ਪੰਜਾਬ ਰਾਜ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣ ਲਈ ਵੋਟਾਂ 21 ਅਕਤੂਬਰ ਨੂੰ
ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਅਧੀਨ ਆਉਦੇ ਖੇਤਰ ਵਿੱਚ ਚੋਣ ਜ਼ਾਬਤਾ ਲਾਗੂ
ਵੋਟਾਂ ਦੀ ਗਿਣਤੀ ਅਤੇ ਨਤੀਜੇ ਦਾ ਐਲਾਨ 24 ਅਕਤੂਬਰ ਨੂੰ
ਚੰਡੀਗੜ, 21 ਸਤੰਬਰ, 2019 :
ਭਾਰਤੀ ਚੋਣ ਕਮਿਸ਼ਨ ਨੇ ਅੱਜ ਵਿਧਾਨ ਸਭਾ ਹਲਕਾ ਨੰਬਰ 29 ਫਗਵਾੜਾ (ਐਸ.ਸੀ), ਵਿਧਾਨ ਸਭਾ ਹਲਕਾ ਨੰਬਰ 39 ਮੁਕੇਰੀਆਂ, ਵਿਧਾਨ ਸਭਾ ਹਲਕਾ ਨੰਬਰ 68 ਦਾਖਾ ਅਤੇ ਵਿਧਾਨ ਸਭਾ ਹਲਕਾ ਨੰਬਰ 79 ਜਲਾਲਾਬਾਦ ਦੀ ਜ਼ਿਮਨੀ ਚੋਣ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਮੁੱਖ ਚੋਣ ਅਫਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਇਨਾਂ ਜ਼ਿਮਨੀ ਚੋਣ ਸਬੰਧੀ ਨੋਟੀਫਿਕੇਸ਼ਨ ਮਿਤੀ 23 ਸਤੰਬਰ, 2019 ਨੂੰ ਕੀਤੀ ਜਾਵੇਗੀ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰੀਕਿ੍ਰਆ ਸੂਰੂ ਹੋ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਿਮ ਮਿਤੀ 30 ਸਤੰਬਰ, 2019 ਨਿਰਧਾਰਿਤ ਕੀਤੀ ਗਈ ਹੈ।
ਡਾ. ਰਾਜੂ ਨੇ ਦੱਸਿਆ ਕਿ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਮਿਤੀ 1 ਅਕਤੂਬਰ 2019 ਨੂੰ ਕੀਤੀ ਜਾਵੇਗੀ ਜਦਕਿ ਕਾਗਜ ਵਾਪਸ ਲੈਣ ਦੀ ਅੰਤਿਮ ਮਿਤੀ 3 ਅਕਤੂਬਰ, 2019 ਮਿੱਥੀ ਗਈ ਹੈ।
ਉਨਾਂ ਦੱਸਿਆ ਕਿ ਮਿਤੀ 21 ਅਕਤੂਬਰ, 2019 ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜੇ ਦਾ ਐਲਾਨ ਮਿਤੀ 24 ਅਕਤੂਬਰ, 2019 ਨੂੰ ਕੀਤਾ ਜਾਵੇਗਾ।
ਡਾ.ਰਾਜੂ ਨੇ ਦੱਸਿਆ ਕਿ ਜਿਮਨੀ ਚੋਣ ਦੇ ਮੱਦੇਨਜ਼ਰ ਫਗਵਾੜਾ, ਮੁਕੇਰੀਆਂ, ਦਾਖਾ , ਅਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਅਧੀਨ ਆਉਦੇ ਖੇਤਰ ਵਿੱਚ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਮੁਖ ਚੋਣ ਅਫਸਰ, ਪੰਜਾਬ ਨੇ ਕਿਹਾ ਕਿ ਇਨਾਂ ਚੋਣਾਂ ਵਿੱਚ ਚੋਣ ਲੜ ਰਹਿਆ ਉਮੀਦਵਾਰ ਵੱਧ ਤੋਂ ਵੱਧ 28 ਲੱਖ ਰੁਪਏ ਚੋਣ ਪ੍ਰਚਾਰ ਉਤੇ ਖਰਚ ਸਕਦਾ ਹੈ। ਇਸ ਤੋਂ ਇਲਾਵਾ ਸਬੰਧਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਜ਼ ਨੂੰ ਚੋਣ ਜਾਬਤੇ ਸਬੰਧੀ ਮੁੱਖ ਚੋਣ ਅਫਸਰ ਪੰਜਾਬ ਵਲੋਂ ਟੈਲੀਫੋਨੀਕਲੀ ਹੁਕਮ ਦੇ ਦਿਤੇ ਗਏ ਹਨ।