ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੀ ਕੁਸ਼ਲਦੀਪ ਕੌਰ ਨੇ ਜਿੱਤਿਆ ਸੋਨ ਤਗ਼ਮਾ
ਮਨਜੀਤ ਸਿੰਘ ਢੱਲਾ
ਜੈਤੋ,28 ਅਗਸਤ 2024 - ਯੂਨੀਵਰਸਿਟੀ ਕਾਲਜ ਜੈਤੋ ਵਿਖੇ ਪੜ੍ਹ ਰਹੀ ਬੀ. ਐਸ.ਸੀ. ਨਾਨ-ਮੈਡੀਕਲ ਸਮੈਸਟਰ ਤੀਜਾ ਦੀ ਹੋਣਹਾਰ ਵਿਦਿਆਰਥਣ ਕੁਸ਼ਲਦੀਪ ਕੌਰ ਨੇ ਅੱਠਵੀਂ ਨੈਸ਼ਨਲ ਜੂਨੀਅਰ ਅਤੇ ਸੀਨੀਅਰ ਗੱਤਕਾ ਚੈਂਪੀਅਨਸ਼ਿਪ-2024 ਵਿਚ ਅੰਡਰ-19 ਗਰੁੱਪ ਵਿਚ ਸੋਨ ਤਗ਼ਮਾ ਜਿੱਤ ਕੇ ਕਾਲਜ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਦੇ ਸੀਨੀਅਰ ਮੋਸਟ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਮਿਤੀ 24 ਤੋਂ 27 ਅਗਸਤ ਤੱਕ ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਗੁਰਸਾਗਰ, ਮਸਤੂਆਣਾ ਸਾਹਿਬ, ਸੰਗਰੂਰ (ਪੰਜਾਬ) ਵਿਖੇ ਕਰਵਾਈ ਇਸ ਚੈਂਪੀਅਨਸ਼ਿਪ ਵਿਚ 24 ਰਾਜਾਂ ਦੇ ਕੁੱਲ 1650 ਗੱਤਕਾ ਖਿਡਾਰੀਆਂ ਨੇ ਭਾਗ ਲਿਆ ਜਿਸ ਵਿਚ ਭਾਗ ਲੈਣ ਵਾਲੀਆਂ ਲੜਕੀਆਂ ਦੀ ਗਿਣਤੀ 650 ਸੀ। ਇੰਨ੍ਹਾਂ 650 ਲੜਕੀਆਂ ਦੇ ਗੱਤਕਾ ਮੁਕਾਬਲਿਆਂ ਵਿਚ ਕੁਸ਼ਲਦੀਪ ਕੌਰ ਨੇ ਅੰਡਰ-19 ਗਰੁੱਪ ਵਿਚ ਗੋਲਡ ਮੈਡਲ ’ਤੇ ਆਪਣਾ ਹੱਕ ਜਤਾਇਆ ਹੈ ਅਤੇ ਪੰਜਾਬ ਰਾਜ ਦਾ ਨਾਂਅ ਰੌਸ਼ਨ ਕੀਤਾ ਹੈ।
ਇਸ ਖਿਡਾਰਨ ਨੂੰ ਸਥਾਨਕ ਪੱਧਰ ’ਤੇ ਗੱਤਕਾ ਸਿਖਲਾਈ ਗੁਰਪ੍ਰੀਤ ਸਿੰਘ ਗੱਤਕਾ ਕੋਚ ਵੱਲੋਂ ਦਿੱਤੀ ਗਈ ਅਤੇ ਇਸ ਉੱਚ ਪ੍ਰਾਪਤੀ ਦੇ ਯੋਗ ਬਣਾਇਆ। ਵਰਨਣਯੋਗ ਹੈ ਗੱਤਕਾ ਮਾਰਸ਼ਲ ਆਰਟ ਵਿਚ ਇਹ ਖਿਡਾਰਨ ਪੰਜਾਬ ਪੱਧਰ ’ਤੇ ਪਿਛਲੇ ਸਾਲ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ। ਜੇਤੂ ਖਿਡਾਰਨ, ਪੰਜਾਬ ਰਾਜ ਗੱਤਕਾ ਕੋਚ ਨਪਿੰਦਰ ਸਿੰਘ ਨਿਮਾਣਾ ਤੇ ਇਸ ਦੇ ਸਥਾਨਕ ਕੋਚ ਗੁਰਪੀ੍ਰਤ ਸਿੰਘ ਅਤੇ ਮਾਪਿਆਂ ਨੂੰ ਵਧਾਈ ਦੇਣ ਵਾਲਿਆਂ ਵਿਚ ਅਮੋਲਕ ਸਿੰਘ ਵਿਧਾਇਕ ਹਲਕਾ ਜੈਤੋ, ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕਿਟ ਕਮੇਟੀ ਜੈਤੋ, ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਪ੍ਰਧਾਨ, ਟਰੱਕ ਯੂਨੀਅਨ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ, ਯੂਨੀਵਰਸਿਟੀ ਕਾਲਜ ਜੈਤੋ ਦੇ ਇੰਚਾਰਜ ਪ੍ਰੋ. ਸ਼ਿਲਪਾ ਕਾਂਸਲ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਹਨ।