ਚੰਡੀਗੜ੍ਹ, 15 ਸਤੰਬਰ 2020 - ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ।
ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ, “ਇਹ ਕੇਸ 1991 ਦਾ ਹੈ। 30 ਸਾਲਾਂ ਬਾਅਦ ਉਸ ਨੂੰ ਗ੍ਰਿਫਤਾਰ ਕਰਨ ਦੀ ਜਲਦੀ ਕੀ ਹੈ… ਅਸੀਂ ਤੁਹਾਨੂੰ ਜਵਾਬ ਦਾਖਲ ਕਰਨ ਲਈ ਸਮਾਂ ਦੇਵਾਂਗੇ।” ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਸੈਣੀ ਦੀ ਗ੍ਰਿਫਤਾਰੀ ਨਹੀਂ ਹੋਵੇਗੀ। ਹਾਲਾਂਕਿ, ਅਦਾਲਤ ਨੇ ਸੈਣੀ ਨੂੰ ਜਾਂਚ ਵਿਚ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਲਈ ਕਿਹਾ ਹੈ।
ਅਦਾਲਤ ਨੇ ਸੈਣੀ ਦੀ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਤਿੰਨ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਇਸ ਕੇਸ 'ਚ ਚਾਰ ਹਫ਼ਤਿਆਂ ਬਾਅਦ ਅਗਲੀ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਸੈਣੀ ਦੀ ਤਰਫੋਂ, ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਅਦਾਲਤ ਨੂੰ ਦੱਸਿਆ ਕਿ, ਇਹ ਇੱਕ ਕਾਬਿਲ ਅਫਸਰ ਦੀ ਛਵੀ ਨੂੰ ਖਰਾਬ ਕਰਨ ਦਾ ਬਹੁਤ ਹੀ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਸੈਣੀ ਬਹੁਤ ਮਿਹਨਤੀ ਅਤੇ ਸਮਰਪਿਤ ਅਫਸਰ ਸੀ। ਰੋਹਤਗੀ ਨੇ ਕਿਹਾ ਸੈਣੀ ਉਸ ਸਮੇਂ ਐਸ.ਐਸ.ਪੀ ਸੀ, ਜਦੋਂ ਉਨ੍ਹਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ।" ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੈਣੀ ਦੇ ਮਗਰ ਇਸ ਕਰਕੇ ਲੱਗੀ ਹੈ ਕਿਉਂਕਿ ਉਸ ਨੇ ਦੋ ਚਾਰਜਸ਼ੀਟ ਦਾਖਲ ਕੀਤੀਆਂ ਸਨ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੋਸ਼ੀ ਸਨ।
1991 ਤੋਂ ਵਾਪਰੀਆਂ ਘਟਨਾਵਾਂ ਦਾ ਸਿਲਸਿਲਾ ਦੱਸਦੇ ਹੋਏ ਸੈਣੀ ਦੇ ਵਕੀਲ ਰੋਹਤਗੀ ਨੇ ਕਿਹਾ ਕਿ ਸੈਣੀ ਦੇ ਖਿਲਾਫ ਗਲਤ ਢੰਗ ਨਾਲ ਐਫ.ਆਈ.ਆਰ ਦਰਜ ਕੀਤੀ ਗਈ ਸੀ।
ਪੰਜਾਬ ਦੀ ਤਰਫੋਂ ਵਕੀਲ ਲੂਥਰਾ ਨੇ ਕਿਹਾ ਕਿ ਹਾਈ ਕੋਰਟ ਨੇ ਇਹ ਨੋਟ ਕੀਤਾ ਸੀ ਕਿ ਸੈਣੀ ਦੂਜਿਆਂ ਨੂੰ ਡਰਾਉਂਦਾ ਸੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਇਹ ਵੀ ਨੋਟ ਕੀਤਾ ਸੀ ਕਿ ਇੱਕ ਸ਼ਖਸ ਨੇ ਸੈਣੀ ਦੁਆਰਾ ਕੀਤੇ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ ਸੀ।
ਸੁਪਰੀਮ ਕੋਰਟ 'ਚ ਸੈਣੀ ਵੱਲੋਂ ਦਾਇਰ ਕੀਤੀ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਾਬਕਾ ਡੀ.ਜੀ.ਪੀ ਖ਼ਿਲਾਫ਼ ਕੇਸ ਮੌਜੂਦਾ ਪੰਜਾਬ ਸਰਕਾਰ ਵੱਲੋਂ ‘ਰਾਜਨੀਤਿਕ ਪ੍ਰੇਰਿਤ ਸਾਜ਼ਿਸ਼’ ਦੀ ਇੱਕ ਉਦਾਹਰਣ ਸੀ।
ਸੈਣੀ ਦੀ ਬੇਲ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬਿਨੈਕਾਰ ਨੇ 2007 ਤੋਂ 2012 ਤਕ ਸਟੇਟ ਵਿਜੀਲੈਂਸ ਬਿਊਰੋ ਦੇ ਮੁਖੀ ਵਜੋਂ ਸੇਵਾਵਾਂ ਨਿਭਾਈਆਂ ਸਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਰਾਜਨੀਤਿਕ ਪਾਰਟੀ ਦੇ ਮੈਂਬਰਾਂ ਵਿਰੁੱਧ ਕਈ ਅਪਰਾਧਿਕ ਕੇਸ ਦਰਜ ਕੀਤੇ ਗਏ ਸਨ, ਜੋ ਕਿ ਹੁਣ ਪੰਜਾਬ ਰਾਜ ਵਿਚ ਸੱਤਾ ਵਿਚ ਹਨ।
ਇਹ ਵੀ ਕਿਹਾ ਗਿਆ ਹੈ ਕਿ ਬਿਨੈਕਾਰ, ਇੰਸਪੈਕਟਰ ਜਨਰਲ ਆਫ਼ ਪੁਲਿਸ ਇੰਟੈਲੀਜੈਂਸ, ਪੰਜਾਬ ਦੇ ਕਾਰਜਕਾਲ ਦੌਰਾਨ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਉਸ ਸਮੇਂ ਦੇ ਚੇਅਰਮੈਨ ਨਾਲ ਸਬੰਧਤ "ਇੱਕ ਵੱਡਾ ਭ੍ਰਿਸ਼ਟਾਚਾਰ ਦਾ ਨੈੱਟਵਰਕ" ਲੱਭਣ ਵਿੱਚ ਮਦਦਗਾਰ ਰਿਹਾ ਸੀ।