ਸ਼੍ਰੋਮਣੀ ਸਹਿਤਕਾਰ ਸੁਰਜੀਤ ਪਾਤਰ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ - ਜ਼ਮਹੂਰੀ ਅਧਿਕਾਰ ਸਭਾ ਪੰਜਾਬ
ਰੋਹਿਤ ਗੁਪਤਾ
ਗੁਰਦਾਸਪੁਰ 11 ਮਈ 2024 - ਸਮਾਜ ਅੰਦਰ ਅਗਾਂਹ ਵਧੂ ਤਬਦੀਲੀ ਲਈ ਅਹੁਲਦੇ, ਲੋਕੀ ਪੱਖੀ ਅਗਾਂਹ ਵਧੂ ਕਵਿਤਾ ਰਾਹੀ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਚ ਅਹਿਮ ਯੋਗਦਾਨ ਪਾਉਣ ਵਾਲੇ ਸੁਰਜੀਤ ਪਾਤਰ ਦੇ ਵਿਛੋੜੇ ਉਪਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੁੱਖ ਪ੍ਰਗਟ ਕਰਦੀ ਹੋਈ ਉਨ੍ਹਾਂ ਵੱਲੋਂ ਆਪਣੀ ਕਲਾ ਰਾਹੀਂ ਲੋਕਾਂ ਦੇ ਹੱਕ ਕੁਚਲਣ ਵਾਲੀਆਂ ਤਾਕਤਾਂ ਵਿਰੁੱਧ ਖੜਨ ਦੇ ਦਿੱਤੇ ਹੋਕਿਆਂ ਨਾਲ ਹੱਕਾਂ ਦੀ ਲਹਿਰ ਵਿੱਚ ਪਾਏ ਯੋਗਦਾਨ ਨੂੰ ਸਲਾਮ ਕਰਦੀ ਹੈ।
ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਹਿਰੂਮ ਸੁਰਜੀਤ ਪਾਤਰ ਨੇ ਸਮੇਂ ਸਮੇਂ ਇਸ ਲੋਕ ਵਿਰੋਧੀ ਪ੍ਰਬੰਧ ਵਿਰੁੱਧ ਆਪਣੀ ਕਲਮ ਰਾਹੀਂ ਆਵਾਜ਼ ਬੁਲੰਦ ਕੀਤੀ ਹੈ। ਉਹ ਹਮੇਸ਼ਾ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਨੂੰ ਇੱਕ ਹੋਣਾ ਲੋਚਦੇ ਸਨ। ਪੰਜਾਬੀ ਭਾਸ਼ਾ ਦੀ ਤਰੱਕੀ ਲਈ ਉਨ੍ਹਾਂ ਦੀ ਕਲਮ ਹਮੇਸ਼ਾ ਪੰਜਾਬੀ ਭਾਸ਼ਾ ਤੋਂ ਮੁਨਕਰ ਹੋਣ ਵਾਲੇ ਪੰਜਾਬੀ ਪੁੱਤਰਾਂ ਨੂੰ ਝੰਜੋੜਦੀ ਰਹਿੰਦੀ ਸੀ। ਮਨੁੱਖੀ ਭਾਈਚਾਰੇ ਦੀ ਪਾਕ ਮੁਹੱਬਤ ਦਾ ਮੁੱਦਈ ਪਾਤਰ ਲੋਕਾਂ ਦੇ ਚੇਤਿਆਂ ਵਿੱਚ ਹਮੇਸ਼ਾ ਸੁਰਜੀਤ ਰਹੇਗਾ। ਉਹਨਾਂ ਦੀਆਂ ਕਵਿਤਾਵਾਂ, ਗ਼ਜ਼ਲਾਂ ਸਾਡੇ ਚੇਤਿਆਂ ਦੀ ਚੰਗੇਰ ਵਿਚ ਹਮੇਸ਼ਾ ਅਮਰ ਰਹਿਣਗੀਆਂ।
ਜਮਹੂਰੀ ਹੱਕਾਂ ਦੀ ਰਾਖੀ ਲਈ ਉਨ੍ਹਾਂ ਦੀਆਂ ਕਵਿਤਾਵਾਂ ਲੋਕਾਈ ਦੇ ਭਲੇ ਲਈ ਕੀਤੀ ਜਾ ਰਹੀ ਜਦੋ ਜਹਿਦ ਨੂੰ ਜਰਬਾਂ ਦੇਣ ਦੇ ਸਬੰਧੀ ਪਾਏ ਯੋਗਦਾਨ ਨੂੰ ਕੋਈ ਵੀ ਵਿਅਕਤੀ ਮੁਨਕਰ ਹੋ ਸਕਦਾ।। ਪੰਜਾਬੀ ਸਹਿਤ ਨੂੰ ਹੋਰ ਅਮੀਰ ਬਣਾਉਣ ਲਈ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਕਲਮ ਦੇ ਹਰਫ ਤੇ ਬੋਲ ਸਦਾ ਰਾਹ ਰੁਸਣਾਉਂਦੇ ਰਹਿਣਗੇ।ਜਮਹੂਰੀ ਅਧਿਕਾਰ ਸਭਾ ਉਨ੍ਹਾਂ ਦੀ ਘਾਲਣਾ ਨੂੰ ਸਲਾਮ ਕਰਦੀ ਵਿਛੋੜੇ ਉੱਤੇ ਦੁਖ ਪ੍ਰਗਟ ਕਰਦੀ ਹੈ। ਅਤੇ ਪੰਜਾਬੀ ਬੋਲੀ ਦੇ ਮੁੱਦਈ ਭਾਈਚਾਰੇ ਨਾਲ ਦੁੱਖ ਸਾਂਝਾ ਕਰਦੀ ਹੈ।