'ਨਵਜੋਤ ਸਿੱਧੂ ਨੂੰ ਤੁਰੰਤ ਕੈਬਿਨੇਟ 'ਚੋਂ ਕੀਤਾ ਜਾਵੇ ਡਿਸਮਿਸ' - ਸੁਖਬੀਰ
ਅੰਮ੍ਰਿਤਸਰ, 20 ਅਕਤੂਬਰ 2018 - ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅਮ੍ਰਿਤਸਰ 'ਚ ਦੁਸਿਹਰੇ ਮੌਕੇ ਵਾਪਰੇ ਰੇਲ ਹਾਦਸੇ ਦੇ ਦੁਖਾਂਤ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੂੰ ਜਿਮੇਵਾਰ ਅਤੇ ਦੋਸ਼ੀ ਠਹਿਰਾਉਦਿਆਂ ਉਹਨਾਂ ਨੂੰ ਕੈਬਨਿਤ ਵਿਚੋਂ ਤੁਰੰਤ ਬਰਖਾਸਤ ਕਰਨ ਅਤੇ ਉਸ 'ਤੇ ਪਰਚਾ ਦਰਜ ਕਰਦਿਆਂ ਤੁਰੰਤ ਗਿੰਫਤਾਰ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਮ੍ਰਿਤਕ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ ਇਕ ਕਰੋੜ ਰੁਪੈ ਮੁਆਵਜਾ ਅਤੇ ਪਰਿਵਾਰਕ ਮੈਬਰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਉਠਾਈ ਹੈ।
ਪ੍ਰੋ: ਸਰਚਾਂਦ ਸਿੰਘ ਅਨੁਸਾਰ ਸ: ਬਾਦਲ ਅਜ ਰੇਲ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ ਅਤੇ ਉਹਨਾਂ ਨਾਲ ਦੁਖ ਸਾਂਝਾ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਸ: ਬਿਕਰਮ ਸਿੰਘ ਮਜੀਠੀਆ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨਾਲ ਸ਼ੀਤਲਾ ਮੰਦਰ ਸ਼ਮਸ਼ਾਨਘਾਤ ਵਿਖੇ ਪਹੁੰਚ ਕੇ ਮ੍ਰਿਤਕਾਂ ਦੇ ਸਸਕਾਰ 'ਚ ਸ਼ਾਮਿਲ ਹੋਇਆ ਅਤੇ ਪੀੜਤਾਂ ਪਰਿਵਾਰਾਂ ਦਾ ਸਾਰ ਲੈਦਿਆਂ ਹਾਦਸੇ ਦੇ ਪ੍ਰਭਾਵਿਤ ਲੋਕਾਂ ਦੇ ਪਰਿਵਾਰਕ ਮੈਬਰਾਂ ਨਾਲ ਗਲਬਾਤ ਕੀਤੀ। ਉਹਨਾਂ ਮ੍ਰਿਤਕਾਂ ਅਤੇ ਜਖਮੀਆਂ ਬਾਰੇ ਜਾਣਕਾਰੀ ਲੈਣ ਲਈ ਗੁਰੂ ਨਾਨਕ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਉਥੋਂ ਦਾ ਡਾਕਟਰਾਂ ਤੋਂ ਜਾਣਕਾਰੀ ਲਈ। ਇਸ ਤੋਂ ਪਹਿਲਾਂ ਉਹਨਾਂ ਹਾਦਸੇ ਵਾਲੀ ਥਾਂ ਜੌੜਾ ਫਾਟਕ ਬੋਧੀਘਾਟ ਦਾ ਵੀ ਦੌਰਾ ਕੀਤਾ। ਸ: ਮਜੀਠੀਆ ਦੀ ਰਿਹਾਇਸ਼ 'ਤੇ ਪ੍ਰੈਸ ਨਾਲ ਗਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਉਹ ਰੇਲ ਹਾਦਸੇ 'ਤੇ ਸਿਆਸਤ ਨਹੀਂ ਕਰ ਰਹੇ ਪਰ ਜੋ ਵੀ ਉਹ ਕਹਿ ਰਹੇ ਹਨ ਉਹ ਉਹਨਾਂ ਪਰਿਵਾਰਾਂ ਦੀ ਅਵਾਜ ਅਤੇ ਗੁਸੇ ਭਰਿਆ ਜਜਬਾਤ ਹਨ ਜੋ ਰੇਲ ਹਾਦਸੇ ਨਾਲ ਪ੍ਰਭਾਵਿਤ ਹੋਏ ਹਨ।
ਉਹਨਾਂ ਸਰਕਾਰ ਵਲੋਂ ਬਣਾਈ ਜਾਂਚ ਕਮਿਸ਼ਨ ਨੁੰ ਮੂਲੋ ਰਦ ਕਰਦਿਆਂ ਕਿਹਾ ਕਿ ਸਰਕਾਰ ਦੀ ਜਾਂਚ ਕਮਿਸ਼ਨ ਦੇ ਮੈਬਰ ਸਰਕਾਰੀ ਅਧਿਕਾਰੀ ਆਪਣੀ ਸਰਕਾਰ ਦੇ ਮੰਤਬੀ ਖਿਲਾਫ ਕੀ ਜਾਂਚ ਕਰੈਗਾ। ਉਹਨਾਂ ਪੰਜਾਬ ਤੋਂ ਬਾਹਰ ਕਿਸੇ ਨਿਰਪਖ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ। ਉਹਨਾਂ ਦਸਿਆ ਕਿ ਉਹਨਾਂ ਦੇ ਵਖ ਵਖ ਥਾਂਈ ਦੌਰੇ ਦੌਰਾਨ ਲੋਕਾਂ ਨੇ ਉਹਨਾਂ ਨੂੰ ਆਪਣੀਆਂ ਦੁਖ ਭਰੀ ਵਿਥਿਆ ਸੁਣਾਈਆਂ ਅਤੇ 15 ਤੋਂ ਵਧ ਪਰਿਵਾਰਾਂ ਨੇ ਦਸਿਆ ਕਿ ਉਹਨਾਂ ਦੇ ਕਈ ਮੈਬਰ ਹਾਲੇ ਵੀ ਲਾਪਤਾ ਹਨ। ਉਹਨਾਂ ਦਸਿਅ ਕਿ ਅਜਿਹਾ ਹਾਦਸਾ ਉਹਨਾਂ ਆਪਣੀ ਜਿੰਦਗੀ 'ਚ ਪਹਿਲਾਂ ਕਦੀ ਨਹੀਂ ਦੇਖਿਆ ਸੁਣਿਆ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਹਾਦਸੇ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੈ । ਉਹਨਾਂ ਹਾਦਸੇ ਨੂੰ ਸਰਕਾਰ ਵਲੋਂ ਕੁਦਰਤੀ ਠਹਿਰਾਏ ਜਾਣ 'ਤੇ ਗੰਭੀਰ ਇਤਰਾਜ ਜਤਾਉਦਿਆਂ ਕਿਹਾ ਕਿ ਇਹ ਕੋਈ ਕੁਦਰਤੀ ਹਾਦਸਾ ਨਹੀਂ ਸਗੋਂ ਕਤਲੇਆਮ ਹੈ। ਜਿਸ ਲਈ ਸਮਾਗਮ ਦੇ ਪ੍ਰਬੰਧਕ ਅਤੇ ਪ੍ਰਸ਼ਾਸਨ ਸਿਧੇ ਤੌਰ ਤੇ ਕਸੂਰਵਾਰ ਹਨ। ਉਹਨਾਂ ਕਿਹਾ ਕਿ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਹਿਣ 'ਤੇ ਦੁਸਿਹਰਾ ਸਮਾਗਮ ਕਾਂਗਰਸੀ ਆਗੂਆਂ ਵਲੋਂ ਉਕਤ ਧੋਬੀਘਾਟ ਜੋੜਾ ਫਾਟਕ 'ਤੇ ਕੀਤਾ ਗਿਆ ਜਿਸ ਬਾਰੇ ਸ਼ਹਿਬ ਦੇ ਮੇਅਰ ਅਤੇ ਨਿਗਮ ਕਮਿਸ਼ਨਰ ਵਲੋਂ ਨਿਯਮਾਂ ਅਨੁਸਾਰ ਕਿਸੇ ਕਿਸਮ ਦੀ ਆਗਿਆ ਨਾ ਲੈਣ ਦੀ ਗਲ ਕਹੀ ਜਾ ਚੁਕੀ ਹੈ, ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿਧੂ ਵਲੋਂ ਸਤਾ ਅਤੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਅਤੇ ਕਾਨੂਨ ਦੀਆਂ ਧਜੀਆਂ ਉਡਾਉਦਿਆਂ ਆਪਣੇ ਹਲਕੇ 'ਚ ਆਪਣੇ ਹੀ ਮਹਿਕਮੇ ਨਾਲ ਸੰਬੰਧਿਤ ਜਮੀਨ 'ਤੇ ਦੁਸਹਿਰਾ ਸਮਾਗਮ ਰਖਾਇਆ ਗਿਆ ਅਤੇ ਕਿਸੇ ਵੀ ਸਰਕਾਰੀ ਪ੍ਰਮਿਸ਼ਨ ਦੀ ਜਰੂਰਤ ਨਹੀਂ ਸਮਝੀ ਗਈ।ਨਾ ਹੀ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ।
ਪ੍ਰਬੰਧਕਾਂ ਵਲੋਂ ਸਿਧੂ ਜੋੜੀ ਦੇ ਨਾਮ ਨਾਲ ਛਪਵਾਏ ਗਏ ਬੋਰਡ ਅਜ ਵੀ ਦੇਖੇ ਜਾਸਕਦੇ ਹਨ। ਉਹਨਾਂ ਸਰਕਾਰ 'ਤੇ ਇਨਸਾਫ ਦੇਣ 'ਚ ਕੋਤਾਹੀ ਵਰਤਣ ਦਾ ਦੋਸ਼ ਲਾਉਦਿਆਂ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਧੂ ਜੋੜੀ ਨਾਲ ਯਾਰਾਨਾ ਪਾਲਣ ਦੀ ਥਾਂ ਪੀੜਤ ਲੋਕਾਂ ਇਨਸਾਫ ਦੇਣ ਵਲ ਧਿਆਨ ਦੇਣ। ਉਹਨਾਂ ਕਿਹਾ ਕਿ ਹਾਦਸੇ ਪ੍ਰਤੀ ਚਾਰ ਅਣਪਛਾਤੇ ਲੋਕਾਂ ਖਿਲਾਫ ਕਟੀ ਗਈ ਐਫ ਆਈ ਆਰ ਤੋਂ ਹੀ ਸਰਕਾਰ ਦੀ ਪੀੜਤਾਂ ਨੁੰ ਇਨਸਾਫ ਨਾ ਦੇਣ ਦੀ ਮਨਸ਼ਾ ਜਾਹਿਰ ਹੁੰਦੀ ਹੈ। ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਦੇ ਬਿਆਨ 'ਤੇ ਪਰਚੇ ਦਰਜ ਕੀਤੇ ਜਾਣ। ਉਹਨਾਂ ਰਾਤੋਂ ਰਾਤ ਹਾਦਸੇ ਵਾਲੀ ਜਗਾ ਨੂੰ ਸਾਫ ਕਰਦਿਆਂ ਸਾਰੇ ਸਬੂਤ ਮਿਟਾਦੇਣ ਦੀ ਕੋਸ਼ਿਸ਼ ਲਈ ਸਰਕਾਰ ਨੂੰ ਆੜੇ ਹਥੀਂ ਲਿਆ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਜਿਸ ਪ੍ਰੀਤ ਕੋਈ ਕਸਰ ਨਹੀ ਛਡੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਵਲੋਂ ਨਰਸਿੰਘਾਰ ਤੋਂ ਆਪਣੇ ਮੰਤਰੀ ਨੂੰ ਬਚਾਉਣ ਦੀ ਹਰ ਕੋਸ਼ਿਸ਼ ਦਾ ਸਖਤ ਵਿਰੋਧ ਹੋਵੇਗਾ ਅਤੇ ਲੋਕ ਕਦੀ ਮੁਆਫ ਨਹੀਂ ਕਰਨਗੇ। ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹਾਦਸਾ ਅਤੇ ਇਨਸਾਨੀਅਤ ਦਾ ਘਾਣ ਹੋਣ ਤੋਂ ਟਾਲਿਆ ਜਾ ਸਕਦਾ ਸੀ ਜੇ ਮੁਖ ਮਹਿਮਾਨ ਵਜੋਂ ਪਹੁੰਚੀ ਨਵਜੋਤ ਕੌਰ ਸਿਧੂ ਨੇ ਪ੍ਰਬੰਧਕ ਜਿਮੇਵਾਰੀਆਂ ਵਲ ਧਿਆਨ ਦਿਤਾ ਹੁੰਦਾ। ਉਹਨਾਂ ਕਿਹਾ ਕਿ ਸਿਧੂ ਦੀ ਮੌਜੂਦਗੀ 'ਚ ਹੀ ਪ੍ਰਬੰਧਕਾਂ ਨੇ ਦਸ ਦਿਤਾ ਸੀ ਕਿ ਰੇਲਵੇ ਟਰੈਕ 'ਤੇ 5000 ਹਜਾਰ ਲੋਕ ਮੌਜੂਦ ਹਨ ਅਤੇ ਉਹ 500 ਟਰੇਨ ਗੁਜਰਜਾਣ 'ਤੇ ਵੀ ਆਪਣੀ ਜਗਾ ਤੋਂ ਨਹੀਂ ਹਿਲਣਗੇ। ਉਹਨਾ ਦਸਿਆ ਕਿ ਸਥਾਨਕ ਲੋਕਾਂ ਵਲੋਂ ਜੁਟਾਏ ਗਏ ਸੀ ਸੀ ਟੀਵੀ ਰਿਕਾਰਡਿਗਾਂ ਤੋਂ ਸਪਸ਼ਟ ਹੁੰਦਾ ਹੈ ਕਿ ਨਵਜੋਤ ਕੌਰ ਸਿਧੂ ਵਲੋਂ ਹਾਦਸੇ ਤੋਂ ਪਹਿਲਾਂ ਚਲੇ ਜਾਣ ਦਾ ਦਾਅਵਾ ਝੂਠਾ ਹੈ। ਉਹਨਾਂ ਸਬੂਤ ਦਿਖਾਉਦਿਆਂ ਕਿਹਾ ਕਿ ਬੀਬੀ ਸਿਧੂ 6 : 38 ਵਜੇ ਸਮਾਗਮ 'ਚ ਸ਼ਾਮਿਲ ਹੁੰਦੇ ਹਨ। 6: 46 'ਤੇ ਉਹ ਭਾਸ਼ਣ ਝਾੜਦੀ ਹੈ। 6: 53 'ਤੇ ਰਾਵਨ ਨੂੰ ਫੁਕਿਆ ਜਾਂਦਾ ਹੈ ਅਤੇ 6: 53 ਤੇ 35 ਸੈਕਿੰਟ 'ਤੇ ਰੇਲ ਹਾਦਸਾ ਵਾਪਰਦਾ ਹੈ, ਅਤੇ ਬੀਬੀ ਸਿਧੂ ਹਾਦਸੇ ਤੋਂ 4 ਮਿੰਟ ਬਾਅਦ ਲੋਕਾਂ ਨੂੰ ਰੋਦੇ ਕੁਰਲਾਉਦਿਆਂ ਨੂੰ ਪਿਠ ਦਿਖਾ ਕੇ ਭਜ ਨਿਕਲਦੀ ਹੈ, ਜੋ ਅਜਿਹਾ ਕਰਕੇ ਉਸ ਨੇ ਗੈਰ ਜਿਮੇਵਾਰ ਅਤੇ ਗੈਰ ਇਨਸਾਨੀਅਤ ਦਾ ਮੁਜਾਹਰਾ ਕੀਤਾ ਹੈ। ਸਿਤਮ ਜਰੀਫੀ ਤਾਂ ਇਹ ਕਿ ਉਹ ਹਾਦਸੇ ਤੋਂ ਦੋਦਿਨ ਬਾਅਤ ਵੀ ਇਨਸਾਨੀਅਤ ਨਹੀਂ ਵਿਖਾ ਸਕੀ।
ਇਸ ਮੌਕੇ ਜਥੇਦਾਰ ਗੁਲਜਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਤਲਬੀਰ ਸਿੰਘ ਗਿਲ, ਰਜਿੰਦਰ ਸਿੰਘ ਮਹਿਤਾ, ਦਲਬੀਰ ਸਿੰਘ ਵੇਰਕਾ, ਮਲਕੀਅਤ ਸਿੰਘ ਏ ਆਰ, ਰਵੀਕਰਨ ਸਿੰਘ ਕਾਹਲੋਂ, ਮਨਜੀਤ ਸਿੰਘ ਮੰਨਾ ਮੀਆਂਵਿੰਡ,
ਸੰਦੀਪ ਸਿੰਘ ਏਆਰ, ਮਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨਵਿੰਡ, ਗੁਰਪ੍ਰੀਤ ਸਿੰਘ ਰੰਧਾਵਾ, ਗੁਰਪ੍ਰਤਾਪ ਸਿੰਘ ਟਿਕਾ, ਬੋਟੀ ਰੋਮਾਣਾ, ਕਿਰਨਪ੍ਰੀਤ ਮੋਨੂ, ਅਨਵਰ ਮਸੀਹ, ਰਜਿੰਦਰ ਸਿੰਘ ਮਰਵਾਹਾ, ਮੇਜਰ ਸ਼ਿਵੀ, ਜਸਪਾਲ ਸ਼ੰਟੂ ਅਤੇ ਪ੍ਰੋ: ਸਰਚਖਾਂਦ ਸਿੰਘ ਆਦਿ ਮੌਜੂਦ ਸਨ।