ਚੰਡੀਗੜ੍ਹ 24 ਅਕਤੂਬਰ 2019: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਾਖਾ ਜ਼ਿਮਨੀ ਚੋਣ ਵਿਚ ਸੱਤਾਧਾਰੀ ਪਾਰਟੀ ਦੀ ਮਿਲੀ ਹਾਰ ਦੋ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹੋਣ ਵਾਲੀ ਸ਼ਰਮਨਾਕ ਹਾਰ ਵੱਲ ਇਸ਼ਾਰਾ ਕਰਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਵੱਲੋਂ ਸਰਕਾਰੀ ਮਸ਼ੀਨਰੀ, ਪੈਸੇ ਅਤੇ ਸ਼ਕਤੀ ਦੀ ਅੰਨੇਵਾਹ ਦੁਰਵਰਤੋਂ ਵੀ ਦਾਖਾ ਦੇ ਲੋਕਾਂ ਨੂੰ ਡਰਾ ਨਹੀਂ ਸਕੀ ਅਤੇ ਉਹਨਾਂ ਇਸ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਸਰਦਾਰ ਮਨਪ੍ਰੀਤ ਸਿੰਘ ਇਆਲੀ ਨੂੰ ਸ਼ਾਨਦਾਰ ਢੰਗ ਨਾਲ ਜਿਤਾ ਕੇ ਕਾਂਗਰਸ ਨੂੰ ਕਰਾਰਾ ਸਬਕ ਸਿਖਾਇਆ ਹੈ। ਇਹ ਬਾਕੀ ਤਿੰਨਾਂ ਹਲਕਿਆਂ ਵਿਚੋਂ ਸਭ ਤੋਂ ਵੱਧ ਫਸਵਾਂ ਮੁਕਾਬਲਾ ਸੀ। ਉਹਨਾਂ ਕਿਹਾ ਕਿ ਅੱਜ ਤੋਂ ਬਾਅਦ ਕਾਂਗਰਸੀ ਕਈ ਸਾਲਾਂ ਵਾਸਤੇ ਗੁੰਮਨਾਮੀ 'ਚ ਜਾਣ ਦੀ ਤਿਆਰੀ ਸ਼ੁਰੂ ਕਰ ਦੇਣਗੇ, ਕਿਉਂਕਿ ਦੋ ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸਾਰੇ ਹਲਕਿਆਂ ਅੰਦਰ ਉਹਨਾਂ ਦਾ ਇਹੀ ਹਸ਼ਰ ਹੋਵੇਗਾ।
ਅਕਾਲੀ ਦਲ ਪ੍ਰਧਾਨ ਨੇ ਸੱਤਾਧਾਰੀ ਪਾਰਟੀ ਵੱਲੋਂ ਲੋਕਾਂ ਨੂੰ ਡਰਾਉਣ ਅਤੇ ਭਰਮਾਉਣ ਲਈ ਸਰਕਾਰੀ ਤਾਕਤ ਦੀ ਕੀਤੀ ਦੁਰਵਰਤੋਂ ਦੇ ਬਾਵਜੂਦ ਅਕਾਲੀ-ਭਾਜਪਾ ਉਮੀਦਵਾਰ ਨਾਲ ਡਟ ਕੇ ਖਲੋਣ ਲਈ ਦਾਖਾ ਹਲਕੇ ਦੇ ਲੋਕਾਂ ਦਾ ਤਹਿਦਿਲੋਂ ਸ਼ੁਕਰਾਨਾ ਕੀਤਾ। ਉਹਨਾਂ ਨੇ ਅਕਾਲੀ-ਭਾਜਪਾ ਦੇ ਵਰਕਰਾਂ ਅਤੇ ਆਗੂਆਂ ਦਾ ਲੋਕਾਂ ਦੀ ਸੇਵਾ ਵਿਚ ਕੋਈ ਕਸਰ ਨਾ ਛੱਡਣ ਲਈ ਧੰਨਵਾਦ ਕੀਤਾ।
ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਦਾਖਾ ਦੀ ਚੋਣ ਨੂੰ ਆਪਣੇ ਨਿੱਜੀ ਅਤੇ ਸਿਆਸੀ ਵੱਕਾਰ ਦਾ ਮਸਲਾ ਬਣਾਇਆ ਹੋਇਆ ਸੀ। ਇਹ ਉਸ ਵੱਲੋਂ ਆਪਣੇ ਚਹੇਤੇ ਨੂੰ ਉਮੀਦਵਾਰ ਬਣਾਉਣ ਅਤੇ ਚੋਣ ਪ੍ਰਚਾਰ ਲਈ ਕੱਢੇ ਦੋ ਰੋਡ ਸ਼ੋਆਂ ਤੋਂ ਸਪੱਸ਼ਟ ਹੋ ਗਿਆ ਸੀ। ਇਸ ਦੇ ਬਾਵਜੂਦ ਦਾਖਾ ਦੇ ਲੋਕਾਂ ਨੇ ਮੁੱਖ ਮੰਤਰੀ ਨੂੰ ਧੂੜ ਚਟਾ ਦਿੱਤੀ ਹੈ।
ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ਮਗਰੋ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਇਤਿਹਾਸ ਵਿਚ ਸੱਤਾਧਾਰੀ ਵਿਰਲੇ ਹੀ ਜ਼ਿਮਨੀ ਚੋਣਾਂ 'ਚ ਹਾਰਦੀ ਹੈ। ਜੇਕਰ ਅਜਿਹੀ ਹਾਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਗਲੀ ਵਿਧਾਨ ਸਭਾ ਚੋਣਾਂ 'ਚ ਇਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਹੀ ਗਿੱਦੜਬਾਹਾ ਚੋਣ ਵੇਲੇ ਵੀ ਵਾਪਰਿਆ ਸੀ ਅਤੇ ਆਦਮਪੁਰ ਜ਼ਿਮਨੀ ਚੋਣ ਤੋਂ ਬਾਅਦ ਵੀ ਵਾਪਰਿਆ ਸੀ, ਜਿਹੜੀ ਕਿ ਅਸੀਂ ਹਾਰ ਗਏ ਸੀ। ਇਸ ਲਈ ਹਰ ਕੋਈ ਜਾਣਦਾ ਹੈ ਕਿ ਦਾਖਾ ਜ਼ਿਮਨੀ ਚੋਣ ਦਾ ਨਤੀਜਾ ਇੰਨਾ ਅਹਿਮ ਕਿਉਂ ਹੈ, ਕਿਉਂਕਿ ਸੂਬੇ ਦੇ ਇਤਿਹਾਸ ਵਿਚ ਇਹ ਸਿਰਫ ਦੂਜੀ ਵਾਰ ਹੋਇਆ ਹੈ ਜਦੋਂ ਕਾਂਗਰਸ ਪਾਰਟੀ ਇੱਕ ਜ਼ਿਮਨੀ ਚੋਣ ਹਾਰੀ ਹੈ। ਇਸ ਤੋਂ ਪਹਿਲਾਂ ਇਹ ਗਿੱਦੜਬਾਹਾ ਤੋਂ ਹਾਰੀ ਸੀ, ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਸੀ।
ਦੂਜੇ ਹਲਕਿਆਂ ਉੱਤੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਲਾਲਾਬਾਦ ਵਿਚ ਅਕਾਲੀ-ਭਾਜਪਾ ਉਮੀਦਵਾਰ ਖ਼ਿਲਾਫ ਅਮਰਿੰਦਰ ਅਤੇ ਉਸ ਸਾਰੀ ਪਾਰਟੀ ਨੇ ਸਰਕਾਰੀ ਮਸ਼ੀਨਰੀ ਅਤੇ ਪੈਸੇ ਸਮੇਤ ਆਪਣੇ ਸਾਰੇ ਹੀਲੇ-ਵਸੀਲੇ ਲਗਾ ਦਿੱਤੇ ਸਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਲਾਲਾਬਾਦ ਵਿਖੇ ਸੁਤੰਤਰ ਅਤੇ ਨਿਰਪੱਖ ਵਾਸਤੇ ਚੋਣ ਮਾਹੌਲ ਨੂੰ ਖਰਾਬ ਕਰਨ ਲਈ ਬਾਹਰਲੇ ਸੂਬਿਆਂ ਤੋਂ ਬਦਮਾਸ਼ ਸੱਦੇ ਸਨ। ਇਹ ਸਭ ਇੱਕ ਅਜਿਹੇ ਅਕਾਲੀ-ਭਾਜਪਾ ਉਮੀਦਵਾਰ ਨੂੰ ਹਰਾਉਣ ਲਈ ਕੀਤਾ ਗਿਆ, ਜੋ ਕਿ ਆਪਣੀ ਇਮਾਨਦਾਰੀ ਅਤੇ ਨੇਕਨੀਅਤੀ ਕਰਕੇ ਜਾਣਿਆ ਜਾਂਦਾ ਹੈ। ਕਾਂਗਰਸ ਵੱਲੋਂ ਜਲਾਲਾਬਾਦ ਵਿਖੇ ਆਪਣੇ ਔਸਤ ਮਿਆਰ ਨਾਲੋਂ ਕਿਤੇ ਵੱਧ ਤਾਕਤ, ਪੈਸੇ ਅਤੇ ਮਾਫੀਆ ਦੀ ਵਰਤੋਂ ਕੀਤੀ ਗਈ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਬੇਸ਼ੱਕ ਸੱਤਾਧਾਰੀ ਪਾਰਟੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਹੋਰ ਹਥਕੰਡਿਆਂ ਰਾਹੀਂ ਫਗਵਾੜਾ ਅਤੇ ਮੁਕੇਰੀਆਂ ਦੇ ਚੋਣ ਨਤੀਜੇ ਪ੍ਰਭਾਵਿਤ ਕਰਨ ਵਿਚ ਕਾਮਯਾਬ ਹੋ ਗਈ ਹੈ, ਪਰੰਤੂ ਮਾਮੂਲੀ ਫਰਕ ਨਾਲ ਹਾਸਿਲ ਕੀਤੀਆਂ ਇਹ ਜਿੱਤਾਂ ਸਪੱਸ਼ਟ ਕਰਦੀਆਂ ਹਨ ਕਿ ਜਦੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਕਾਂਗਰਸ ਦੇ ਜਿੱਤਣ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਫਗਵਾੜਾ ਅਤੇ ਮੁਕੇਰੀਆਂ ਦੇ ਨਤੀਜੇ ਕਸਬਿਆਂ ਅਤੇ ਸ਼ਹਿਰਾਂ ਅੰਦਰ ਅਕਾਲੀ-ਭਾਜਪਾ ਦੇ ਹੋਏ ਉਭਾਰ ਵੱਲ ਇਸ਼ਾਰਾ ਕਰਦੇ ਹਨ।