ਚੰਡੀਗੜ੍ਹ, 28 ਅਗਸਤ 2018 - ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲੇ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ 'ਚ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਦਾ ਜ਼ਿਕਰ ਹੋਣ ਨਾਲ ਅਕਾਲੀਦਲ ਕਟਹਿਰੇ 'ਚ ਖੜ੍ਹਾ ਹੋ ਗਿਆ। ਅੱਜ ਇਸ ਮਾਮਲੇ ਬਾਬਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ 'ਤੇ ਵਿਧਾਨ ਸਭਾ ਵਿਚ ਬਹਿਸ ਹੋਣੀ ਹੈ। ਪਹਿਲਾਂ ਕਮਿਸ਼ਨ ਨੇ ਆਪਣੀ ਪੜਤਾਲ ਵਿੱਚ ਕਿਹਾ ਸੀ ਕਿ ਇਨ੍ਹਾਂ ਪੁਲਿਸ ਕਾਰਵਾਈਆਂ ਵਿੱਚ ਮੁੱਖ ਮੰਤਰੀ ਦਫ਼ਤਰੀ ਦੀ ਭੂਮਿਕਾ ਹੋ ਸਕਦੀ ਹੈ ਪਰ ਹੁਣ ਦੱਸਿਆ ਗਿਆ ਹੈ ਕਿ ਪੁਲਿਸ ਕਾਰਵਾਈਆਂ ਦੌਰਾਨ ਮੁੱਖ ਮੰਤਰੀ ਦਫ਼ਤਰ ਨੂੰ ਲਗਾਤਾਰ ਸੂਚਨਾ ਦਿੱਤੀ ਜਾਂਦੀ ਰਹੀ ਹੈ।
ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਪਹਿਲੀ ਜਾਂਚ ਰਿਪੋਰਟ 'ਚ ਸਾਬਕਾ ਮੁੱਖ ਮੰਤਰੀ ਬਾਦਲ ਦਾ ਨਾਮ ਸ਼ਾਮਲ ਨਹੀਂ ਸੀ ਪਰ ਅੰਤਿਮ ਰਿਪੋਰਟ 'ਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦਾ ਦਫਤਰ ਕੋਟਕਪੂਰਾ ਗੋਲੀਕਾਂਡ 'ਚ ਸ਼ਾਮਲ ਸੀ। ਪਰ ਇਸ ਰਿਪੋਰਟ ਵਿਚ ਸਾਬਕਾ ਮੁੱਖ ਮੰਤਰੀ ਦੀ ਗੋਲੀਕਾਂਡ ਕਰਾਉਣ ਬਾਬਤ ਰਣਜੀਤ ਸਿੰਘ ਕਮਿਸ਼ਨ ਰਿਪੋਰਟ 'ਚ ਸਾਬਕਾ ਮੁੱਖ ਮੰਤਰੀ ਬਾਦਲ ਦੀ ਕੋਈ ਭੂਮਿਕਾ ਨਹੀਂ ਦਰਸਾਈ ਹੈ। ਉਨ੍ਹਾਂ ਸਿਰਫ ਇਹ ਜ਼ਿਕਰ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਸਾਰੀ ਜਾਣਕਾਰੀ ਪਹੁੰਚਾਈ ਜਾ ਰਹੀ ਸੀ।
ਉਥੇ ਹੀ ਦੂਜੇ ਪਾਸੇ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ਕਰਨ ਤੋਂ ਕੁਝ ਘੰਟੇ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਵਕਤ ਸਾਬਕਾ ਵਰਤੀ ਕੁਤਾਹੀ 'ਤੇ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ 24 ਪੁਲਿਸ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।
ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਾਬਕਾ ਪ੍ਰਿੰਸੀਪਲ ਸਕੱਤਰ ਐਸ.ਕੇ ਸੰਧੂ ਅਤੇ ਮੁੱਖ ਮੰਤਰੀ ਦੇ ਸਾਬਕਾ ਵਿਸ਼ੇਸ਼ ਸਕੱਤਰ ਗਗਨਦੀਪ ਸਿੰਘ ਬਰਾੜ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।
ਜਸਟਿਸ ਰਣਜੀਤ ਕਮਿਸ਼ਨ ਵੱਲੋਂ ਪੇਸ਼ ਪਹਿਲੀ ਰਿਪੋਰਟ 'ਚ ਸਾਬਕਾ ਡਿਪਟੀ ਮੁੱਖ ਮੰਥਰੀ ਪੰਜਾਬ ਸੁਖਬੀਰ ਬਾਦਲ ਦੀ ਭੂਮਿਕਾ ਦਾ ਵੀ ਜ਼ਿਕਰ ਹੈ ਜਿਸ 'ਚ ਉਨ੍ਹਾਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਮੁੰਬਈ ਵਿਚ ਰਾਮ ਰਹੀਮ ਦੀ ਫਿਲਮ ਬਾਬਤ ਮੀਟਿੰਗ ਦਾ ਹਵਾਲਾ ਵੀ ਦਿੱਤਾ ਗਿਆ ਹੈ।
ਸੋਮਵਾਰ ਨੂੰ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅਕਾਲੀ ਦਲ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਗਲਤ ਕਰਾਰਦਿਆਂ ਫਰਜ਼ੀ ਕਿਹਾ ਸੀ ਤੇ ਵਿਧਾਨ ਸਭਾ ਦੇ ਬਾਹਰ ਰਿਪੋਰਟ 'ਤੇ ਤੰਜ਼ ਕਸਦਿਆਂ ਉਸਦੀਆਂ ਕਾਪੀਆਂ ਨੂੰ ਹਵਾ 'ਚ ਉਡਾਇਆ ਗਿਆ ਸੀ। ਸੁਖਬੀਰ ਬਾਦਲ ਵੱਲੋਂ ਅੱਜ ਦੀ ਬਹਿਸ 'ਚ ਡਟ ਕੇ ਖੜ੍ਹਨ ਦੀ ਗੱਲ ਆਖੀ ਗਈ ਸੀ। ਉਥੇ ਹੀ ਸੈਸ਼ਨ ਦੌਰਾਨ ਵਿਰੋਧੀਆਂ ਵੱਲੋਂ ਉਠਾਏ ਗਏ ਰਿਪੋਰਟ ਬਾਬਤ ਸਵਾਲਾਂ 'ਤੇ ਅਕਾਲੀ ਦਲ ਨਾਅਰੇਬਾਜ਼ੀ ਕਰਦੀ ਨਜ਼ਰ ਆਈ। ਪਰ ਅੱਜ ਵੇਕਣਾ ਇਹ ਹੋਵੇਗਾ ਕਿ ਕੀ ਅਕਾਲੀਦਲ ਲੀਡਰ ਵਾਕਿਆ ਹੀ ਵਿਧਾਨ ਸਭਾ 'ਚ ਬਰਗਾੜੀ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦੇ ਖੁਲਾਸੇ ਹੁੰਦੇ ਸੁਣ ਪਾਉਣਗੇ ਜਾਂ ਫਿਰ ਨਾਅਰੇਬਾਜ਼ੀ ਕਰਦੇ ਹੋਈ ਸਦਨ 'ਚੋਂ ਵਾਕਆਉਟ ਕਰ ਜਾਣਗੇ।