ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 1 ਦਸੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਲਗਾਤਾਰ ਹਾਵੀ ਹੁੰਦਾ ਜਾ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਇੱਕ ਹੋਰ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ 10 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 3 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 4 ਕੇਸ ਗਿੱਦੜਬਾਹਾ, 1 ਕੇਸ ਲੰਬੀ, 1 ਕੇਸ ਤਰਖ਼ਾਣਵਾਲਾ ਤੇ 1 ਕੇਸ ਕਿੱਲਿਆਂਵਾਲੀ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਅੱਜ 27 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 339 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1051 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 954 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3580 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ 3308 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਵੇਲੇ 184 ਕੇਸ ਸਰਗਰਮ ਚੱਲ ਰਹੇ ਹਨ।
70 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਮੌਤ
ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਨਾਲ ਇੱਕ ਹੋਰ ਮੌਤ ਹੋ ਗਈ ਹੈ। ਮਿ੍ਰਤਕ ਸਥਾਨਕ ਗੋਨਿਆਣਾ ਰੋਡ ਦਾ ਵਾਸੀ ਸੀ, ਜਿਸਦੀ ਉਮਰ 70 ਸਾਲ ਸੀ। ਇਹ ਵਿਅਕਤੀ ਸਾਹ ਦੀ ਤਕਲੀਫ਼ ਤੋਂ ਪੀੜ੍ਹਤ ਸੀ ਤੇ ਕੋਰੋਨਾ ਪਾਜ਼ੇਟਿਵ ਹੋਣ ਕਰਕੇ ਫਰੀਦਕੋਟ ਵਿਖੇ ਦਾਖ਼ਲ ਸੀ, ਜਿੱਥੇ ਇਲਾਜ ਦੌਰਾਨ ਅੱਜ ਉਸਦੀ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੋਰੋਨਾ ਕਰਕੇ ਕੁੱਲ 88 ਮੌਤਾਂ ਹੋ ਚੁੱਕੀਆਂ ਹਨ।