36 ਨਾਮਜ਼ਦਗੀ ਪੱਤਰ ਸਹੀ ਪਾਏ ਗਏ
ਚੰਡੀਗੜ੍ਹ, 01 ਅਕਤੂਬਰ 2019: ਚਾਰ ਵਿਧਾਨ ਸਭ ਹਲਕਿਆਂ ਵਿਚ ਜ਼ਿਮਨੀ ਚੋਣਾਂ ਲਈ ਪ੍ਰਾਪਤ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 18 ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਹਨਾਂ ਵਿਧਾਨ ਸਭ ਹਲਕਿਆਂ ਵਿਚ 21 ਅਕਤੂਬਰ, 2019 ਨੂੰ ਵੋਟਾਂ ਪੈਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਮੁੱਖ ਚੋਣ ਅਫਸਰ, ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਨੰਬਰ 29-ਫਗਵਾੜਾ ਲਈ 16 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ ਜਿਹਨਾਂ ਵਿਚੋਂ 10 ਸਹੀ ਪਾਏ ਗਏ ਜਦਕਿ 6 ਨੂੰ ਰੱਦ ਕਰ ਦਿੱਤਾ ਗਿਆ, ਵਿਧਾਨ ਸਭਾ ਹਲਕਾ ਨੰਬਰ 39-ਮੁਕੇਰੀਆਂ ਲਈ ਕੁੱਲ 11 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ ਜਿਹਨਾਂ ਵਿਚੋਂ 6 ਸਹੀ ਪਾਏ ਗਏ ਅਤੇ 5 ਰੱਦ ਕਰ ਦਿੱਤੇ ਗਏ। ਵਿਧਾਨ ਸਭਾ ਹਲਕਾ ਨੰਬਰ 68 - ਦਾਖਾ ਲਈ 16 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ ਜਿਸ ਵਿਚੋਂ 12 ਦਰੁਸਤ ਪਾਏ ਗਏ ਅਤੇ 4 ਰੱਦ ਕਰ ਦਿੱਤੇ ਗਏ। ਵਿਧਾਨ ਸਭਾ ਹਲਕਾ ਨੰਬਰ 79 - ਜਲਾਲਾਬਾਦ ਲਈ 11 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਜਿਹਨਾਂ ਵਿਚੋਂ 8 ਸਹੀ ਪਾਏ ਗਏ ਅਤੇ 3 ਰੱਦ ਕਰ ਦਿੱਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 4 ਵਿਧਾਨ ਸਭਾ ਹਲਕਿਆਂ ਲਈ ਕੁੱਲ 54 ਨਾਮਜਦਗੀ ਪੱਤਰ ਪ੍ਰਾਪਤ ਹੋਏ ਸਨ ਜਿਹਨਾਂ ਵਿਚੋਂ 36 ਦਰੁਸਤ ਪਾਏ ਗਏ ਹਨ।
ਉਹਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 3 ਅਕਤੂਬਰ, 2019 ਹੈ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਦਾ ਤੈਅ ਸਮੇਂ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।