ਅਸ਼ੋਕ ਵਰਮਾ
- ਸ਼ਰਾਰਤੀ ਅਨਸਰਾਂ ਵੱਲੋਂ ਸਟੇਜ ਤੇ ਕਬਜ਼ੇ ਦੀ ਕੋਸ਼ਿਸ਼ ਬਣਾਈ ਨਕਾਮ
ਨਵੀਂ ਦਿੱਲੀ, 27 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਲ 26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਤੋਂ ਘਟਨਾਵਾਂ ਤੋਂ ਬਾਅਦ ਟਿੱਕਰੀ ਬਾਰਡਰ 'ਤੇ ਕੀਤੀ ਰੈਲੀ ਦੌਰਾਨ ਪਹਿਲਾਂ ਨਾਲੋਂ ਵੀ ਕਿਤੇ ਵਿਸ਼ਾਲ ਜੁੜੇ ਕਿਸਾਨ ਮਜ਼ਦੂਰ ਮਰਦ ਔਰਤਾਂ ਤੇ ਨੌਜਵਾਨਾਂ ਦੇ ਇਕੱਠ ਦੌਰਾਨ ਮੋਦੀ ਸਰਕਾਰ ਵਲੋਂ ਲਾਲੇ ਕਿਲੇ ਅੰਦਰ ਵਾਪਰੀਆਂ ਘਟਨਾਵਾਂ ਨੂੰ ਬਹਾਨਾ ਬਣਾ ਕੇ ਦੋ ਕਿਸਾਨਾਂ ਨੂੰ ਸ਼ਹੀਦ ਕਰਨ, 200 ਤੋਂ ਵਧੇਰੇ ਕਿਸਾਨਾਂ ਨੂੰ ਗਿਰਫ਼ਤਾਰ ਕਰਨ ਅਤੇ ਅੰਨਾਂ ਜ਼ਬਰ ਢਾਹੁਣ ਦੀ ਨਿਖੇਧੀ ਕਰਦਿਆਂ ਗਿਰਫ਼ਤਾਰ ਕਿਸਾਨਾਂ ਨੂੰ ਫੌਰੀ ਰਿਹਾਅ ਕਰਨ ਤੇ ਦਰਜ਼ ਮੁਕੱਦਮੇ ਵਾਪਸ ਲੈਣ ਦੀ ਮੰਗ ਕੀਤੀ ਗਈ। ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਜਸਵਿੰਦਰ ਸਿੰਘ ਲੌਂਗੋਵਾਲ ਤੇ ਹਰਿੰਦਰ ਬਿੰਦੂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਤੇ ਜ਼ਬਰ ਢਾਹੁਣ ਤੋਂ ਬਾਜ਼ ਆਉਣ ਦੀ ਸੁਣਵਾਈ ਕਰਦਿਆਂ ਐਲਾਨ ਕੀਤਾ ਕਿ ਸਭਨਾਂ ਦੁਸ਼ਵਾਰੀਆਂ ਦੇ ਬਾਵਜੂਦ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਅੱਜ਼ ਬੀਕੇਯੂ ਉਗਰਾਹਾਂ ਦੀ ਸਟੇਜ ਉੱਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਚੌਕਸ ਤੇ ਦਿਰੜ ਵਲੰਟੀਅਰਾ ਨੇ ਨਾਕਾਮ ਬਣਾ ਦਿੱਤੀਆਂ ਅਤੇ ਸਟੇਜ ਸਾਰਾ ਦਿਨ ਨਿਰਵਿਘਨ ਜਾਰੀ ਰੱਖੀ ਗਈ। ਕਿਸਾਨ ਆਗੂਆਂ ਨੇ ਕਿਹਾ ਜਿਹੜੇ ਸ਼ਰਾਰਤੀ ਅਨਸਰ ਕਿਸਾਨ ਜਥੇਬੰਦੀਆਂ ਦੀਆਂ ਸਟੇਜਾਂ 'ਤੇ ਕਬਜ਼ੇ ਕਰਨ ਦੀਆਂ ਕਾਰਵਾਈਆਂ ਕਰ ਰਹੇ ਹਨ ਉਹ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਘੋਲ਼ ਨੂੰ ਲੀਹੋਂ ਲਾਹੁਣਾ ਚਾਹੁੰਦੇ ਹਨ ਪਰ ਪੰਜਾਬ ਤੇ ਦੇਸ਼ ਦੇ ਕਿਸਾਨ ਉਹਨਾਂ ਦੀਆਂ ਕੋਝੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ।
ਉਹਨਾਂ ਕਿਸਾਨਾਂ ਨੂੰ ਫ਼ਿਰਕੂ ਤੱਤਾਂ ਤੋਂ ਸੁਚੇਤ ਰਹਿਣ ਤੇ ਉਨ੍ਹਾਂ ਦੇ ਪਾਟਕ-ਪਾਊ ਮਨਸੂਬਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਸੁਣਵਾਈ ਕਰਦਿਆਂ ਕਿਹਾ ਕਿ ਅੱਜ ਦੀਆਂ ਘਟਨਾਵਾਂ ਕਿਸਾਨਾਂ ਅੰਦਰ ਫੈਲ ਰਹੇ ਤਿੱਖੇ ਰੋਹ ਵੱਲ ਸੰਕੇਤ ਕਰਦੀਆਂ ਹਨ ਤੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੋਂ ਮੁਨਕਰ ਹੋ ਕੇ ਇਸ ਰੋਹ ਨੂੰ ਵਿਸਫੋਟਕ ਹੋਣ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੜਕਾਂ 'ਤੇ ਰੋਸ ਮਾਰਚ ਕਰਨਾ ਲੋਕਾਂ ਦਾ ਬੁਨਿਆਦੀ ਤੇ ਜਮਹੂਰੀ ਹੱਕ ਹੈ ਤੇ ਮੋਦੀ ਹਕੂਮਤ ਇਸ ਹੱਕ ਨੂੰ ਕੁਚਲਣ ਲਈ ਕੋਈ ਨਾ ਕੋਈ ਬਹਾਨਾ ਤਲਾਸ਼ਦੀ ਆ ਰਹੀ ਹੈ। ਉਨ੍ਹਾ ਫ਼ਿਰਕੂ ਤੱਤਾਂ ਵੱਲੋਂ ਅੰਦੋਲਨ ਨੂੰ ਲੀਹੋਂ ਲਾਹੁਣ ਤੇ ਆਪਣੇ ਸੌੜੇ ਮੰਤਵਾਂ ਲਈ ਵਰਤਣ ਦੇ ਮਨਸੂਬਿਆਂ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਸਾਨ ਮੰਗਾਂ ਲਈ ਲਡ਼ਿਆ ਜਾ ਰਿਹਾ ਸੰਘਰਸ਼ ਹੈ ਜਿਸ ਨੂੰ ਸਮਾਜ ਦੇ ਸਭ ਧਰਮਾਂ-ਜਾਤਾਂ ਦੇ ਲੋਕ ਸਮਰਥਨ ਦੇ ਰਹੇ ਹਨ। ਇਸ ਅੰਦੋਲਨ ਨੂੰ ਧਰਮ ਆਧਾਰਤ ਰਾਜ ਬਣਾਉਣ ਦੇ ਮਕਸਦਾਂ ਲਈ ਵਰਤਣ ਦੀ ਇਜਾਜ਼ਤ ਕਦਾਚਿਤ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਕੱਲ੍ਹ ਕਿਸਾਨਾਂ ਵੱਲੋਂ ਅਨੁਸ਼ਾਸਨਬੱਧ ਕੀਤੇ ਮਾਰਚ ਨੇ ਦੁਨੀਆ ਸਾਹਮਣੇ ਕਿਸਾਨਾਂ ਦੀਆਂ ਮੰਗਾਂ ਲਈ ਸੰਘਰਸ਼ ਤਾਂਘ ਨੂੰ ਦਰਸਾਇਆ ਹੈ ਤੇ ਮੋਦੀ ਸਰਕਾਰ ਦੇ ਗ਼ੈਰ ਜਮਹੂਰੀ ਰਵੱਈਏ ਨੂੰ ਉਘਾਡ਼ਿਆ ਹੈ।ਇਸ ਮਾਰਚ ਦਾ ਸੰਦੇਸ਼ ਹੋਰ ਵਧੇਰੇ ਜ਼ੋਰਦਾਰ ਬਣਨਾ ਸੀ ਜੇਕਰ ਇਸਨੂੰ ਫ਼ਿਰਕੂ ਮੁੱਦਿਆਂ ਤੋਂ ਮੁਕਤ ਰੱਖਿਆ ਜਾਂਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸੰਘਰਸ਼ ਦਾ ਧਰਮ ਨਿਰਪੱਖ ਤੇ ਜਮਹੂਰੀ ਕਿਰਦਾਰ ਸਲਾਮਤ ਰੱਖਣ ਲਈ ਜ਼ੋਰਦਾਰ ਯਤਨ ਜੁਟਾਉਣ ਦੀ ਲੋੜ ਹੈ ਤੇ ਅਜਿਹੇ ਅਨਸਰਾਂ ਨੂੰ ਸੰਘਰਸ਼ ਵਿੱਚੋਂ ਖਦੇੜਿਆ ਜਾਣਾ ਚਾਹੀਦਾ ਹੈ।