ਭੂੰਦੜੀ, 14 ਅਕਤੂਬਰ 2019 : ਵਿਧਾਨ ਸਭਾ ਹਲਕਾ ਦਾਖਾ ਦੀ ਜ਼ਿਮਨੀ ਚੋਣ ਵਿਚ ਚੋਣ ਪ੍ਰਚਾਰ ਕਰਨ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਅੱਜ ਪਿੰਡ ਕੋਟ ਉਮਰਾਂ ਅਤੇ ਭੂੰਦੜੀ ਪਹੁੰਚੇ। ਜਿੱਥੇ ਉਨ੍ਹਾਂ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਲਕਾ ਦਾਖਾ ਨੂੰ ਆਉਂਦੇ ਸਾਲਾਂ ਵਿੱਚ ਮਾਡਲ ਹਲਕੇ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਹਲਕੇ ਦੇ ਹਰੇਕ ਪਿੰਡ ਤੇ ਵਾਰਡ ਨੂੰ ਹਰ ਇੱਕ ਬੁਨਿਆਦੀ ਸਹੂਲਤ ਦਿੱਤੀ ਜਾਵੇਗੀ।
ਇਸ ਮੌਕੇ ਪਿੰਡ ਵਾਸੀਆਂ ਨੇ ਕੈਪਟਨ ਸੰਦੀਪ ਸੰਧੂ ਨੂੰ ਲੱਡੂਆਂ ਨਾਲ ਤੋਲਿਆ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਸੁਰਿੰਦਰ ਡਾਵਰ, ਵਿਧਾਇਕ ਦਰਸ਼ਨ ਸਿੰਘ ਘੁਬਾਇਆ, ਯੂਥ ਕਾਂਗਰਸ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਬਠਿੰਡਾ ਤੋਂ ਖੁਸ਼ਬਾਜ ਸਿੰਘ ਜਟਾਣਾ, ਜਿਲਾ ਪ੍ਰੀਸ਼ਦ ਮੈਂਬਰ ਰਿੱਕੀ ਚੌਹਾਨ ਆਦਿ ਕਾਂਗਰਸੀ ਆਗੂ ਹਾਜਰ ਸਨ।
ਕੈਪਟਨ ਸੰਧੂ ਨੇ ਅੱਗੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਲਕਾ ਦਾਖਾ ਮੇਰਾ ਪਰਿਵਾਰ ਹੈ ਅਤੇ ਮੈਂ ਆਪਣੇ ਪਰਿਵਾਰ 'ਚ ਰਹਿ ਕੇ ਆਪਣੀ ਜਿੰਮੇਵਾਰੀ ਨਿਭਾਵਾਂਗਾ। ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਲਕਾ ਦਾਖਾ ਨੂੰ ਪਟਿਆਲਾ ਵਾਂਗ ਆਪਣਾ ਹਲਕਾ ਦੱਸਿਆ ਹੈ।
ਸੰਧੂ ਨੇ ਕਿਹਾ ਕਿ ਹਲਕੇ ਲਈ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਵੇਗੀ ਅਤੇ ਪਿਛਲੇ ਕੁੱਝ ਸਾਲਾਂ ਤੋਂ ਹਲਕੇ ਦਾਖੇ 'ਚ ਵਿਕਾਸ ਸਬੰਧੀ ਆਈ ਖੜੋਤ ਨੂੰ ਦੂਰ ਕੀਤਾ ਜਾਵੇਗਾ। ਕੈਪਟਨ ਸਰਕਾਰ ਵੱਲੋਂ ਚੱਲ ਰਹੀਆਂ ਯੋਜਨਾਵਾਂ ਦਾ ਲਾਭ ਹਰ ਇਕ ਨੂੰ ਮਿਲੇ ਇਹ ਵੀ ਲਾਜ਼ਮੀ ਕੀਤਾ ਜਾਵੇਗਾ। ਚਾਹੇ ਉਹ ਕੱਚੇ ਘਰ ਪੱਕੇ ਕਰਨ, ਪੈਨਸ਼ਨਾਂ, ਸ਼ਗਨ ਸਕੀਮ ਆਦਿ ਨੂੰ ਘਰ-ਘਰ ਪੰਹੁਚਾਉਣਾ ਆਦਿ ਹੋਵੇ। ਇਸ ਲਈ ਯੋਗ ਉਪਰਾਲੇ ਕੀਤੇ ਜਾਣਗੇ। ਇਸ ਲਈ ਆਪ ਸਭ ਆਪਣਾ ਆਸ਼ੀਰਵਾਦ ਮੇਰੇ 'ਤੇ ਰੱਖੋ। ਹਲਕਾ ਦਾਖਾ ਤੋਂ ਤੁਸੀਂ ਸਭ ਨੂੰ ਮੌਕਾ ਦਿੱਤਾ, ਮੈਨੂੰ ਤਾਂ ਮੌਕਾ ਵੀ ਅੱਧਾ ਹੀ ਮਿਲਣਾ ਹੈ ਤੇ ਮੈਂ ਇਸ ਅੱਧੇ ਮੌਕੇ 'ਚ ਪੂਰੇ ਮੌਕੇ ਤੋਂ ਵੱਧ ਕੰਮ ਕਰਕੇ ਵਿਖਾਵਾਂਗਾ।
ਇਸ ਮੌਕੇ ਹਾਜਰ ਲੀਡਰਸ਼ਿਪ ਨੇ ਆਪਣੇ ਸੰਬੋਧਨ ਵਿਚ ਅਕਾਲੀ ਦਲ ਅਤੇ ਲਿਪ ਆਗੂ 'ਤੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਹਲਕੇ 'ਚ ਗੁੰਡਾਰਾਜ ਫੈਲਾਉਣ ਵਾਲਿਆਂ ਦੇ ਸਿਆਸੀ ਅੰਤ ਦਾ ਸਮਾਂ ਨੇੜੇ ਆ ਗਿਆ ਹੈ, ਹੰਕਾਰ ਦੀ ਹਮੇਸ਼ਾ ਹਾਰ ਹੋਈ ਹੈ ਤੇ ਵਿਰੋਧੀਆਂ ਨੂੰ ਕੰਧ ਲਿਖੀ ਆਪਣੀ ਹਾਰ ਪੜ੍ਹ ਲੈਣੀ ਚਾਹੀਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਗੁਰਮੀਤ ਸਿੰਘ, ਪੂਜਾ ਸਰਪੰਚ, ਸਰਪੰਚ ਰਘਵੀਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਬੱਬੀ, ਹਰਮੋਹਨ ਸਿੰਘ ਠੇਕੇਦਾਰ, ਗੁਰਜੀਤ ਸਿੰਘ ਮੰਤਰੀ, ਮਲਕੀਤ ਸਿੰਘ, ਤਰਸੇਮ ਸਿੰਘ, ਲਖਵੀਰ ਸਿੰਘ, ਸਤਪਾਲ ਸਿੰਘ ਲੱਡੂ, ਕਰਤਾਰੋ ਬਾਈ, ਸੁੱਚਾ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਤਜਿੰਦਰ ਸਿੰਘ, ਭਿੰਦਰ ਸਿੰਘ ਪੰਚ ਆਦਿ ਹਾਜਰ ਸਨ।