ਪੰਜਾਬ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਦਿੱਤੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ
- ਪਦਮਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ 18ਵੀਂ ਸਿਰਜਣ ਪ੍ਰੀਕ੍ਰਿਆ
ਅੰਮ੍ਰਿਤਸਰ, 09 ਜੂਨ, 2024 – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਆਪਣਾ ਮਹੀਨਾਵਾਰ ਪ੍ਰੋਗਰਾਮ ਸਿਰਜਣ ਪ੍ਰੀਕ੍ਰਿਆ ਦਾ 18ਵਾਂ ਆਯੋਜਨ ਸੰਸਥਾ ਦੇ ਸੈਮੀਨਾਰ ਹਾਲ ਵਿਚ ਕਰਵਾਇਆ ਗਿਆ। ਅੱਜ ਦਾ ਇਹ ਸਿਰਜਣ ਪ੍ਰੀਕ੍ਰਿਆ ਸਮਾਗਮ ਪੰਜਾਬੀ ਦੇ ਮਹਾਨ ਸ਼ਾਇਰ, ਪਦਮਸ਼੍ਰੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਸੀ। ਇਸ ਸਮਾਗਮ ਵਿਚ ਰਾਜ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਤੋਂ ਵਿਿਦਆਰਥੀ, ਅਧਿਆਪਕ ਅਤੇ ਵਿਦਵਾਨ ਸ਼ਾਮਿਲ ਹੋਏ।
ਇਸ ਮੌਕੇ ਉਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਸੁਰਜੀਤ ਪਾਤਰ ਨਾਲ ਜੁੜੀਆਂ ਉਨ੍ਹਾਂ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਹ ਸੁਰਜੀਤ ਪਾਤਰ ਨੂੰ ਕਵੀ ਤੋਂ ਵੱਧ ਇਕ ਦਾਰਸ਼ਨਿਕ ਤੌਰ ‘ਤੇ ਦੇਖਦੇ ਹਨ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਗੁਰਬਾਣੀ ਦਾ ਰਾਗਾਤਮਕ ਸੁਹਜ ਵਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਨੇ ਪੰਜਾਬੀ ਜ਼ੁਬਾਨ ਦੀ ਅਮੀਰੀ ਲਈ ਚਿੰਤਨੀ ਅਭਿਆਸ ਦੇ ਨਾਲ ਨਾਲ ਅਨੇਕਾਂ ਪ੍ਰਸ਼ਾਸਨਿਕ ਫੈਸਲ਼ਿਆਂ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਉਘੇ ਸ਼ਾਇਰ ਸਵਰਨਜੀਤ ਸਵੀ ਨੇ ਆਪਣੇ ਵਿਅਕਤੀਗਤ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਸ਼ਬਦਾਂ ਦਾ ਉਨਾਂ੍ਹ ਦੇ ਸਿਰਜਣਾਤਮਕ ਹਵਾਲਿਆਂ ਵਿਚ ਵਾਰ ਵਾਰ ਨਵੇਂ ਅਰਥਾਂ ਰਾਹੀਂ ਸਾਕਾਰ ਹੋਣਾ ਇਸ ਗੱਲ ਵੱਲ ਇਸ਼ਾਰਾ ਸੀ ਕਿ ਗੁਰਬਾਣੀ ਦਾ ਉਨ੍ਹਾਂ ਦੇ ਸਭਿਆਚਾਰਕ ਅਤੇ ਸਿਰਜਣਾਤਮਕ ਜੀਵਨ ਉਪਰ ਡੂੰਘਾ ਪ੍ਰਭਾਵ ਸੀ। ਖਾਲਸਾ ਕਾਲਜ ਫਾਰ ਵਿਮਨ ਦੇ ਸਾਬਕਾ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਰਚਨਾਵਾਂ ਰਾਹੀਂ ਬੌਧਿਕ ਅਤੇ ਸੰਵੇਦਨਸ਼ੀਲਤਾ ਦਾ ਇਕ ਖੂਬਸੂਰਤ ਸੰਤੁਲਨ ਉਭਰ ਕੇ ਸਾਹਮਣੇ ਆਉਂਦਾ ਹੈ। ਉਨ੍ਹਾਂ ਨੇ ਕਵਿਤਾ ਨੂੰ ਨਿਰੋਲ ਸਮਾਜਿਕ ਸਭਿਆਚਾਰਕ ਨਾਅਰੇ ਦੇ ਮੁਹਾਵਰੇ ਵਜੋਂ ਨਹੀਂ ਬਲਕਿ ਇਕ ਵਿਸ਼ਲੇਸ਼ਣਾਤਮਕ ਜੁਗਤ ਵਜੋਂ ਵਰਤਿਆ ਹੈ।
ਇਸ ਤੋਂ ਪਹਿਲਾਂ ਦਿੱਲੀ ਯੂਨੀਵਰਸਿਟੀ ਤੋਂ ਸੰਦੀਪ ਸ਼ਰਮਾਂ ਵੱਲੋਂ ਇਸ ਮੌਕੇ ਪੁੱਜੇ ਚਿੰਤਕ, ਮਹਿਮਾਨ, ਕਵੀ ਅਤੇ ਵਿਿਦਆਰਥੀਆਂ ਨੂੰ ਸੁਰਜੀਤ ਪਾਤਰ ਦੇ ਜੀਵਨ, ਸਿਰਜਣਾ ਅਤੇ ਉਨ੍ਹਾਂ ਦੀ ਪੰਜਾਬੀ ਜ਼ੁਬਾਨ ਦੀ ਵਿਕਾਸ ਵਿਚ ਪਾਏ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ ਅਤੇ ਡਾ. ਅਮਰਜੀਤ ਕੌਰ ਵੱਲੋਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੀ ਗਜ਼ਲ ‘ਪੱਥਰਾਂ ਦੇ ਇਸ ਸ਼ਹਿਰ ‘ਚੋਂ ਸ਼ੀਸ਼ਾ ਕਿੱਧਰ ਗਿਆ’ ਗਾਇਨ ਕਰਕੇ ਇਸ ਸਮਾਰੋਹ ਦਾ ਆਰੰਭ ਕੀਤਾ।
ਦਿੱਲੀ ਯੂਨੀਵਰਸਿਟੀ ਦੇ ਖੋਜਾਰਥੀ ਹਰਕਮਲਪ੍ਰੀਤ ਸਿੰਘ ਵੱਲੋਂ ਕਵੀ ਸੁਰਜੀਤ ਪਾਤਰ ਦੀ ਸਿਰਜਣਾ ਅਤੇ ਪ੍ਰਵਚਨ ਦੇ ਅਣਛੋਹੇ ਅਧਾਰਾਂ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਅੱਜ ਦੇ ਇਸ ਸ਼ਰਧਾਂਜਲੀ ਸਮਾਰੋਹ ਮੌਕੇ ਵੱਖ ਵੱਖ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਵਿਦਵਾਨਾਂ ਨੇ ਵੀ ਹਾਜਰ ਸਰੋਤਿਆਂ ਨੂੰ ਸੰਬੋਧਨ ਕੀਤਾ ਜਿਨ੍ਹਾਂ ਵਿਚ ਭੁਪਿੰਦਰਪ੍ਰੀਤ, ਅਰਤਿੰਦਰ ਸੰਧੂ, ਸਿਮਰਤ ਗਗਨ, ਬਿਪਨਪ੍ਰੀਤ, ਡਾ. ਅੰਬਰੀਸ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪ੍ਰਵੀਨ ਕੁਮਾਰ, ਸਰਕਾਰੀ ਕਾਲਜ ਅਜਨਾਲਾ ਦੇ ਸਾਬਕਾ ਪ੍ਰਿੰਸੀਪਲ, ਡਾ. ਗੁਰਨਾਮ ਕੌਰ ਬੇਦੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਜਸਵਿੰਦਰ ਸਿੰਘ, ਖਾਲਸਾ ਕਾਲਜ ਪਟਿਆਲਾ ਤੋਂ ਡਾ. ਦਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਕਾਲਜ, ਜੈਤੋ ਤੋਂ ਡਾ. ਹਲਵਿੰਦਰ ਸਿੰਘ, ਗੁਰਜੰਟ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੁਰਦਿਆਲ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਹਰਮਨਗੀਤ ਕੌਰ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤੋਂ ਮੇਜਰ ਸਿੰਘ ਦਿਲਸ਼ਾਦ, ਜਾਮੀਆਂ ਮਿਲੀਆ ਇਸਲਾਮੀਆ ਤੋਂ ਜਸਵਿੰਦਰ ਸਿੰਘ ਆਦਿ ਸ਼ਾਮਿਲ ਸਨ।
ਇਥੇ ਜ਼ਿਕਰਯੋਗ ਹੈ ਕਿ ਨਾਦ ਪ੍ਰਗਾਸੁ ਵੱਲੋਂ ਸਿਰਜਣ ਪ੍ਰੀਕ੍ਰਿਆ ਦੀ ਇਸ ਲੜੀ ਵਿਚ ਹਰ ਮਹੀਨੇ ਕਿਸੇ ਕਵੀ, ਕਹਾਣੀਕਾਰ ਅਤੇ ਸਾਹਿਤ ਵਿਚ ਆਪਣੀ ਸਿਰਜਣਾ ਰਾਹੀਂ ਯੋਗਦਾਨ ਪਾਉਣ ਵਾਲੀ ਸ਼ਖਸੀਅਤ ਨਾਲ ਰੂਬਰੂ ਕਰਵਾਉਣ ਤੋਂ ਇਲਾਵਾ ਯੁਵਾ ਕਵੀ ਦਰਬਾਰ ਤੇ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਂਦਾ ਹੈ।