ਚੰਡੀਗੜ੍ਹ, 19 ਅਕਤੂਬਰ 2018 - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੰਮ੍ਰਿਤਸਰ ਵਿਖੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪੀੜਤ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇੱਕ-ਇੱਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਬੇਹੱਦ ਮੰਦਭਾਗੀ ਅਤੇ ਦਰਦਨਾਕ ਹਾਦਸੇ 'ਤੇ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਨੇ ਇਸ ਘਟਨਾ ਨੂੰ ਪ੍ਰਸ਼ਾਸਨਿਕ ਨਾਲਾਇਕੀ ਦਾ ਭਿਅੰਕਰ ਨਤੀਜਾ ਕਰਾਰ ਦਿੱਤਾ। 'ਆਪ' ਆਗੂਆਂ ਨੇ ਇਸ ਘਟਨਾ ਲਈ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਰੇਲਵੇ ਅਤੇ ਸਰਕਾਰ ਦੇ ਨੁਮਾਇੰਦਿਆਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। 'ਆਪ' ਆਗੂਆਂ ਨੇ ਕਿਹਾ ਕਿ ਅਣਸੁਰੱਖਿਅਤ ਥਾਂ 'ਤੇ ਦਸਹਿਰੇ ਦਾ ਤਿਉਹਾਰ ਮਨਾਉਣ ਦੀ ਇਜਾਜ਼ਤ ਦੇਣਾ ਵੱਡੀ ਨਾਲਾਇਕੀ ਸਾਬਤ ਹੋਈ।
'ਆਪ' ਆਗੂਆਂ ਨੇ ਕਿਹਾ ਕਿ ਚਸ਼ਮਦੀਦਾਂ ਨੇ ਰੇਲਵੇ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਪ੍ਰਬੰਧਕਾਂ ਵੱਲੋਂ ਆਪਣੇ ਪੱਧਰ 'ਤੇ ਰੇਲਵੇ ਨੂੰ ਇਸ ਟਰੈਕ 'ਤੇ ਰੇਲ ਹੋਲੀ ਚਲਾਉਣ ਦੀ ਮੰਗ ਕੀਤੀ ਸੀ, ਪਰੰਤੂ ਰੇਲਵੇ ਡਰਾਈਵਰ ਨੇ ਹਾਰਨ ਤੱਕ ਵੀ ਨਹੀਂ ਵਜਾਇਆ।
'ਆਪ' ਆਗੂਆਂ ਨੇ ਹੈਰਾਨੀ ਜਤਾਈ ਕਿ ਮੰਚ 'ਤੇ ਮੌਜੂਦ ਪ੍ਰਬੰਧਕਾਂ, ਸਿਆਸੀ ਨੁਮਾਇੰਦਿਆਂ ਅਤੇ ਡਿਊਟੀਆਂ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰੇਲਵੇ ਲਾਇਨ 'ਤੇ ਖੜੇ ਵੱਡੀ ਗਿਣਤੀ 'ਚ ਲੋਕਾਂ ਨੂੰ ਰਾਵਣ ਦਾ ਪੁਤਲਾ ਜਲਾਉਣ ਤੋਂ ਪਹਿਲਾਂ ਸਾਵਧਾਨ ਕਿਉਂ ਨਹੀਂ ਕੀਤਾ? ਇਸ ਲਈ ਇਹਨਾਂ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆਂ ਨਹੀਂ ਜਾਣਾ ਚਾਹੀਦਾ।
'ਆਪ' ਆਗੂਆਂ ਨੇ ਇਸ ਹਾਦਸੇ ਦੀ ਉੱਚ ਪੱਧਰੀ ਨਿਆਇਕ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਘਟਨਾ ਨੂੰ ਭਵਿੱਖ ਲਈ ਸਬਕ ਵਜੋਂ ਲਿਆ ਜਾਣਾ ਚਾਹੀਦਾ ਹੈ।
ਇਸ ਘਟਨਾ ਉਤੇ 'ਆਪ' ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਮਾਝਾ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਅਸ਼ੋਕ ਤਲਵਾਰ, ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਜੀਵਨਜੋਤ ਕੌਰ, ਹਲਕਾ ਦੱਖਣੀ ਦੇ ਇੰਚਾਰਜ ਸਰਬਜੀਤ ਸਿੰਘ ਅਤੇ ਡਾ. ਇੰਦਰਬੀਰ ਸਿੰਘ ਨਿੱਝਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।