ਮੁੱਖ ਮੰਤਰੀ ਵੱਲੋਂ ਬੇਅਦਬੀ ਅਤੇ ਪੁਲੀਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਪੜਤਾਲੀਆ ਟੀਮ ਬਣਾਉਣ ਦਾ ਐਲਾਨ
ਸੀ.ਬੀ.ਆਈ. ਪਾਸੋਂ ਜਾਂਚ ਵਾਪਸ ਲੈਣ ਸਬੰਧੀ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਨ ਪਿੱਛੋਂ ਨਿਆਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ
ਯਾਦਵਿੰਦਰ ਸਿੰਘ ਤੂਰ
ਚੰਡੀਗੜ, 28 ਅਗਸਤ, 2018 :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਰਗਾੜੀ ਤੇ ਬੇਅਦਬੀ ਦੇ ਹੋਰ ਮਾਮਲਿਆਂ ਦੇ ਨਾਲ-ਨਾਲ ਬਹਿਬਲ ਕਲਾਂ ਅਤੇ ਕੋਟਕਪੂਰਾ ’ਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਸਮਾਂਬੱਧ ਜਾਂਚ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਪੜਤਾਲੀਆ ਟੀਮ ਦੇ ਗਠਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨਾਂ ਦੀ ਸਰਕਾਰ ਇਸ ਪੜਤਾਲੀਆ ਟੀਮ ਦੀਆਂ ਸਿਫ਼ਾਰਸ਼ਾਂ ’ਤੇ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਕਾਰਵਾਈ ਕਰੇਗੀ ਤਾਂ ਕਿ ਬੇਕਸੂਰ ਲੋਕਾਂ ਨੂੰ ਨਿਆਂ ਦਿਵਾਉਣਾ ਯਕੀਨੀ ਬਣਾਇਆ ਜਾ ਸਕੇ।
ਅੱਜ ਇੱਥੇ ਵਿਧਾਨ ਸਭਾ ਵਿੱਚ ਸਦਨ ਵਿੱਚ ਜ਼ੁਬਾਨੀ ਵੋਟਾਂ ਰਾਹੀਂ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਇਨਾਂ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਤੋਂ ਵਾਪਸ ਲੈ ਕੇ ਵਿਸ਼ੇਸ਼ ਪੜਤਾਲੀਆ ਟੀਮ ਪਾਸੋਂ ਕਰਵਾਉਣ ਦੀ ਕੀਤੀ ਮੰਗ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਐਲਾਨ ਅਤੇ ਭਰੋਸਾ ਦਿੱਤਾ।
ਮੁੱਖ ਮੰਤਰੀ ਦੀ ਅਪੀਲ ’ਤੇ ਇਹ ਪ੍ਰਸਤਾਵ ਪੇਂਡੂ ਵਿਕਾਸ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਪੇਸ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਬਹੁਤੇ ਵਿਧਾਇਕਾਂ ਦੀਆਂ ਭਾਵਨਾਵਾਂ ਦੇ ਸੰਦਰਭ ਵਿੱਚ ਇਹ ਫੈਸਲਾ ਲਿਆ।
ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਕਾਰਵਾਈ ਰਿਪੋਰਟ (ਐਕਸ਼ਨ ਟੇਕਨ ਰਿਪੋਰਟ) ’ਤੇ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਕਿਸੇ ਤਰਾਂ ਦੀ ਨਰਮੀ ਵਰਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨਾਂ ਕਿਹਾ ਕਿ ਬਾਦਲ ਨੇ ਆਪਣੇ ਨਿੱਜੀ ਮੁਫ਼ਾਦਾਂ ਦੀ ਖਾਤਰ ਪੰਜਾਬ ਤੇ ਇੱਥੋਂ ਦੇ ਲੋਕਾਂ ਦਾ ਘਾਣ ਕਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਸਣੇ ਅਕਾਲੀ ਲੀਡਰਾਂ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ’ਚ ਪੁਲੀਸ ਗੋਲੀ ਦਾ ਸ਼ਿਕਾਰ ਹੋਏ ਲੋਕਾਂ ਦਾ ਹਾਲ-ਚਾਲ ਪੁੱਛਣ ਲਈ ਇਕ ਵਾਰ ਵੀ ਨਾ ਜਾਣ ’ਤੇ ਸਖ਼ਤ ਅਲੋਚਨਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਬਰਗਾੜੀ ਦੇ ਬੇਅਦਬੀ ਮਾਮਲੇ ਅਤੇ ਇਸ ਪਿੱਛੋਂ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਸੱਚ ਸਾਹਮਣੇ ਲਿਆਉਣ ਦਾ ਵਾਅਦਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਇਨਾਂ ਘਟਨਾਵਾਂ ਦੇ ਜ਼ਖਮੀਆਂ ਦਾ ਪਤਾ ਲੈਣ ਗਏ ਸਨ ਤਾਂ ਉਨਾਂ ਨੇ ਇਸ ਦੀ ਵਿਸਥਾਰਤ ਜਾਂਚ ਕਰਵਾਉਣ ਦਾ ਫੈਸਲਾ ਲਿਆ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੁਜ਼ਦਿਲ ਤੇ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਹ ਉਸ ਨੂੰ ਚੰਗੀ ਤਰਾਂ ਜਾਣਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਨੇ ਉਨਾਂ ਖਿਲਾਫ਼ ਝੂਠੇ ਪਰਚੇ ਦਰਜ ਕਰਵਾਏ। ਇੱਥੋਂ ਤੱਕ ਕਿ ਉਨਾਂ ਨੂੰ ਵਿਧਾਨ ਸਭਾ ’ਚੋਂ ਬਾਹਰ ਕੱਢ ਦਿੱਤਾ ਸੀ ਅਤੇ ਸੁਪਰੀਮ ਕੋਰਟ ਨੇ ਉਨਾਂ ਦੀ ਮੈਂਬਰੀ ਨੂੰ ਮੁੜ ਬਹਾਲ ਕੀਤਾ ਸੀ।
ਅਪ੍ਰੇਸ਼ਨ ਬਲਿੳੂ ਸਟਾਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਲਈ ਸਿੱਧੇ ਤੌਰ ’ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਗੱਲਬਾਤ ਲਈ ਕੋਈ ਰਸਤਾ ਖੁੱਲਦਾ ਸੀ ਤਾਂ ਬਾਦਲ ਸਾਰੇ ਕੀਤੇ ਕਰਾਏ ’ਤੇ ਪਾਣੀ ਫੇਰ ਦਿੰਦਾ ਸੀ। ਉਨਾਂ ਕਿਹਾ ਕਿ ਬਾਦਲ ਵਾਅਦਾ ਕਰਕੇ ਗਰਮਦਲੀਆਂ ਨੂੰ ਉਕਸਾਉਂਦਾ ਸੀ ਅਤੇ ਮਗਰੋਂ ਜ਼ੁਬਾਨੋਂ ਭੱਜ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਸਮਿਆਂ ਦਾ ਇਤਿਹਾਸ ਲਿਖਿਆ ਜਾਣਾ ਹੈ ਅਤੇ ਇਸ ਵਿੱਚ ਬਾਦਲ ਬਖਸ਼ਿਆ ਨਹੀਂ ਜਾਵੇਗਾ।
ਮੁੱਖ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ’ਤੇ ਵਰਦਿਆਂ ਕਿਹਾ ਕਿ ਕਿਸੇ ਨੂੰ ਨਹੀਂ ਪਤਾ ਉਹ ਕਿੱਥੋਂ ਆਇਆ ਹੈ ਜਦਕਿ ਇਸ ਦੇ ਪਰਿਵਾਰ ਦਾ ਕਿਰਦਾਰ ਵਧੀਆ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਇਕ ਖਤਰਨਾਕ ਜੁੰਡਲੀ ਬਣਾਉਣ ਲਈ ਮਜੀਠੀਆ ਦਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦਾ ਮੇਲ ਹੋ ਗਿਆ ਜੋ ਸੂਬੇ ਦੇ ਹਿੱਤਾਂ ਦੇ ਵਿਰੁੱਧ ਅਤੇ ਵੰਡੀਆਂ ਪਾਉਣ ਲਈ ਕੰਮ ਕਰ ਰਹੇ ਹਨ।
ਬਰਗਾੜੀ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀ.ਜੀ.ਪੀ. ਸੈਣੀ ਨੇ ਆਪਣੀ ਸੇਵਾਮੁਕਤੀ ਤੋਂ ਇਕ ਦਿਨ ਪਹਿਲਾਂ ਬਿਆਨ ਦਰਜ ਕਰਵਾਇਆ ਕਿ ਗੋਲੀਬਾਰੀ ਦੀ ਘਟਨਾ ਤੋਂ ਪਹਿਲਾਂ ਉਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਸੂਬੇ ਵਿੱਚ ਉਸ ਮੌਕੇ ਦੀ ਭਿਆਨਕ ਸਥਿਤੀ ਵਿੱਚ ਮੁੱਖ ਮੰਤਰੀ ਸੌਂ ਕਿਵੇਂ ਸਕਦਾ ਹੈ ਜਿਵੇਂ ਕਿ ਬਾਦਲ ਨੇ ਦਾਅਵਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਲੀਡਰ ਹੇਠਲੇ ਪੱਧਰ ’ਤੇ ਦੋਸ਼ ਨਹੀਂ ਮੜਦਾ ਹੁੰਦਾ ਅਤੇ ਸੁਭਾਵਿਕ ਹੈ ਕਿ ਬਾਦਲ ਵਿੱਚ ਲੀਡਰਾਂ ਵਾਲੀ ਕੋਈ ਗੱਲ ਨਹੀਂ ਹੈ।
ਮੁੱਖ ਮੰਤਰੀ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਵੱਲੋਂ ਕੀਤੇ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ ਪਰ ਉਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਖੁਦ ਹੋਰ ਪੜਤਾਲ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।
ਇਸ ਤੋਂ ਪਹਿਲਾਂ ਬਹਿਸ ਵਿੱਚ ਹਿੱਸਾ ਲੈਂਦਿਆਂ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ੱਕੀ ਕਿਰਦਾਰ ਦੱਸਦਿਆਂ ਕਿਹਾ ਕਿ ਬਹਿਬਲ ਕਲਾਂ ਵਿੱਚ ਫਾਇਰਿੰਗ ਉਨਾਂ ਦੀ ਸ਼ਹਿ ’ਤੇ ਹੋਈ ਸੀ ਅਤੇ ਉਨਾਂ ਨਾਲ ਕਿਸੇ ਕਿਸਮ ਦਾ ਰਹਿਮ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਬੇਅਦਬੀ ਦੀਆਂ ਘਟਨਾਵਾਂ ਹਮੇਸ਼ਾ ਝੂਰਦੀਆਂ ਰਹਿਣਗੀਆਂ। ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਨ ਅਤੇ ਉਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਲੀਡਰ ਨਹੀਂ ਸਗੋਂ ਡੀਲਰ ਹਨ ਅਤੇ ਆਪਣੇ ਹਿੱਤਾਂ ਖਾਤਰ ਪੰਥ ਨੂੰ ਵੇਚ ਸਕਦੇ ਹਨ। ਉਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਡੇਰਾ ਸੱਚਾ ਸੌਦਾ ਮੁਖੀ ਤੋਂ ਵੋਟਾਂ ਦੌਰਾਨ ਹਮਾਇਤ ਲੈਣ ਉਸਦੀ ਫਿਲਮ ਨੂੰ ਪੰਜਾਬ ਵਿੱਚ ਚਲਾਉਣ ਬਦਲੇ ਗੰਢਤੁੱਪ ਕੀਤੀ ਸੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ’ਤੇ ਵਰਦਿਆਂ ਕਿਹਾ ਕਿ ਇਹ ਦੋਵੇਂ ਸਮਾਜ ਦਾ ਧਰੁੁਵੀਕਰਨ ਕਰਨ ਲਈ ਫਿਰਕੂ ਸਿਆਸਤ ਕਰਨ ਤੋਂ ਕੰਨੀ ਨਹੀਂ ਕਤਰਾਉਂਦੇ। 13 ਅਪ੍ਰੈਲ 1978 ਦੀ ਘਟਨਾ ਦਾ ਜ਼ਿਕਰ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ’ਤੇ ਫਿਰਕੂ ਵੰਡ ਦੇ ਬੀਜ ਬੀਜਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਖੁਫੀਆ ਰਿਪੋਰਟਾਂ ਦੇ ਬਾਵਜੂਦ ਉਨਾਂ ਨੇ ਅੰਮਿ੍ਰਤਸਰ ’ਚ ਨਿਰੰਕਾਰੀ ਸਮਾਗਮ ਕਰਾਉਣ ਦੀ ਇਜ਼ਾਜਤ ਦਿੱਤੀ ਸੀ ਜਿਸ ਦੇ ਸਿੱਟੇ ਵਜੋਂ ਸਮਾਗਮ ਦਾ ਵਿਰੋਧ ਕਰ ਰਹੇ 16 ਸਿੱਖਾਂ ਦੀ ਮੌਤ ਹੋ ਗਈ ਸੀ। ਵਿੱਤ ਮੰਤਰੀ ਨੇ ਪੰਜਾਬੀ ਸੂਬੇ ਦਾ ਮੁੱਦਾ ਚੁੱਕਣ ’ਤੇ ਵੀ ਸਾਬਕਾ ਮੁੱਖ ਮੰਤਰੀ ਨੂੰ ਘੇਰਿਆ। ਉਨਾਂ ਕਿਹਾ ਕਿ ਇਸ ਤੋਂ ਬਾਅਦ ਅਜਿਹੇ ਹਾਲਾਤ ਪੈਦਾ ਕੀਤੇ ਜਿਸ ਨਾਲ ਪੰਜਾਬ ਨੂੰ ਅੱਤਵਾਦ ਦੇ ਪੜਾਅ ’ਚੋਂ ਲੰਘਣਾ ਪਿਆ। ਉਨਾਂ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਕਮਿਸ਼ਨ ਨੇ ਬੜੇ ਸੁਚੱਜੇ ਢੰਗ ਨਾਲ ਬੇਅਦਬੀ ਦੀਆਂ ਘਟਨਾਵਾਂ ਦਾ ਸੱਚ ਜਗ-ਜਾਹਰ ਕੀਤਾ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਿਆਂ ਉਦੋਂ ਹੀ ਮਿਲੇਗਾ ਜਦੋਂ ਇਸ ਘਿਨੋਣੇ ਕਾਰੇ ’ਚ ਸ਼ਾਮਲ ਕਸੂਰਵਾਰਾਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ।
ਸੁਖਬੀਰ ਸਿੰਘ ਬਾਦਲ ਨੂੰ ਲੰਮੇ ਹੱਥੀਂ ਲੈਂਦਿਆਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਾਦਲ ਨੇ ਸੂਬੇ ਦਾ ਸ਼ਾਂਤਮਈ ਮਾਹੌਲ ਖ਼ਰਾਬ ਕਰਨ ਲਈ ਡੇਰਾ ਮੁਖੀ ਨਾਲ ਸਾਜਿਸ਼ ਦੇ ਹੱਥ ਮਿਲਾਏ ਸਨ। ਉਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਬਿਨਾਂ ਸੁਰੱਖਿਆ ਤੋਂ ਇਕੱਲਾ ਆਪਣੇ ਜੱਦੀ ਪਿੰਡ ਬਾਦਲ ਚਲਾ ਜਾਵੇ ਤਾਂ ਉਸਨੂੰ ਪੰਜਾਬ ਦੇ ਬੇਹਿਸਾਬ ਉਜਾੜੇ ਲਈ ਪਿੰਡ ਦੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਦਲਾਂ ’ਤੇ ਵਰਦਿਆਂ ਕਿਹਾ ਕਿ ਬਹਿਬਲ ਕਲਾਂ ਕਾਂਡ ਦੇ ਅਸਲ ਕਸੂਰਵਾਰ ਬਾਦਲ ਹਨ ਜਿਨਾਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਕਿਉਂਕਿ ਉਨਾਂ ਦੀਆਂ ਕਾਰਵਾਈਆਂ ਨਾ-ਬਖਸ਼ਣਯੋਗ ਹਨ। ਉਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ 95 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਆਇਆ ਹੈ ਜਿਸਦੇ ਪੰਨੇ ਸੁਖਬੀਰ ਬਾਦਲ ਵੱਲੋਂ ਪਾੜੇ ਗਏ ਜੋ ਇਹ ਦਰਸਾਉਂਦੇ ਹਨ ਕਿ ਇਹ ਲੋਕ ਪਵਿੱਤਰ ਗ੍ਰੰਥ ਦਾ ਨਿਰਾਦਰ ਕਰਦੇ ਹਨ। ਉਨਾਂ ਮੰਗ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਪੰਥ ਅਤੇ ਸਿੱਖਾਂ ਖ਼ਿਲਾਫ ਕਾਰਵਾਈਆਂ ’ਚ ਸ਼ੁਮਾਰ ਹੋਣ ਕਾਰਨ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ਿਸ਼ ਹੋਇਆ ‘ਫਖ਼ਰ-ਏ-ਕੌਮ’ ਦਾ ਖ਼ਿਤਾਬ ਵਾਪਸ ਲੈ ਕੇ ਉਸ ਨੂੰ ‘ਗੱਦਾਰ-ਏ-ਕੌਮ’ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ। ਉਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਬਾਦਲਾਂ ਖ਼ਿਲਾਫ ਆਈ.ਪੀ.ਸੀ. ਦੀ ਧਾਰਾ 295-ਏ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਫਾਇਰਿੰਗ ਦੀ ਘਟਨਾ ਸਿਰਫ ਤੇ ਸਿਰਫ ਸਮਾਜ ਵਿੱਚ ਪਾੜਾ ਪਾਉਣ ’ਤੇ ਕੇਂਦਰਿਤ ਸੀ ਜਦਕਿ ਉੱਥੇ ਭੜਕਾਹਟ ਜਾਂ ਤਲਖ਼ ਕਲਾਮੀ ਵਾਲੀ ਕੋਈ ਗੱਲ ਨਹੀਂ ਸੀ।
ਸ੍ਰੀ ਬਾਜਵਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਵਿਰੁੱਧ ਕੀਤੇ ਜ਼ੁਲਮਾਂ ਲਈ ਬਾਦਲ ਰਹਿਮ ਦੇ ਹੱਕਦਾਰ ਨਹੀਂ ਹਨ। ਉਨਾਂ ਨੇ ਸਾਬਕਾ ਡੀ.ਜੀ.ਪੀ. ਸੈਣੀ ਨੂੰ ਵੀ ਫਿਟਕਾਰ ਲਾਉਂਦਿਆਂ ਹੋਰ ਕਈ ਨਿਆਂਇਕ ਹੱਤਿਆਂਵਾਂ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ।
ਸ੍ਰੀ ਰੰਧਾਵਾ ਅਤੇ ਸ੍ਰੀ ਬਾਜਵਾ ਨੇ ਮੁੱਖ ਮੰਤਰੀ ਨੂੰ ਬੇਅਦਬੀ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਤੋਂ ਵਾਪਸ ਲੈਣ ਦੀ ਅਪੀਲ ਕੀਤੀ ਕਿਉਂ ਜੋ ਸੂਬੇ ਦੀ ਵਿਸ਼ੇਸ਼ ਪੜਤਾਲੀਆ ਟੀਮ ਇਸ ਦੀ ਜਾਂਚ ਕਰਨ ਵਿੱਚ ਸਮਰੱਥ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ.ਫੂਲਕਾ ਨੇ ਮੁੱਖ ਮੰਤਰੀ ਨੂੰ ਬਹਿਬਲ ਕਲਾਂ ਵਿੱਚ ਸ਼ਮੂਲੀਅਤ ਲਈ ਵੱਡੇ ਅਤੇ ਛੋਟੇ ਬਾਦਲ ਨੂੰ ਨਾ ਬਖ਼ਸ਼ਣ ਦੀ ਅਪੀਲ ਕੀਤੀ ਹੈ। ਉਨਾਂ ਨੇ 1984 ਦੇ ਦੰਗਿਆਂ ਮਗਰੋਂ ਅਸਤੀਫ਼ਾ ਦੇਣ ਦੀ ਮਿਸਾਲੀ ਦਲੇਰੀ ਦਾ ਪ੍ਰਗਟਾਵਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਵੱਡੀਆਂ ਆਸਾਂ ਹਨ ਕਿ ਉਹ ਬਾਦਲਾਂ ਨੂੰ ਬਹਿਬਲ ਕਲਾਂ ਵਿੱਚ ਕੀਤੀਆਂ ਜਾਬਰ ਕਾਰਵਾਈਆਂ ਲਈ ਕਰੜਾ ਸਬਕ ਸਿਖਾਉਣਗੇ। ਸ੍ਰੀ ਫੂਲਕਾ ਨੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਨਕੋਦਰ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਰੋਜ਼ਾਨਾ ਆਧਾਰ ’ਤੇ ਕਰਨ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕੀਤੇ ਜਾਣ ਦੀ ਸਖ਼ਤ ਲੋੜ ਹੈ।
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੀ ਆਖਿਆ ਕਿ ਮੁੱਖ ਮੰਤਰੀ ਬੇਅਦਬੀ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਕੋਲੋਂ ਵਾਪਸ ਲੈ ਕੇ ਪੰਜਾਬ ਪੁਲਿਸ ਨੂੰ ਮਿੱਥੀ ਮਿਆਦ ’ਚ ਮੁਕੰਮਲ ਕਰਨ ਦੇ ਦਿਸ਼ਾ-ਨਿਰਦੇਸ਼ਾਂ ਨਾਲ ਸੌਂਪ ਦੇਣ ਕਿਉਂ ਜੋ ਸੀ.ਬੀ.ਆਈ. ਅਕਾਲੀ ਦਲ ਦੀ ਭਾਈਵਾਲ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੇ ਕੰਟਰੋਲ ’ਚ ਹੈ। ਉਨਾਂ ਵੱਲੋਂ ਕੇਂਦਰ ਪਾਸੋਂ ਇਸ ਮਾਮਲੇ ’ਚ ਦੋਸ਼ੀਆਂ ਖਿਲਾਫ਼ ਕੋਈ ਵੀ ਕਾਰਵਾਈ ਕਰਨ ’ਚ ਅਸਫ਼ਲ ਰਹਿਣ ’ਤੇ ਮੁਆਫ਼ੀ ਮੰਗੇ ਜਾਣ ਦਾ ਮਤਾ ਵੀ ਸਦਨ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਪੱਟੀ ਦੇ ਐਮ.ਐਲ.ਏ. ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੇ ਸਮੁੱਚੇ ਸੰਸਾਰ ’ਚ ਬੈਠੀ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨਾਂ ਕਿਹਾ ਕਿ ਬਾਦਲ ਆਪਣੀਆਂ ਰਾਜਨੀਤਕ ਇੱਛਾਵਾਂ ਲਈ ਏਨੇ ਨੀਵੇਂ ਪੱਧਰ ’ਤੇ ਡਿੱਗ ਗਏ ਕਿ ਪੰਥ ਦੇ ਨਾਂ ’ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਨਾਂ ਆਪਣੇ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਸਿੱਖ ਕੌਮ ਦੀਆਂ ਮਹਾਨ ਸੰਸਥਾਂਵਾਂ ਜਿਵੇਂ ਐਸ.ਜੀ.ਪੀ.ਸੀ. ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਵਰਤਿਆ।
ਐਮ.ਐਲ.ਏ. ਫਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ, ਜਿਸ ਦੇ ਜ਼ਿਲੇ ’ਚ ਬਹਿਬਲ ਕਲਾਂ ਦੀ ਘਟਨਾ ਵਾਪਰੀ ਸੀ, ਨੇ ਅਕਾਲੀਆਂ ’ਤੇ ਵਰਦਿਆਂ ਕਿਹਾ ਕਿ ਇਸ ਦੁਖਦਾਈ ਘਟਨਾ ਪਿੱਛੇ ਅਕਾਲੀਆਂ ਦੀ ਸਾਜਿਸ਼ ਹੀ ਸੀ। ਪੰਜਾਬ ਦੇ ਲੋਕ ਸੁਖਬੀਰ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ, ਜਿਸ ਨੇ ਰਾਜਨੀਤਿਕ ਮੁਫ਼ਾਦ ਲਈ ਵੋਟਰਾਂ ਨੂੰ ਲੁਭਾਉਣ ਲਈ ਧਰਮ ਦੀ ਵਰਤੋਂ ਕੀਤੀ। ਉਨਾਂ ਬਾਦਲਾਂ ਦੇ ਡੇਰਾ ਸਿਰਸਾ ਮੁਖੀ ਨਾਲ ਸਬੰਧਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸੇ ਲਈ ਅੱਜ ਉਹ ਇਸ ਅਹਿਮ ਚਰਚਾ ਦਾ ਸਾਹਮਣਾ ਕਰਨ ਤੋਂ ਭੱਜੇ ਹਨ।
ਗਿੱਦੜਬਾਹਾ ਤੋਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਦੋਸ਼ੀ ਠਹਿਰਾਏ ਲੋਕਾਂ ਵਾਸਤੇ ਸਖਤ ਸਜ਼ਾ ਦੀ ਮੰਗ ਕੀਤੀ, ਉੱਥੇ ਵੋਟ ਬੈਂਕ ਰਾਜਨੀਤੀ ਲਈ ਧਾਰਮਿਕ ਭਾਵਨਾਵਾਂ ਨੂੰ ਕੁਰੇਦਣ ਵਾਲਿਆਂ ਨਾਲ ਵੀ ਕਰੜੇ ਹੱਥੀਂ ਸਿੱਝਣ ਲਈ ਮੰਗ ਰੱਖੀ। ਉਨਾਂ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁੰਮਸ਼ੁਦਗੀ ਦੇ 116 ਦਿਨਾਂ ਬਾਅਦ ਵੀ ਡੂੰਘੀ ਨੀਂਦਰੇ ਸੁੱਤੇ ਰਹੇ ਗ੍ਰਹਿ ਮੰਤਰੀ ਦਾ ਅਚਾਨਕ ਡੂੰਘੀ ਨੀਂਦ ’ਚੋਂ ਉੱਠ ਕੇ ਕੋਟਕਪੂਰਾ ’ਚ ਬੇਅਦਬੀ ਦਾ ਵਿਰੋਧ ਕਰ ਭੋਲੇ-ਭਾਲੇ ਲੋਕਾਂ ’ਤੇ ਵਧੀਕੀਆਂ ਕਰਨ ਦਾ ਹੁਕਮ ਦੇਣਾ ਬਹੁਤ ਹੀ ਮੰਦਭਾਗਾ ਸੀ।