸਕਦੇ ਹਨ। ਕੋਰੋਨਾ ਵਾਇਰਸ ਦੇ ਬਚਾਅ ਸਬੰਧੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਭੀੜ ਨੂੰ ਕੰਟਰੋਲ ਕਰਨ ਲਈ ਕਿਹਾ ਗਿਆ ਹੈ।