ਅਸ਼ੋਕ ਵਰਮਾ
ਬਠਿੰਡਾ, 28 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਸੂਬਾ ਜਰਨਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪੈ੍ਸ ਦੇ ਨਾਂ ਬਿਆਨ ਜਾਰੀ ਕਰਦੇ ਦੱਸਿਆ ਕਿ 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨ ਅੰਦੋਲਨ ਸਬੰਧੀ ਵਾਪਰੀਆਂ ਘਟਨਾਵਾਂ ਮੋਦੀ ਸਰਕਾਰ ਦੀ ਗਿਣੀਮਿਥੀ ਸਾਜਿਸ਼ ਦਾ ਹਿੱਸਾ ਹਨ । ਇਸ ਦਿਨ ਮੋਦੀ ਹਕੂਮਤ ਨੇ ਜੋ ਕਾਲਾ ਕਾਰਨਾਮਾ ਕੀਤਾ ਇਸ ਬਾਰੇ ਖੇਤੀਬਾੜੀ ਮੰਤਰੀ ਤੋਮਰ ਵੱਲੋਂ 22 ਜਨਵਰੀ ਨੂੰ ਕਿਸਾਨ ਨੁਮਾਇੰਦਿਆਂ ਨਾਲ ਗਲਬਾਤ ਤੋੜਨ ਸਮੇਂ ਦਿੱਤੇ ਬਿਆਨ ਤੋਂ ਸਪੱਸ਼ਟ ਹੋ ਜਾਂਦਾ ਹੈ ਜਿਸ ਵਿਚ ਉਸਨੇ ਕਿਹਾ ਸੀ ਕਿ ਹੁਣ ਅੱਗੇ ਤੋਂ ਸਰਕਾਰ ਕੋਈ ਗਲਬਾਤ ਨਹੀਂ ਕਰੇਗੀ ਅਤੇ ਕਿਸਾਨ ਅੰਦੋਲਨ ਛੇਤੀ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਗਣਤੰਤਰ ਦਿਵਸ ਪ੍ਰੇਡ ਕਰਨ ਦੇ ਪ੍ਰੋਗਰਾਮ ਦੌਰਾਨ ਲਾਲ ਕਿਲੇ ਉੱਪਰ ਕੇਸਰੀ ਝੰਡਾ ਲਹਿਰਾਉਣ ਦੀ ਘਟਨਾ ਵਾਪਰਨ ਨਾਲ ਬਹੁਤ ਸਾਰੇ ਸਵਾਲ ਖੜ੍ਹੇ ਹੋ ਗਏ ਹਨ।
ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿੱਚ ਦੋ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ( ਸਿੰਘੂ-ਕੁੰਡਲੀ ਅਤੇ ਟਿੱਕਰੀ) ਬਾਰਡਰ ਤੇ ਪੜਾਅਵਾਰ ਅਮਨਪੂਰਵਕ ਢੰਗ ਨਾਲ ਸੰਘਰਸ਼ ਨੂੰ ਵਿਸ਼ਾਲ ਅਤੇ ਤੇਜ ਕੀਤਾ ਜਾ ਰਿਹਾ ਸੀ। ਮੁਲਕ ਦੀਆਂ 472ਕਿਸਾਨ ਜਥੇਬੰਦੀਆਂ ਅਧਾਰਤ ਸਾਂਝਾ ਕਿਸਾਨ ਸੰਘਰਸ਼ ਤਿੰਨੇ ਖੇਤੀ ਵਿਰੋਧੀ ਕਾਨੂੰਨ, ਬਿਜਲੀ ਸੋਧ ਬਿਲ 2020 ਅਤੇ ਪਰਾਲੀ ਸਾੜਨ ਬਦਲੇ ਕਿਸਾਨਾਂ ਨੂੰ ਕੈਦ ਅਤੇ 5 ਲੱਖ ਜੁਰਮਾਨੇ ਵਾਲਾ ਆਰਡੀਨੈਂਸ ਰੱਦ ਕਰਵਾੳੇਣ ਅਤੇ ਖੇਤੀ ਫਸਲਾਂ ਲਈ ਐਮ ਐਸ ਪੀ ਦੀ ਗਰੰਟੀ ਕਰਨ ਦਾ ਕਾਨੂੰਨ ਬਨਾਉਣ ਸਬੰਧੀ ਕੇਂਦਰੀ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਗਿਆਰਾਂ ਗੇੜ ਦੀ ਗੱਲਬਾਤ ਹੋ ਚੁੱਕੀ ਹੈ।ਮੋਦੀ ਹਕੂਮਤ ਵੱਲੋਂ ਸਾਮਰਾਜੀ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼ ਦੇ ਦਬਾਅ ਤਹਿਤ ਅਡਾਨੀਆਂ-ਅੰਬਾਨੀਆਂ ਅਤੇ ਹੋਰ ਕਾਰਪੋਰੇਟ ਘਰਾਣਿਆਂ ਨੂੰ ਮੁਲਕ ਦੀ ਜਲ, ਜੰਗਲ ਅਤੇ ਜਮੀਨ ਲੁਟਾਉਣ ਲਈ ਇਹ ਕਾਨੂੰਨ ਲਿਆਂਦੇ ਗਏ ਹਨ।ਆਏ ਦਿਨ ਇਹ ਸੰਘਰਸ਼ ਵਿਸ਼ਾਲ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਤੋਂ ਬਾਅਦ ਹਰਿਆਣਾ ਅਤੇ ਹੁਣ ਪੂਰੇ ਮੁਲਕ ਦੇ ਵੱਡੇ ਕਿਸਾਨ ਹਿੱਸਿਆਂ ਵਿੱਚੋਂ ਕਿਸਾਨ ਘੋਲ ਨੂੰ ਜੋਰਦਾਰ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ। ਮੋਦੀ ਸਰਕਾਰ ਇੱਕ ਪਾਸੇ ਕਿਸਾਨਾਂ ਨਾਲ ਗੱਲਬਾਤ ਚਲਾ ਰਹੀ ਸੀ, ਦੂਜੇ ਪਾਸੇ ਇਸ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਤਰ੍ਹਾਂ ਤਰ੍ਹਾਂ ਦੀਆਂ ਸਾਜਿਸ਼ਾਂ ਵੀ ਰਚ ਰਹੀ ਸੀ।ਹਰ ਸਾਜਿਸ਼ ਦਾ ਕਿਸਾਨ/ਲੋਕ ਪੱਖੀ ਦਰੁਸਤ ਪੈਂਤੜੇ ਤੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਿੱਕ ਠੋਕਵਾਂ ਜਵਾਬ ਦਿੱਤਾ ਜਾ ਰਿਹਾ ਹੈ।ਦੀਪ ਸਿੱਧੂ, ਲੱਖੇ ਸਿਧਾਣੇ, ਸਤਨਾਮ ਪੰਨੂ ਦੀ ਅਗਵਾਈ ਵਾਲੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਹੋਰ ਅਰਾਜਿਕਤਾ ਵਾਦੀ ਤੱਤਾਂ ਨੇ ਕਿਸਾਨ ਸੰਘਰਸ਼ ਹਮਾਇਤ ਦੇ ਬੁਰਕੇ ਉਹਲੇ ਘੁਸਪੈਠ ਕਰਕੇ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।ਸੰਯੁਕਤ ਕਿਸਾਨ ਮੋਰਚੇ ਦਾ 26 ਜਨਵਰੀ ਗਣਤੰਤਰ ਕਿਸਾਨ ਪਰੇਡ ਇੱਕ ਅਜਿਹਾ ਸਮਾਨੰਤਰ ਕਦਮ ਸੀ ਜਿਸ ਵੱਲ ਦੁਨੀਆਂ ਭਰ ਦੀਆਂ ਨਿਗਾਹਾਂ ਬੇਸਬਰੀ ਨਾਲ ਲੱਗੀਆਂ ਹੋਈਆਂ ਹਨ।
ਉਹਨਾਂ ਕਿਹਾ ਕਿ ਇਸ ਕਿਸਾਨ ਗਣਤੰਤਰ ਪਰੇਡ ਨੇ ਪੰਜਾਬ ਸਮੇਤ ਸਾਰੇ ਮੁਲਕ ਅਤੇ ਕੌਮਾਂਤਰੀ ਪੱਧਰ ਤੇ ਵੀ ਧਿਆਨ ਆਪਣੇ ਵੱਲ ਖਿੱਚਿਆ ਹੈ।ਸਾਂਝੇ ਕਿਸਾਨ ਘੋਲ ਨੂੰ ਅੰਦਰੋਂ ਢਾਹ ਲਾਉਣ ਦੀ ਮਨਸ਼ਾ ਤਹਿਤ 25 ਜਨਵਰੀ ਦੀ ਰਾਤ ਨੂੰ ਅਚਾਨਕ ਦੀਪ ਸਿੱਧੂ , ਲੱਖਾ ਸਿਧਾਣਾ ਅਤੇ ਕੁੱਝ ਅਰਾਜਿਕਤਾਵਾਦੀ ਤੱਤਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਕਬਜਾ ਕਰਕੇ ਕਿਸਾਨ ਜਥੇਬੰਦੀਆਂ ਖਿਲਾਫ ਰੱਜਕੇ ਭੜਾਸ ਕੱਢੀ, ਇਨ੍ਹਾਂ ਦਾ ਨਿਸ਼ਾਨਾ ਕੇਂਦਰੀ ਹਕੂਮਤ ਨਾ ਹੋਕੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਸੀ।ਇਹਨਾਂ ਨੂੰ ਕਿਸਾਨਾਂ ਦੇ ਏਕੇ ਨਾਲ ਖਦੇੜਿਆ ਗਿਆ। ਫਿਰ ਅਗਲੇ ਦਿਨ 26 ਜਨਵਰੀ ਨੂੰ ਅਰਾਜਿਕਤਾ ਵਾਦੀ ਤੱਤ ਤਹਿ ਕੀਤੇ ਰੂਟ ਨੂੰ ਉਲੰਘ ਕੇ , ਸਾਰੇ ਬੈਰੀਕੇਡ ਭੰਨ੍ਹਕੇ ਅਤਿ ਸੁਰੱਖਿਅਤ ਦਿੱਲੀ ਲਾਲ ਕਿਲੇ ਉੱਪਰ ਪਹੁੰਚ ਗਏ ਅਤੇ ਕੇਸਰੀ ਝੰਡਾ ਝੁਲਾ ਦਿੱਤਾ।
ਉਹਨਾਂ ਕਿਹਾ ਕਿ ਇਹ ਉਹੀ ਦੀਪ ਸਿੱਧੂ ਹੈ ਜਿਹੜਾ ਸਿੰਘੂ ਮੋਰਚੇ ਵੇਲੇ ਕਾਲੇ ਕਾਨੂੰਨਾ ਦੇ ਖਿਲਾਫ ਚੱਲ ਰਹੇ ਕਿਸਾਨ ਮੋਰਚੇ ਅਤੇ ਇਸ ਦੀਆਂ ਮੰਗਾਂ ਨੂੰ ਨਕਾਰ ਕੇ ਆਪਣੇ ਵੱਖਰੇ ਸਿਆਸੀ ਤੰਗ ਨਜਰੀ ਅਤੇ ਫਿਰਕੂ ਮਨਸੂਬਿਆਂ ਦਾ ਸਰ੍ਹੇਆਮ ਐਲਾਨ ਕਰਦਾ ਅਤੇ ਕਿਸਾਨ ਅੰਦੋਲਨ ਦਾ ਵਿਰੋਧੀ ਰਿਹਾ। ਕੇਂਦਰੀ ਸਰਕਾਰ ਵੱਲੋਂ ਪੇਸ਼ ਸੋਧਾਂ ਵੇਲੇ ਇਸਨੇ ਕਿਸਾਨ ਜਥੇਬੰਦੀਆਂ ਨੂੰ 'ਨਸੀਹਤ' ਦਿੱਤੀ ਕਿ ਉਹ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਦਾ ਤਿਆਗ ਕਰਕੇ ਇਹਨਾਂ ਸੋਧਾਂ ਨੂੰ ਮਨਜੂਰ ਕਰਨ । ਕਿਸਾਨ ਸੰਘਰਸ਼ ਤੋਂ ਭਗੌੜੇ ਇਹ ਅਨਸਰ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਅਤੇ ਕਿਸਾਨ ਘੋਲ ਖਿਲਾਫ ਲਗਾਤਾਰ ਸਾਜਿਸ਼ਾਂ ਰਚਦੇ ਰਹੇ। ਇਹ ਸਾਰੇ ਮਨਸੂਬੇ ਫੇਲ ਹੋ ਜਾਣ ਤੋਂ ਬਾਅਦ 26 ਜਨਵਰੀ ਨੂੰ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਵੱਡੀ ਸਾਜਿਸ਼ ਰਚੀ ਜੋ ਅੱਜ ਬੇਨਕਾਬ ਹੋ ਗਈ ਹੈ।
ਉਹਨਾਂ ਕਿਹਾ ਕਿ ਜਥੇਬੰਦੀ ਐਲਾਨ ਕਰਦੀ ਹੈ ਕਿ ਇਸ ਦਿਨ ਜਾਬਤਾਬੱਧ ਢੰਗ ਨਾਲ ਹੋਈ ਪਰੇਡ ਤੋਂ ਬਿਨਾਂ ਹੋਰ ਘਟਨਾਵਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਅਸੀ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਘਟਨਾਵਾਂ ਲਈ ਜੁੰਮੇਵਾਰ ਕੇਂਦਰ ਸਰਕਾਰ ਅਤੇ ਉਸਦਾ ਹੱਥਠੋਕਾ ਬਣੀਆਂ ਤਾਕਤਾਂ ਦਾ ਪਰਦਾਫਾਸ਼ ਕਰਨ ਲਈ ਜੋਰਦਾਰ ਮੁਹਿੰਮ ਚਲਾ ਰਹੇ ਹਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਅਤੇ ਕਿਰਤੀ ਲੋਕਾਂ ਦੇ ਹੱਕੀ ਘੋਲ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਚਕਨਾਚੂਰ ਕਰਨ ਅਤੇ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਲਈ ਇਸ ਪਰਦਾਫਾਸ਼ ਮੁਹਿੰਮ ਨੂੰ ਡਟਵਾਂ ਸਹਿਯੋਗ ਦੇਣ।