ਚੰਡੀਗੜ੍ਹ, 28 ਅਗਸਤ 2018 - ਅੱਜ ਪੰਜਾਬ ਵਿਧਾਨ ਸਭਾ ਵਿੱਚ ਧਾਰਮਿਕ ਗ੍ਰੰਥਾਂ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ , ਕੁਰਾਨ , ਗੀਤਾ ਅਤੇ ਬਾਈਬਲ ਦੀ ਥਾਂ ਥਾਂ ਸਾਜਿਸ਼ੀ ਢੰਗ ਨਾਲ ਹੋਈ ਬੇਅਦਵੀ ਅਤੇ ਬੁਰਜ ਜਵਾਹਰ ਸਿੰਘ ਵਾਲਾ ,ਕੋਟਕਪੂਰਾ ਅਤੇ ਬਰਗਾੜੀ ਵਿੱਚ ਵਾਪਰੀਆਂ ਘਟਨਾਵਾਂ ਸੰਬੰਧੀ , ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ , ਚਿਰਾਂ ਤੋਂ ਉਡੀਕੀ ਜਾ ਰਹੀ ਰਿਪੋਰਟ ਪੇਸ਼ ਹੋਣ ਜਾ ਰਹੀ ਹੈ | ਪੰਜਾਬ ਅਤੇ ਦੇਸ਼ ਦਾ ਹਰ ਇਨਸਾਫ਼ ਪਸੰਦ ਇਨਸਾਨ ਇਨ੍ਹਾਂ ਦੁਖਦਾਈ ਘਟਨਾਵਾਂ ਦਾ ਸੱਚ ਜਾਨਣ ਲਈ ਉਤਸੁਕ ਹੈ ਕਿਓਂਕਿ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੇ ਪੰਜਾਬ ਦਾ ਸ਼ਾਂਤ ਮਾਹੌਲ ਹੀ ਨਹੀਂ ਸੀ ਬਿਗਾੜ ਦਿੱਤਾ ਸਗੋਂ ਪੰਥਕ ਸੰਸਥਾਵਾਂ , ਜਥੇਦਾਰਾਂ , ਡੇਰਾਵਾਦ , ਅਕਾਲੀਦਲ , ਸਰਕਾਰ , ਖੁਫੀਆ ਤੰਤਰ , ਪੁਲਿਸ ਅਤੇ ਸਿਵਿਲ ਅਡਮਿਨਿਸਟ੍ਰੇਸ਼ਨ ਆਦਿ ਤੇ ਭੀ ਗੰਭੀਰ ਸੁਆਲ ਖੜ੍ਹੇ ਕਰ ਦਿੱਤੇ ਸਨ |
ਇਸ 'ਤੇ ਪੰਥਕ ਫਰੰਟ ਦੇ ਕਨਵੀਨਰ ਸੁਖਦੇਵ ਸਿੰਘ " ਭੌਰ " ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵਿਧਾਨ ਸਭਾ ਵਿੱਚ ਸਾਰੀਆਂ ਰਾਜਨੀਤਕ ਧਿਰਾਂ ਇਨ੍ਹਾਂ ਘਟਨਾਵਾਂ ਦੀ ਹਕੀਕਤ ਜਾਨਣ ਲਈ ਉਤਾਵਲੀਆਂ ਹਨ ਪਰ ਬਾਦਲ ਦਲ ਅਤੇ ਭਾਜਪਾ ਵਾਲੇ ਅੱਡੀਆਂ ਚੁੱਕ ਚੁੱਕ ਕੇ ਰਿਪੋਰਟ ਦਾ ਵਿਰੋਧ ਕਰ ਰਹੇ ਹਨ , ਪਤਾ ਨਹੀਂ ਕਿਓਂ ਉਹ ਇੰਨ੍ਹਾਂ ਘਟਨਾਵਾਂ ਦਾ ਸੱਚ ਪ੍ਰਗਟ ਨਹੀਂ ਹੋਣ ਦੇਣਾ ਚਾਹੁੰਦੇ ? ਉਨ੍ਹਾਂ ਕਿਹਾ ਕਿ ਦਰਅਸਲ ਇੰਨ੍ਹਾਂ ਘਟਨਾਵਾਂ ਦਾ ਸੱਚ ਜਾਨਣ ਲਈ ਹੁਣ ਤੱਕ ਤਿੰਨ ਕਮਿਸ਼ਨ ਬਣ ਚੁੱਕੇ ਹਨ ਪਹਿਲੇ ਦੋ ਕਮਿਸ਼ਨਾਂ ਦਾ ਭੀ ਇਨ੍ਹਾਂ ਇੱਕ ਤਰਾਂ ਨਾਲ ਮਜਾਕ ਹੀ ਉਡਾਇਆ ਸੀ |
ਭੌਰ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੇ ਦੋਨੋਂ ਕਮਿਸ਼ਨ ਬਾਦਲ ਸਰਕਾਰ ਸਮੇ ਆਪਣੀਆਂ ਰਿਪੋਰਟਾਂ ਦੇ ਚੁੱਕੇ ਹਨ , ਇੱਕ ਜਸਟਿਸ ਕਾਟਜੂ ਕਮਿਸ਼ਨ ਜੋ ਪੀਪਲ ਕਮਿਸ਼ਨ ਸੀ ਤੇ ਇੱਕ ਇੰਨ੍ਹਾਂ ਵਲੋਂ ਆਪ ਬਣਾਇਆ ਜਸਟਿਸ ਜ਼ੋਰਾ ਸਿੰਘ ਕਮਿਸ਼ਨ , ਜਿਸ ਨੂੰ ਪਹਿਲਾਂ ਤਾਂ ਬਾਦਲ ਸਰਕਾਰ ਵਲੋਂ ਛੇ ਮਹੀਨੇ ਦਫਤਰ ਅਤੇ ਅਮਲਾ ਹੀ ਨਹੀਂ ਦਿੱਤਾ ਗਿਆ ਤੇ ਜਦੋਂ ਉਹ ਰਿਪੋਰਟ ਤਿਆਰ ਕਰ ਕੇ ਬਾਦਲ ਸਰਕਾਰ ਨੂੰ ਦੇਣ ਪਹੁੰਚੇ , ਕੋਈ ਰਿਪੋਰਟ ਭੀ ਨਹੀਂ ਸੀ ਲੈਣ ਆਇਆ | ਕਿਓਂਕਿ ਇਹ ਇਸ ਮਸਲੇ ਤੇ ਗੰਭੀਰ ਹੀ ਨਹੀਂ ਸਨ । ਉਨ੍ਹਾਂ ਕਿਹਾ ਕਿ ਹੁਣ ਅੱਜ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਹਾਊਸ ਵਿੱਚ ਬਹਿਸ ਹੋਣੀ ਹੈ ਜਿਸ ਦਾ ਸਰਕਾਰ ਨੇ ਸਿੱਧਾ ਪ੍ਰਸਾਰਣ ਕਰਨ ਦੀ ਭੀ ਆਗਿਆ ਦੇ ਦਿੱਤੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਬਾਦਲ ਦੱਲ ਦਾ ਰਿਹਾ ਰਵਈਆ ਅਫਸੋਸਨਾਕ ਹੀ ਕਿਹਾ ਜਾ ਸਕਦਾ ਹੈ ,ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੇ ਸੰਕੇਤ ਦਿੰਦੀ ਇਸ ਰਿਪੋਰਟ ਨੂੰ ਰੱਦੀ ਕਿਹਾ ਜਾ ਰਿਹਾ ਹੈ |
ਇਸ ਰਿਪੋਰਟ ਦੀ ਵਿਧਾਨ ਸਭਾ ਤੋਂ ਬਾਹਰ ਸੇਲ ਲਾ ਕੇ ਆਪਣਾ ਮਜਾਕ ਆਪ ਉਡਾਇਆ ਜਾ ਰਿਹਾ ਹੈ , ਵੱਖ ਵੱਖ ਪਾਰਟੀਆਂ ਲਈ ਵੱਖ ਵੱਖ ਡਿਸਕਾਊਂਟ ਦਰਸਾਏ ਜਾ ਰਹੇ ਹਨ ਜਿਹੜੇ ਬੰਦੇ ਆਪ " ਭਾਈਆ ਡਿਸਕਾਊਂਟ " ਰਾਹੀਂ ਸਿਆਸਤ ਵਿੱਚ ਪ੍ਰਵੇਸ਼ ਕੀਤੇ ਹਨ ਉਹ "ਭਾਈਆ ਡਿਸਕਾਊਂਟ " ਦੀਆਂ ਗੱਲਾਂ ਕਰ ਰਹੇ ਹਨ |
ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਸੱਚ ਨੂੰ ਝੁਠਲਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ । ਕਦੀਂ ਗੁਰਮੁਖ ਸਿੰਘ ਦੀ ਨਿਯੁਕਤੀ ਕੀਤੀ ਜਾਂਦੀ ਹੈ ਤੇ ਕਦੀਂ ਉਸ ਦੇ ਭਰਾ ਹਿੰਮਤ ਸਿੰਘ ਦੀਆਂ ਪ੍ਰੈਸ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ | ਕਦੀਂ ਮੋਬਾਈਲ ਟਾਵਰਾਂ ਦੀ ਲੋਕੇਸ਼ਨ ਦਰਸਾ ਕੇ , ਕੌਣ ਕਿਸ ਨੂੰ ਕਿਥ੍ਹੇ ਮਿਲਿਆ ਹੈ ਦਰਸਾ ਕੇ ਆਪਣੀ ਕਾਬਲੀਅਤ ਦਿਖਾਉਣ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਹ ਕਾਬਲੀਅਤ ਬੇਅਦਬੀ ਦੇ ਦੋਸ਼ੀ ਫੜ੍ਹਨ ਲਈ ਕਿਓਂ ਨਹੀਂ ਵਰਤੀ ਗਈ ? ਉਸ ਵੇਲੇ ਤਾਂ ਸਰਕਾਰ ਭੀ ਤੁਹਾਡੀ ਆਪਣੀ ਸੀ । ਕਦੀਂ ਸ਼੍ਰੋਮਣੀ ਕਮੇਟੀ ਦੀ ਹੰਗਾਮੀ ਮੀਟਿੰਗ ਕਰਵਾ ਕੇ ਰੀਪੋਰਟ ਰੱਦ ਕਰਵਾਈ ਜਾ ਰਹੀ ਹੈ ਜਦਕਿ ਕਿਸੇ ਇੱਕ ਭੀ ਮੈਂਬਰ ਨੇ ਰਿਪੋਰਟ ਦੇ ਦਰਸ਼ਨ ਤੱਕ ਨਹੀਂ ਕੀਤੇ।
ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਕਦੀਂ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਇਹ ਕਿਓਂ ਭੁੱਲਿਆ ਜਾ ਰਿਹਾ ਹੈ ਕਿ ਇਹ ਓਹੀ ਜਥੇਦਾਰ ਨੇ ਜਿਨ੍ਹਾਂ ਗੁਰੂ ਸਾਹਿਬ ਦੀ ਬੇਅਦਵੀ ਸਮੇ ਆਪਣੇ ਮੂੰਹਾਂ ਨੂੰ ਲੱਗੇ ਸਿਆਸੀ ਤਾਲੇ ਨਹੀ ਸੀ ਖੋਲ੍ਹੇ , ਇਨ੍ਹਾਂ ਵਿਚਾਰਿਆਂ ਨੂੰ ਤੁਸੀਂ ਪੰਥ ਜੋਗੇ ਤਾਂ ਛੱਡਿਆ ਹੀ ਨਹੀਂ |
ਉਨ੍ਹਾਂ ਕਿਹਾ ਕਿ ਸੁਖਬੀਰ ਵਲੋਂ ਜਸਟਿਸ ਰਣਜੀਤ ਸਿੰਘ ਦੀ ਡਿਗਰੀ ਉੱਤੇ ਸਵਾਲ ਉਠਾਉਣੇ ਕੀ ਸਾਬਤ ਕਰਦਾ ਹੈ ? ਕੀ ਉਸ ਨੂੰ ਪਤਾ ਨਹੀਂ ਸਰਕਾਰ ਵਲੋਂ ਬਣਾਏ ਕਮਿਸ਼ਨ ਦੀ ਕੀ ਕਾਨੂੰਨੀ ਹਸਤੀ ਹੁੰਦੀ ਹੈ ? ਜਿਨ੍ਹਾਂ ਦੀ ਆਪਣੀ ਸਿੱਖੀ ਸਵਾਲਾਂ ਦੇ ਘੇਰੇ ਵਿੱਚ ਹੈ ਉਹ ਦੂਜਿਆਂ ਨੂੰ ਸਿੱਖ ਹੋਣ ਦੇ ਸਰਟੀਫ਼ੀਕੇਟ ਜਾਰੀ ਕਰ ਰਹੇ ਹਨ। ਭੌਰ ਨੇ ਕਿਹਾ ਕਿ ਇਨ੍ਹਾਂ ਹੱਥਕੰਡਿਆਂ ਦਾ ਰਿਪੋਰਟ ਤੇ ਕੋਈ ਅਸਰ ਨਹੀਂ ਪੈਣਾਂ , ਬਾਦਲ ਦਲ ਨੂੰ ਰਿਪੋਰਟ ਦਾ ਸਾਹਮਣਾ ਕਰਨਾ ਹੀ ਪੈਣਾ ਹੈ | ਹਾਊਸ ਵਿੱਚ ਰਿਪੋਰਟ ਪੇਸ਼ ਹੋਣ ਤੇ ਉਸ ਵਿਚਲੀਆਂ ਗ਼ਲਤ ਗੱਲਾਂ ਤੇ ਬਹਿਸ ਹੋ ਸਕਦੀ ਹੈ , ਹਾਊਸ ਵਿੱਚ ਜਾ ਕੇ ਆਪਣਾਂ ਪੱਖ ਰੱਖਿਆ ਜਾ ਸਕਦਾ ਹੈ , ਕਾਰਵਾਈ ਹਾਊਸ ਦੀ ਰਿਕਾਰਡ ਹੋਣੀ ਹੈ ਚੌਂਕਾਂ ਚੁਰਾਹਿਆਂ ਦੀ ਨਹੀਂ।
ਉਨ੍ਹਾਂ ਅੱਜ ਦੇ ਇਸ ਮਹੱਤਵਪੂਰਨ ਦਿਨ ਲਈ ਅਰਦਾਸ ਕਰਦਿਆਂ ਕਿਹਾ ਕਿ ਪਰਮਾਤਮਾ ਕਰੇ ਗੁਰਬਾਣੀ ਦੇ ਅਪਮਾਨ ਦੇ ਅਸਲ ਦੋਸ਼ੀ ਬੇਪਰਦ ਹੋਣ ਅਤੇ ਸਰਕਾਰ ਆਪਣੇ ਵਾਅਦੇ ਮੁਤਾਬਿਕ ਉਨ੍ਹਾਂ ਨੂੰ ਸਖ਼ਤ ਤੋਂ ਸੱਖਤ ਸਜ਼ਾਵਾਂ ਦੇ ਕੇ ਸਮੁੱਚੀ ਕੌਮ ਦੇ ਹਿਰਦੇ ਸ਼ਾਂਤ ਕਰ ਸਕੇ ।