ਅਸ਼ੋਕ ਵਰਮਾ
ਬਠਿੰਡਾ, 27 ਜਨਵਰੀ 2021 - ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਦਰਜ ਕੀਤੇ ਝੂਠੇ ਪੁਲਿਸ ਕੇਸਾਂ ਨੂੰ ਲੈਕੇ 30 ਜਨਵਰੀ ਨੂੰ ਰੋਸ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈਸ ਸਕੱਤਰ ਬੂਟਾ ਸਿੰਘ ਨੇ ਦਿੱਲੀ ਪੁਲਿਸ ਵੱਲੋਂ 40 ਦੇ ਕਰੀਬ ਕਿਸਾਨ ਆਗੂਆਂ ਵਿਰੁੱਧ ਇਰਾਦਾ ਕਤਲ ਆਦਿ ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ ਪਰਚੇ ਦਰਜ ਕਰਨ ਅਤੇ 200 ਤੋਂ ਵਧੇਰੇ ਲੋਕਾਂ ਨੂੰ ਗਿ੍ਰਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਗਾਜ਼ੀਪੁਰ ਮੋਰਚੇ ਦੀ ਬਿਜਲੀ ਸਪਲਾਈ ਕੱਟਣ ਅਤੇ ਕਰਨਾਲ ਦੇ ਟੌਲ ਪਲਾਜ਼ੇ ਉੱਪਰ ਲੱਗਿਆ ਲੰਗਰ ਬੰਦ ਕਰਾਉਣ ਵਰਗੀਆਂ ਘਿਣਾਉਣੀਆਂ ਹਰਕਤਾਂ ’ਤੇ ਉੱਤਰ ਆਈ ਹੈ ਜੋ ਪੁਰਅਮਨ ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੇ ਹਮਲਾ ਹੈ ।
ਉਹਨਾਂ ਆਖਿਆ ਕਿ ਭਾਰਤ ਦੇ ਨਿਆਂਪਸੰਦ ਲੋਕ ਇਤਿਹਾਸਕ ਸੰਘਰਸ਼ ਤੇ ਸੱਤਾ ਦੇ ਹਮਲੇ ਦਾ ਜਵਾਬ ਜ਼ਾਬਤਾਬੱਧ ਲੋਕ ਸੰਘਰਸ਼ ਨੂੰ ਹੋਰ ਵੀ ਮਜ਼ਬੂਤ ਬਣਾ ਕੇ ਦੇਣਗੇ। ਉਹਨਾਂ ਕਿਹਾ ਕਿ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਵੱਲੋਂ ਟਰੈਕਟਰ ਪਰੇਡ ਨੂੰ ਤੈਅਸ਼ੁਦਾ ਰੂਟ ਅਨੁਸਾਰ ਅੰਜਾਮ ਦੇਣ ਦੇ ਜੱਗ ਜਾਹਰ ਯਤਨਾਂ ਜਿਹਨਾਂ ਦੀ ਅਗਵਾਈ ਹੇਠ ਟਰੈਕਟਰ ਮਾਰਚ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਸਮੇਟਿਆ ਗਿਆ, ਨੂੰ ਦਰਕਿਨਾਰ ਕਰਕੇ ਕਿਸਾਨ ਆਗੂਆਂ ਖਿਲਾਫ ਪਰਚੇ ਦਰਜ ਕਰਨਾ ਦਰਸਾਉਂਦਾ ਹੈ ਕਿ ਮਸਲੇ ਨੂੰ ਹੱਲ ਕਰਨ ਦੀ ਪਹੁੰਚ ਅਖ਼ਤਿਆਰ ਕਰਨ ਦੀ ਬਜਾਏ ਲੋਕ ਰਾਏ ਨੂੰ ਟਿੱਚ ਸਮਝਣ ਵਾਲੀ ਸਰਕਾਰ ਸੰਘਰਸ਼ ਨੂੰ ਦਬਾਉਣ ਲਈ ਬਹਾਨੇ ਲੱਭ ਰਹੀ ਹੈੈ। ਉਹਨਾਂ ਆਖਿਆ ਕਿ ਗ਼ੈਰਸੰਵਿਧਾਨਕ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣਾ, ਸਗੋਂ ਝੂਠੀਆਂ ਅਫ਼ਵਾਹਾਂ ਫੈਲਾ ਕੇ ਸੰਘਰਸ਼ ਨੂੰ ਬਦਨਾਮ ਕਰਨ ਦੇ ਯਤਨ ਅਤੇ ਝੂਠੇ ਪਰਚੇ ਦਰਜ ਕਰਨ ਦੀਆਂ ਘਿਨਾਉਣੀਆਂ ਚਾਲਾਂ ਚੱਲਣਾ ਸੱਤਾਧਾਰੀ ਧਿਰ ਦੀ ਨੈਤਿਕ ਹਾਰ ਚੋਂ ਪੈਦਾ ਬੌਖਲਾਹਟ ਦਾ ਨਤੀਜਾ ਹੈ।
ਉਹਨਾਂ ਕਿਹਾ ਕਿ ਗੋਦੀ ਮੀਡੀਆ ਵੀ ਦੇਸ਼ ਦੀ ਪੈਦਾਵਾਰ ਸ਼ਕਤੀ ਦੀ ਨਿਸ਼ਾਨਂ ਟਰੈਕਟਰ ਪਰੇਡ ਨੂੰ ਜੰਗਬਾਜ਼ ਰਾਸ਼ਟਰਵਾਦ ਦੀ ਹੋਛੀ ਨੁਮਾਇਸ਼ ਨੂੰ ਫਿੱਕਾ ਪਾ ਦੇਣ ਦੀ ਸ਼ਾਨਦਾਰ ਪ੍ਰਾਪਤੀ ਨੂੰ ਨਾ ਦਿਖਾ ਕੇ ਮੁੱਠੀ ਭਰ ਭੜਕਾਊ ਅਨਸਰਾਂ ਦੀ ਸੰਘਰਸ਼ ਨੂੰ ਢਾਹ ਲਾਉਣ ਦੀ ਕਾਰਵਾਈ ਨੂੰ ਉਛਾਲ ਕੇ ਸੱਤਾ ਅਤੇ ਕਾਰਪੋਰੇਟ ਪੱਖੀ ਰਾਜ ਦੀ ਬੇਸ਼ਰਮੀ ਨਾਲ ਸੇਵਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲੀਆਂ ਘਿਣਾਉਣੀਆਂ ਚਾਲਾਂ ਦੀ ਤਰਾਂ ਹੀ 26 ਜਨਵਰੀ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਬਹਾਨਾ ਬਣਾ ਕੇ ਜ਼ਾਬਤਾਬੱਧ ਇਤਿਹਾਸਕ ਸੰਘਰਸ਼ ਨੂੰ ਬਦਨਾਮ ਕਰਨ ਵਾਲੀ ਹੁਕਮਰਾਨ ਧਿਰ, ਗੋਦੀ ਮੀਡੀਆ ਅਤੇ ਹੋਰ ਲੋਕ ਵਿਰੋਧੀ ਤਾਕਤਾਂ ਨੂੰ ਅਸਫ਼ਲਤਾ ਦਾ ਮੂੰਹ ਹੀ ਦੇਖਣਾ ਪਵੇਗਾ। ਉਹਨਾਂ ਮੰਗ ਕੀਤੀ ਕਿ ਸੰਘਰਸ਼ੀ ਆਗੂਆਂ ਵਿਰੁੱਧ ਦਰਜ ਕੀਤੇ ਪਰਚੇ ਤੁਰੰਤ ਰੱਦ , ਕਾਲੇ ਕਾਨੂੰਨ ਵਾਪਸ ਲੈਣ ਅਤੇ ਡੂੰਘੇ ਖੇਤੀ ਸੰਕਟ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਖੇਤੀ ਮਾਹਿਰਾਂ ਨਾਲ ਗੰਭੀਰ ਸੰਵਾਦ ਸ਼ੁਰੂ ਕਰੇ।