ਹਰੀਸ਼ ਕਾਲੜਾ
- ਡਿਪਟੀ ਕਮਿਸ਼ਨਰ ਵਲੋਂ ਸਿਵਲ, ਪੁਲਿਸ, ਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ
- ਬਜਾਰਾਂ, ਜਨਤਕ ਥਾਵਾਂ ਤੇ ਸਰਕਾਰੀ ਦਫਤਰਾਂ ਵਿਚ ਲੋਕਾਂ ਦੀ ਬਿਨਾਂ ਮਾਸਕ ਤੋਂ ਐਂਟਰੀ ਬੈਨ
ਰੂਪਨਗਰ, 26 ਨਵੰਬਰ 2020 - ਕੋਵਿਡ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਜ਼ਿਲ੍ਹਾ ਰੂਪਨਗਰ ਪ੍ਰਸ਼ਾਸ਼ਨ ਨੇ ਜ਼ਿਲ੍ਹੇ ਦੇ ਸਮੂਹ ਸਿਵਲ, ਪੁਲਿਸ ਅਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਸਿਹਤ ਮਹਿਕਮੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਇਸ ਸਬੰਧੀ ਅੱਜ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਦੀ ਪ੍ਰਧਾਨਗੀ ਹੇਠ ਇਕ ਉਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿਚ ਐਸ.ਐਸ.ਪੀ. ਸਮੂਹ ਐਸ.ਡੀ.ਐਮਜ, ਸਿਵਲ ਸਰਜਨ , ਐਸ ਐਮ ਉਜ਼ , ਐਸ.ਪੀ. ਤੇ ਡੀ.ਐਸ.ਪੀ. ਹਾਜਰ ਸਨ।
ਮੀਟਿੰਗ ਦੌਰਾਨ ਸ੍ਰੀਮਤੀ ਸੋਨਾਲੀ ਗਿਰੀ ਨੇ ਸਮੂਹ ਅਧਿਕਾਰੀਆਂ ਨੂੰ ਬੇਹਤਰ ਤਾਲਮੇਲ ਬਣਾ ਕੇ ਕੋਵਿਡ ਮਹਾਮਾਰੀ ਦੇ ਜ਼ਿਲ੍ਹੇ ਵਿਚ ਫੈਲਾਅ ਨੂੰ ਰੋਕਣ ਲਈ ਨਵੇਂ ਆਦੇਸ਼ ਜਾਰੀ ਕੀਤੇ।ਆਦੇਸ਼ਾਂ ਮੁਤਾਬਿਕ ਜ਼ਿਲ੍ਹੇ ਦੇ ਮਾਈਕਰੋ ਕੰਨਟੇਨਮੈਟ ਜ਼ੋਨਾਂ ਵਿਚ ਲੋਕਾਂ ਦੀ ਆਵਾਜਾਈ ਤੇ ਮੁਕੰਮਲ ਪਬੰਦੀ ਹੋਵੇਗੀ ਅਤੇ ਇਨ੍ਹਾਂ ਖੇਤਰਾਂ ਦੇ ਸਾਰੇ ਵਸਨੀਕਾਂ ਦਾ ਕੋਵਿਡ ਟੈਸਟ ਲਾਜ਼ਮੀ ਤੌਰ ਤੇ ਕੀਤਾ ਜਾਵੇਗਾ ।ਬੱਚੇ ਅਤੇ ਬਜੁਰਗਾਂ ਦਾ ਵੀ ਕੋਵਿਡ ਟੈਸਟ ਲਾਜਮੀ ਹੋਵੇਗਾ। ਜੇਕਰ ਕੋਈ ਵੀ ਵਿਅਕਤੀ ਆਵਾਜਾਈ ਅਤੇ ਕੋਵਿਡ ਟੈਸਟ ਕਰਵਾਉਣ ਦੇ ਮਾਮਲੇ ਵਿਚ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁਧ ਮਾਮਲਾ ਦਰਜ ਕੀਤਾ ਜਾਵੇਗਾ।
ਮਾਈਕਰੋ ਕੰਨਟੇਨਮੈਟ ਜ਼ੋਨ ਦੇ ਖੇਤਰ ਵਾਲੇ ਐਸ.ਡੀ ਐਮ. ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਦਿਨ ਵਿਚ ਦੋ ਵਾਰੀ ਇਨ੍ਹਾਂ ਖੇਤਰਾਂ ਦਾ ਦੌਰਾ ਕਰੇਗਾ ਅਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਵੇਗਾ।ਇਸ ਦਾ ਨਾਲ ਹੀ ਸਮੂਹ ਐਸ.ਡੀ.ਐਮਜ਼ . ਫੋਰੀ ਤੌਰ ਤੇ ਆਪਣੇ ਖੇਤਰ ਅਧੀਨ ਆਉਦੀਆਂ ਮਾਰਕੀਟ ਐਸੋਸੀਏਸ਼ਨਾਂ, ਵਪਾਰ ਮੰਡਲਾਂ ਅਤੇ ਮੰਡੀ ਐਸੋਸੀਏਸ਼ਨਾਂ ਦੇ ਆਹੁਦੇਦਾਰਾਂ ਨਾਲ ਮੀਟਿਗ ਕਰਕੇ ਉਨਾਂ ਨੂੰ ਕੋਵਿਡ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੂਕ ਕਰਨਗੇ ਅਤੇ ਸਰਕਾਰ ਦਾ ਸਹਿਯੋਗ ਕਰਨਗੇ। ਮਾਈਕਰੋ ਕੰਨਟੇਨਮੈਟ ਜ਼ੋਨਾਂ ਵਿਚ ਲੋਕਾਂ ਦੀ ਆਵਾਜਾਈ ਤੇ ਨਜ਼ਰ ਰੱਖਣ ਲਈ ਡਰੋਨ ਕੈਮਰਿਆਂ ਦੀ ਮਦਦ ਵੀ ਲਈ ਜਾਵੇਗੀ ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਇਹ ਆਦੇਸ਼ ਵੀ ਜਾਰੀ ਕੀਤੇ ਕਿ ਕਿਸੇ ਵੀ ਜਨਤਕ ਸਥਾਨ ਜਿਵੇਂ ਬਾਜਾਰ , ਬਸ ਅੱਡੇ ,ਸਕੂਲ ਕਾਲਜ, ਸਰਕਾਰੀ ਦਫਤਰ,ਅਤੇ ਹਸਪਤਾਲਾਂ ਵਿਚ ਕਿਸੇ ਵੀ ਵਿਅਕਤੀ ਨੂੰ ਬਿਨਾਂ ਮਾਸਕ ਤੋਂ ਆਉਣ ਅਤੇ ਘੁੰਮਣ ਦੀ ਸਖਤ ਮਨਾਹੀ ਹੋਵੇਗੀ। ਜੇਕਰ ਕਿਸੇ ਵੀ ਸਰਕਾਰੀ ਦਫਤਰ ਜਾ ਹੋਰ ਅਦਾਰਿਆਂ ਵਿਚ ਕੋਈ ਵਿਅਕਤੀ ਬਿਨਾ ਮਾਸਕ ਤੋਂ ਫੜਿਆ ਜਾਵੇਗਾ ਤਾਂ ਉਸ ਵਿਅਕਤੀ ਦੇ ਨਾਲ ਨਾਲ ਸਬੰਧਤ ਅਦਾਰੇ ਅਤੇ ਮੁੱਖੀ ਨੂੰ ਸਰਕਾਰੀ ਹਦਾਇਤਾਂ ਦੀ ਉਲੰਘਣਾ ਲਈ ਦੋਸ਼ੀ ਨਾਮਜਦ ਕੀਤਾ ਜਾਵੇਗਾ।ਜੇਕਰ ਕਿਸੇ ਦੁਕਾਨ ਵਿਚ ਵੀ ਕੋਈ ਗਾਹਕ ਬਿਨਾ ਮਾਸਕ ਤੋਂ ਫੜਿਆ ਜਾਂਦਾ ਹੈ ਤਾਂ ਸਬੰਧਤ ਦੁਕਾਨਦਾਰ ਨੂੰ ਦੋਸ਼ੀ ਮਨਿਆ ਜਾਵੇਗਾ।ਸੇਵਾ ਕੇਂਦਰਾਂ ਵਿਚ ਵੀ ਬਿਨਾਂ ਮਾਸਕ ਤੋਂ ਵਿਅਕਤੀਆਂ ਦੀ ਐੰਟਰੀ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਇਸ ਦੇ ਨਾਲ ਹੀ ਸਮੂਹ ਹਸਪਤਾਲਾਂ ਜ਼ੋ ਕਿ ਓ.ਪੀ.ਡੀ. ਚਲਾਉਦੇ ਹਨ ਉਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦਾ ਵੀ ਕੋਵਿਡ ਟੈਸਟ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਸਿਵਲ ਪੁਲਿਸ ਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਇਸ ਔਖੀ ਘੜੀ ਵਿਚ ਬੇਹਤਰ ਤਾਲਮੇਲ ਨਾਲ ਕੰਮ ਕਰਨ ਦੀ ਹਦਾਇਤ ਕੀਤੀ।