ਪ੍ਰਬੋਧ ਕੁਮਾਰ ਦੀ ਅਗਵਾਈ ਹੇਠ 5 ਮੈਂਬਰੀ ਟੀਮ ਦਾ ਗਠਨ
ਚੰਡੀਗੜ੍ਹ, 10 ਸਤੰਬਰ , 2018 : ਬਰਗਾੜੀ ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਬਾਬਤ ਵਿਧਾਨ ਸਭਾ ਵਿਚ ਹੋਏ ਹੰਗਾਮੇ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਪੂਰਾ ਮਾਮਲਾ ਪੰਜਾਬ 'ਚ ਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਹੱਥ ਸੌਂਪਣ ਦਾ ਬਿਆਨ ਦਿੱਤਾ ਸੀ। ਜਿਸਤੋਂ ਬਾਅਦ ਹੁਣ ਡੀਜੀਪੀ ਸੁਰੇਸ਼ ਅਰੋੜਾ ਨੇ ਵਧੀਕ ਡੀਜੀਪੀ (ਇਨਵੈਸਟੀਗੇਸ਼ਨ) ਪ੍ਰਬੋਧ ਕੁਮਾਰ ਦੀ ਅਗਵਾਈ ਵਿਚ ੫ ਮੈਂਬਰੀ 'ਸਿੱਟ' ਦਾ ਗਠਨ ਕਰ ਹੀ ਦਿੱਤਾ।
ਇਸ ਟੀਮ ਵਿਚ ਆਈ.ਜੀ ਅਰੁਣਪਾਲ ਸਿੰਘ, ਆਈ.ਜੀ ਕੁੰਵਰ ਵਿਜੈਪ੍ਰਤਾਪ ਸਿੰਘ, ਆਈਪੀਐਸ ਕਪੂਰਥਲਾ ਸਤਿੰਦਰ ਸਿੰਘ ਅਤੇ ਪੁਲੀਸ ਰੰਗਰੂਟ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ ਦੇ ਇੰਚਾਰਜ ਕਮ ਕਮਾਂਡੈਂਟ ਭੁਪਿੰਦਰ ਸਿੰਘ ਸ਼ਾਮਲ ਹਨ। ਇਹ ਜਾਂਚ ਟੀਮ ਫਰੀਦਕੋਟ ਜ਼ਿਲ੍ਹੇ ਦੇ ਬੁਰਜ ਜਵਾਹਰ ਸਿੰਘ 'ਚ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ, ਬਰਗਾੜੀ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ 'ਚ ਪੜਤਾਲ ਕਰੇਗੀ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਤੰਨ ਦਿਨਾਂ ਤੋਂ ਸਿੱਟ ਗਠਨ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਚਰਚਾ ਕਰ ਰਹੇ ਸਨ। ਪਰ ਪੰਜਾਬ ਪੁਲੀਸ ਦੇ ਅਧਿਕਾਰੀਆਂ 'ਚ ਇਸ ਪੂਰੇ ਮਾਮਲੇ ਦੀ ਜਾਂਚ ਸਬੰਧੀ ਇੱਕ ਖੌਫ ਪੈਦਾ ਹੋ ਗਿਆ ਸੀ।
ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਜ਼ਿਆਦਾਤਰ ਸੀਨੀਅਰ ਅਫਸਰ ਇਸ ਸਿੱਟ ਦਾ ਮੈਂਬਰ ਜਾਂ ਮੁਖੀ ਬਣਨ ਲਈ ਤਿਆਰ ਨਹੀਂ ਸੀ। ਸੂਤਰਾਂ ਮੁਤਾਬਕ ਅਫਸਰਾਂ ਵੱਲੋਂ ਮੁੱਖ ਮੰਤਰੀ ਦਫਤਰ 'ਚ ਖੁਦ ਨੂੰ ਇਸ ਮਾਮਲੇ ਤੋਂ ਦੂਰ ਰੱਖਣ ਦਾ ਦਬਾਅ ਪਾਇਆ ਜਾ ਰਿਹਾ ਸੀ। ਇੱਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਮਾਮਲਾ ਧਰਮ ਨਾ ਜੁੜਿਆ ਹੋਣ ਕਾਰਨ ਕੋਈ ਅਫਸਰ ਇਸਨੂੰ ਹੱਥ ਪਾਉਣ ਦੀ ਹਿੰਮਤ ਨਹੀਂ ਦਿਖਾ ਰਿਹਾ ਸੀ।