ਅਸ਼ੋਕ ਵਰਮਾ
ਜਲੰਧਰ,27ਜਨਵਰੀ2021:ਜਮਹੂਰੀ ਕਿਸਾਨ ਸਭਾ ਪੰਜਾਬ ਨੇ ਗਣਤੰਤਰ ਦਿਵਸ ਮੌਕੇ ਕੀਤੀ ਜਾ ਰਹੀ ਸ਼ਾਂਤੀਪੂਰਨ ਕਿਸਾਨ ਪਰੇਡ ਦੌਰਾਨ, ਅਰਾਜਕਤਾਵਾਦੀ ਕਾਰਵਾਈਆਂ ਕਰਨ ਵਾਲੇ ਮੁੱਠੀ ਭਰ ਸ਼ਰਾਰਤੀ ਅਨਸਰਾਂ ਦੀ ਜੋਰਦਾਰ ਨਿਖੇਧੀ ਕੀਤੀ ਹੈ। ਸਭਾ ਦੇ ਸੂਬਾ ਪ੍ਰਧਾਨ ਸਾਥੀ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀਆਂ ਲਗਭਗ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚਾ’ ਵੱਲੋਂ ‘ਗਣਤੰਤਰ ਦਿਵਸ ਕਿਸਾਨ ਟਰੈਕਟਰ ਪਰੇਡ‘ ਦਾ ਬਾਕਾਇਦਾ ਐਲਾਨ ਕਰਕੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਦੇ ਮੱਦੇਨਜ਼ਰ ਰੂਟ ਤੈਅ ਕੀਤਾ ਸੀ ਪਰ ਸ਼ਰਾਰਤੀ ਤੱਤਾਂ ਜਿਹਨਾਂ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਵੀ ਨਹੀਂ, ਦੀਆਂ ਗੈਰ ਜਿੰਮੇਵਾਰਾਨਾ ਕਾਰਵਾਈਆਂ ਨੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਅਤੇ ਮਾਹੌਲ ਵਿਗਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਕਿਹਾ ਕਿ ਇਸ ਕਾਰਵਾਈ ਲਈ ਪ੍ਰਸ਼ਾਸ਼ਨ ਨਾਲ ਸਾਂਝੀ ਕਿਸਾਨ ਲੀਡਰਸ਼ਿਪ ਤੋਂ ਵੱਖਰੀਆਂ ਮੀਟਿੰਗਾਂ ਕਰਕੇ ਵੱਖਰਾ ਰੂਟ ਤੈਅ ਕਰਨ ਵਾਲੇ ਵੀ ਬਰਾਬਰ ਦੇ ਦੋਸ਼ੀ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਕਬੂਲੀਅਤ ਹਾਸਿਲ ਕਰਨ ਵਾਲੇ, ਸ਼ਾਂਤੀਪੂਰਨ, ਜਮਹੂਰੀ ਲੀਹਾਂ ਤੇ, ਸੰਵਿਧਾਨਕ ਦਾਇਰੇ ਅੰਦਰ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਸੰਗਰਾਮ ਕੇਂਦਰ ਦੀ ਮੋਦੀ ਸਰਕਾਰ ਦੀਆਂ ਅੱਖਾਂ ਵਿੱਚ ਵੀ ਬਹੁਤ ਰੜਕਦਾ ਹੈ ਜਿਸ ਨੂੰ ਕੁਰਾਹੇ ਪਾਕੇ ਸਾਬੋਤਾਜ ਕਰਨ ਦੀਆਂ ਕੁਚਾਲਾਂ ਸਰਕਾਰ ਲੰਮੇ ਸਮੇਂ ਤੋਂ ਚੱਲ ਰਹੀ ਸੀ।ਉਹਨਾਂ ਹੈਰਾਨੀ ਜਾਹਿਰ ਕਰਦਿਆਂ ਸਵਾਲ ਕੀਤਾ ਕਿ ਮੁੱਠੀ ਭਰ ਲੋਕ ਘੰਟਿਆਂ ਬੱਧੀ ਲਾਲ ਕਿਲੇ ਵਰਗੀ ਸੰਵੇਦਨਸ਼ੀਲ ਤੇ ਗੌਰਵਸ਼ਾਲੀ ਇਮਾਰਤ ਵਿੱਚ ਖਰੂਦ ਕਿਵੇਂ ਪਾਉਂਦੇ ਰਹੇ ਅਤੇ ਦਿੱਲੀ ਪੁਲਸ ਮੂਕ ਦਰਸ਼ਕ ਬਣ ਕੇ ਕਿਉਂ ਦੇਖਦੀ ਰਹੀ ?ਕਿਸਾਨ ਆਗੂਆਂ ਨੇ ਲੋਕਾਈ ਨੂੰ ਸਾਂਝੀ ਕਿਸਾਨ ਲੀਡਰਸ਼ਿਪ ਤੇ ਭਰੋਸਾ ਰੱਖਣ ਅਤੇ ਸੰਘਰਸ਼ੀ ਕਿਸਾਨਾਂ ਨੂੰ ਅਨੁਸ਼ਾਸਨ ਦੀ ਪਾਲਣਾ ਕਰਨ ਤੇ ਸ਼ਰਾਰਤੀ ਅਨਸਰਾਂ ਦੀਆਂ ਚਾਲਾਂ ਅਸਫਲ ਕਰਨ ਦੀ ਅਪੀਲ ਕੀਤੀ।