ਅੰਮ੍ਰਿਤਸਰ, 29 ਜਨਵਰੀ 2021 - ਖਾਲੜਾ ਮਿਸ਼ਨ ਦੇ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਮੁਖੀ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਕ ਪ੍ਰੈੱਸ ਵਾਰਤਾ ਦੇ ਵਿਚ ਦਿੱਲੀ ਬਾਰਡਰ ਤੇੇ ਪੰਜਾਬ ਤੋਂ ਗਏ 400 ਦੇ ਕਰੀਬ ਵਿਅਕਤੀ ਜੋ ਹੁਣ ਤੱਕ ਵਾਪਸ ਨਹੀਂ ਪਰਤੇ ਹਨ ਅਤੇ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਇਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਹੈ।
ਮਰਹੂਮ ਜਸਵੰਤ ਸਿੰਘ ਖਾਲੜਾ ਖਾਲੜਾ ਮਿਸ਼ਨ ਦੇ ਮੁਖੀ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਇਹ ਸਰਾਸਰ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਤੇ ਜੋ ਨੌਜਵਾਨ ਅਤੇ ਆਦਮੀ ਪੰਜਾਬ ਤੋਂ ਧਰਨੇ ਵਿਚ ਸ਼ਾਮਲ ਹੋਣ ਗਏ ਸਨ, ਸ਼ੱਕ ਹੈ ਕਿ ਉਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਅਣਜਾਣ ਜਗ੍ਹਾ ਤੇ ਰੱਖਿਆ ਹੋਇਆ ਹੈ ਅਤੇ ਜੋ ਕਿ ਬਿਲਕੁਲ ਗੈਰ ਕਾਨੂੰਨੀ ਹੈ।
ਉਨ੍ਹਾਂ ਨੇ ਕਿਹਾ ਕਿ ਇਕ ਦਿਨ ਤੋਂ ਵੱਧ ਪੁਲਸ ਬਗ਼ੈਰ ਮੁਕੱਦਮਾ ਬਣਾਏ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿੱਚ ਨਹੀਂ ਰੱਖ ਸਕਦੀ।
ਮਨੁੱਖੀ ਅਧਿਕਾਰ ਸੰਗਠਨ ਦੇ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ਦਾ ਪਤਾ ਦੱਸਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਇਸ ਤੋਂ ਬਾਅਦ ਵੀ ਕਿਸੇ ਹਰਕਤ ਵਿੱਚ ਨਹੀਂ ਆਉਂਦੀ ਤਾਂ ਉਹ ਕਿਸਾਨ ਸੰਗਠਨਾਂ ਨੂੰ ਇਸ ਬਾਰੇ ਗੱਲਬਾਤ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਵਿੱਚ ਹਾਈਕੋਰਟ ਤੇ ਵਕੀਲਾਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਜੇਕਰ ਇਸ ਮਸਲੇ ਦਾ ਹੱਲ ਜਲਦੀ ਨਹੀਂ ਕੀਤਾ ਜਾਂਦਾ ਤਾਂ ਉਹ ਦਿੱਲੀ ਜਾ ਕੇ ਵੀ ਇਸ ਲਈ ਸੰਘਰਸ਼ ਕਰਨਗੇ।
ਵੇਰਕਾ ਨੇ ਕਿਹਾ ਕਿ ਜਲਦੀ ਹੀ ਉਹ ਅਖ਼ਬਾਰਾਂ ਦੇ ਵਿੱਚ ਇਸ਼ਤਿਹਾਰ ਰਾਹੀਂ ਇੱਕ ਨੰਬਰ ਵੀ ਦੇਣਗੇ। ਜਿਸ ਵਿੱਚ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਮਿਲ ਨਹੀਂ ਰਹੇ ਹਨ। ਉਹ ਉਸ ਨੰਬਰ ਤੇ ਸੰਪਰਕ ਕਰ ਕੇ ਆਪਣੇ ਮੈਂਬਰ ਦਾ ਵੇਰਵਾ ਦੇ ਸਕਣ ਅਤੇ ਉਨ੍ਹਾਂ ਵਿਅਕਤੀਆਂ ਨੂੰ ਲੱਭਣ ਵਿਚ ਮਦਦ ਹੋ ਸਕੇ।
ਤਿਰੰਗੇ ਝੰਡੇ ਦੇ ਅਪਮਾਨ ਨੂੰ ਲੈ ਕੇ ਵੇਰਕਾ ਨੇ ਕਿਹਾ ਕਿ ਜਿੰਨੀਆਂ ਧਰਾਵਾਂ ਦੇ ਤਹਿਤ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਹਨ ਕਿਸੇ ਵੀ ਪਰਚੇ ਵਿਚ ਝੰਡੇ ਦੀ ਅਪਮਾਨ ਦੀ ਗੱਲ ਨਹੀਂ ਸ਼ਾਮਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਇਕ ਕੋਝੀ ਚਾਲ ਹੈ। ਉਨ੍ਹਾਂ ਕਿਹਾ ਕਿ ਜਿਸ ਲਾਲ ਕਿਲੇ ਤੇ ਇਕ ਚਿੜੀ ਵੀ ਨਹੀਂ ਆ ਸਕਦੀ ਉੱਥੇ ਇੰਨੇ ਕਿਸਾਨਾਂ ਨੂੰ ਇਜਾਜ਼ਤ ਕਿੰਨੇ ਦਿੱਤੀ ਇਹ ਵਿਚਾਰਨ ਵਾਲਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਿਤੇ ਵੀ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਗਿਆ ਹੈ ਬਲਕਿ ਇਕ ਸਿੱਖੀ ਨਿਸ਼ਾਨ ਲਗਾਇਆ ਗਿਆ ਹੈ ਨਾ ਕਿ ਖ਼ਾਲਿਸਤਾਨੀ ਨਿਸ਼ਾਨ।