ਲੋਕਾਂ ਨੇ ਪੀੜਤ ਪਰਿਵਾਰਾਂ ਲਈ ਇਨਸਾਫ ਅਤੇ ਹਾਦਸੇ ਲਈ ਜ਼ਿੰਮੇਵਾਰੀ ਕਾਂਗਰਸੀਆਂ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ
ਅੰਮ੍ਰਿਤਸਰ, 7 ਅਕਤੂਬਰ 2019 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਸ਼ਹਿਰ ਦੇ ਨਾਗਰਿਕਾਂ ਅਤੇ ਦੁਸਹਿਰਾ ਹਾਦਸੇ ਵਿਚ ਮਾਰੇ 61 ਵਿਅਕਤੀਆਂ ਅਤੇ 100 ਜ਼ਖਮੀਆਂ ਦੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਸ਼ਹਿਰ ਅੰਦਰ ਰਾਮਤਲਾਈ ਤੋਂ ਲੈ ਕੇ ਜੌੜਾ ਫਾਟਕ ਨੇੜੇ ਧੋਬੀ ਘਾਟ ਤਕ ਇੱਕ ਮੋਮਬੱਤੀ ਮਾਰਚ ਕੱਢਿਆ। ਇਸ ਥਾਂ ਉੱਤੇ ਪਿਛਲੇ ਸਾਲ ਸਿੱਧੂ ਜੋੜੀ ਨਵਜੋਤ ਸਿੱਧੂ ਅਤੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਇੱਕ ਕਰੀਬੀ ਵੱਲੋਂ ਗੈਰਕਾਨੂੰਨੀ ਢੰਗ ਨਾਲ ਆਯੋਜਿਤ ਰਾਵਣ ਜਲਾਉਣ ਦਾ ਸਮਾਗਮ ਵੇਖ ਰਹੀ ਭੀੜ ਨੂੰ ਇੱਕ ਰੇਲ ਗੱਡੀ ਨੇ ਕੁਚਲ ਦਿੱਤਾ ਸੀ।
ਪੀੜਤ ਪਰਿਵਾਰਾਂ ਦੇ ਮੈਂਬਰਾਂ, ਸ਼ਹਿਰ ਦੇ ਉੱਘੇ ਨਾਗਰਿਕਾਂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ, ਹਰਮੀਤ ਢਿੱਲੋਂ, ਵਿਰਸਾ ਸਿੰਘ ਵਲਟੋਹਾ ਅਤੇ ਵੀਰ ਸਿੰਘ ਲੋਪੋਕੇ ਸਮੇਤ ਅਕਾਲੀ ਆਗੂਆਂ ਨੇ ਹੱਥਾਂ ਵਿਚ ਤਖ਼ਤੀਆਂ ਲੈ ਕੇ ਪੀੜਤਾਂ ਲਈ ਇਨਸਾਫ ਦੇਣ, ਹਾਦਸੇ ਦੀ ਜ਼ਿੰਮੇਵਾਰੀ ਤੈਅ ਕਰਨ, ਅਪਰਾਧਿਕ ਮਾਮਲੇ ਦਰਜ ਕਰਕੇ ਅਤੇ ਗਿਰਫ਼ਤਾਰ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਪੀੜਤ ਪਰਿਵਾਰਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ।
ਪੀੜਤ ਪਰਿਵਾਰਾਂ ਸਮੇਤ ਮੋਮਬੱਤੀ ਮਾਰਚ ਵਿਚ ਭਾਗ ਲੈਣ ਵਾਲੇ ਲੋਕਾਂ ਨੇ ਸਿੱਧੂ ਜੋੜੀ ਖ਼ਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁੱਛਿਆ ਕਿ ਸਾਬਕਾ ਮੰਤਰੀ ਨਵਜੋਤ ਸਿੱਧੂ ਇਸ ਭਿਆਨਕ ਹਾਦਸੇ ਵਿਚ ਮਾਰੇ ਗਏ ਪੀੜਤਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਅਤੇ ਪੈਨਸ਼ਨਾਂ ਦੇਣ ਦੇ ਵਾਅਦੇ ਤੋਂ ਕਿਉਂ ਮੁਕਰ ਗਿਆ ਹੈ?
ਮੋਮਬੱਤੀ ਮਾਰਚ ਵਿਚ ਭਾਗ ਲੈਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਕੇਸ ਵਿਚ ਤਿੰਨ ਜਾਂਚਾਂ ਹੋ ਚੁੱਕੀਆਂ ਹਨ ਪਰੰਤੂ ਅਜੇ ਤਕ ਨਾ ਕਿਸੇ ਵਿਰੁੱਧ ਕੇਸ ਦਰਜ ਹੋਇਆ ਹੈ ਅਤੇ ਨਾ ਹੀ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਲੰਧਰ ਡਿਵੀਜ਼ਨਲ ਕਮਿਸ਼ਨਰ ਵੱਲੋਂ ਕੀਤੀ ਜਾਂਚ ਇਸ ਹਾਦਸੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਕਾਂਗਰਸੀਆਂ ਨੂੰ ਬਚਾਉਣ ਲਈ ਸੀ। ਉਹਨਾਂ ਕਿਹਾ ਕਿ ਕਮਿਸ਼ਨਰ ਕੋਲੋਂ ਇੱਕ ਕੈਬਨਿਟ ਮੰਤਰੀ ਅਤੇ ਉਸ ਦੀ ਪਤਨੀ ਖ਼ਿਲਾਫ ਕਾਰਵਾਈ ਕੀਤੇ ਜਾਣ ਦੀ ਉਮੀਦ ਨਹੀਂ ਸੀ ਅਤੇ ਇਹੀ ਕੁੱਝ ਵਾਪਰਿਆ। ਇਹ ਜਾਂਚ ਸਿੱਧੂ ਜੋੜੀ ਦੇ ਕਰੀਬੀ ਮਿੱਠੂ ਮਦਾਨ ਨੂੰ ਬਚਾਉਣ ਲਈ ਹੀ ਸੀ।
ਪੀੜਤ ਪਰਿਵਾਰਾਂ ਲਈ ਇਨਸਾਫ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਸੀਂ ਇੱਥੇ ਸਿਰਫ ਪੀੜਤ ਪਰਿਵਾਰਾਂ ਨਾਲ ਇੱਕਜੁਟਤਾ ਦਾ ਮੁਜ਼ਾਹਰਾ ਕਰਨ ਆਏ ਹਾਂ। ਸਾਰੇ ਜਾਣਦੇ ਹਨ ਕਿ ਸਾਬਕਾ ਸਥਾਨਕ ਇਕਾਈਆਂ ਮੰਤਰੀ ਦੇ ਨਿਰਦੇਸ਼ ਉੱਤੇ ਇੱਕ ਅਣਅਧਿਕਾਰਤ ਪ੍ਰੋਗਰਾਮ ਕਰਵਾਇਆ ਗਿਆ ਸੀ। ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਕਾਂਗਰਸ ਸਰਕਾਰ ਚਾਹੁੰਦੀ ਤਾਂ 24 ਘੰਟਿਆਂ ਅੰਦਰ ਕਾਰਵਾਈ ਕਰ ਸਕਦੀ ਸੀ। ਹੁਣ ਵੀ ਅਸੀਂ ਇਹੋ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਅਤੇ ਪੀੜਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਮਿਲੇ, ਜਿਸ ਵਿਚ ਵਾਅਦੇ ਮੁਤਾਬਿਕ ਹਰ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੌਕਰੀ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਹਾਦਸੇ ਵਾਪਰਨ ਤੋਂ ਰੋਕਣ ਲਈ ਵੀ ਕਦਮ ਚੁੱਕਣੇ ਚਾਹੀਦੇ ਹਨ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਦੀ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਵਿਚ ਕੋਈ ਦਿਲਚਸਪੀ ਨਹੀ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਮੈਂ ਇਹ ਮੁੱਦਾ ਵਿਧਾਨ ਸਭਾ ਵਿਚ ਵੀ ਉਠਾਇਆ ਸੀ। ਅਸੀਂ ਕਮਿਸ਼ਨਰ ਕੋਲ ਵੀ ਇਹ ਮੁੱਦਾ ਉਠਾਇਆ ਸੀ ਅਤੇ ਇਸ ਹਾਦਸੇ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਵਿਰੁੱਧ ਸਬੂਤ ਦਿੱਤੇ ਸਨ। ਪਰ ਇੱਕ ਸਾਲ ਲੰਘ ਗਿਆ ਅਤੇ ਕੁੱਝ ਨਹੀਂ ਹੋਇਆ। ਸਰਕਾਰ ਇਸ ਕੇਸ ਦੀਆਂ ਫੋਰੈਂਸਿਕ ਰਿਪੋਰਟਾਂ ਲੈਣ 'ਚ ਵੀ ਨਾਕਾਮ ਰਹੀ ਹੈ। ਇਸ ਤੋਂ ਹੀ ਸਰਕਾਰ ਦੀ ਪੀੜਤਾਂ ਨੂੰ ਇਨਸਾਫ ਦਿਵਾਉਣ ਪ੍ਰਤੀ ਗੈਰ-ਸੰਜੀਦਗੀ ਦਾ ਪਤਾ ਚੱਲਦਾ ਹੈ।
ਇਸ ਦੌਰਾਨ ਨੇ ਲੋਕਾਂ ਨੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਸਹੁੰ ਖਾਧੀ ਕਿ ਉਹ ਇਨਸਾਫ ਮਿਲਣ ਤਕ ਇਹ ਪ੍ਰਦਰਸ਼ਨ ਜਾਰੀ ਰੱਖਣਗੇ।ਲੋਕਾਂ ਨੇ ਮੰਗ ਕੀਤੀ ਕਿ ਇਸ ਹਾਦਸੇ ਦੇ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਜਾਵੇ ਅਤੇ ਪੀੜਤ ਪਰਿਵਾਰਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ।