ਉਮੀਦਵਾਰਾਂ ਦੀ ਸਹੂਲਤ ਲਈ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹੇ ਬੀ.ਡੀ.ਪੀ.ਓ ਦਫ਼ਤਰ ਅਤੇ ਸੇਵਾ ਕੇਂਦਰ
- ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਐਨ.ਓ.ਸੀ ਅਤੇ ਬਣਾਏ ਗਏ ਹਲਫਨਾਮੇ
- 3 ਅਕਤੂਬਰ ਨੂੰ ਵੀ ਖੁੱਲ੍ਹੇ ਰਹਿਣਗੇ ਜ਼ਿਲ੍ਹੇ ਦੇ ਸਾਰੇ ਬੀ.ਡੀ.ਪੀ.ਓ ਦਫ਼ਤਰ ਅਤੇ ਸੇਵਾ ਕੇਂਦਰ - ਡੀ. ਸੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 02 ਅਕਤੂਬਰ ,2024 - ਪੰਚਾਇਤੀ ਚੋਣਾਂ ਲਈ ਚੱਲ ਰਹੀ ਨਾਮਜ਼ਦਗੀ ਪ੍ਰਕਿਰਿਆ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਸਹੂਲਤ ਦਾ ਧਿਆਨ ਰੱਖਦਿਆਂ ਐਨ.ਓ.ਸੀ ਆਦਿ ਲੈਣ ਲਈ ਅੱਜ ਸਰਕਾਰੀ ਛੁੱਟੀ ਵਾਲੇ ਦਿਨ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਬੀ.ਡੀ.ਪੀ.ਓ ਦਫ਼ਤਰ ਖੁੱਲ੍ਹੇ ਰਹੇ ਅਤੇ ਸਮੂਹ ਬੀ.ਡੀ.ਪੀ.ਓਜ਼ ਨੇ ਆਪਣੇ ਦਫ਼ਤਰਾਂ ਵਿਚ ਬੈਠ ਕੇ ਉਮੀਦਵਾਰਾਂ ਨੂੰ ਐਨ.ਓ.ਸੀ ਜਾਰੀ ਕੀਤੇ। ਇਸੇ ਤਰ੍ਹਾਂ ਹਲਫ਼ਨਾਮਾ ਆਦਿ ਬਣਾਉਣ ਲਈ ਵੀ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਅੱਜ ਖੁੱਲ੍ਹੇ ਰਹੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਭਲਕੇ 3 ਅਕਤੂਬਰ ਨੂੰ ਵੀ ਛੁੱਟੀ ਵਾਲੇ ਦਿਨ ਜ਼ਿਲ੍ਹੇ ਦੇ ਸਾਰੇ ਬੀ.ਡੀ.ਪੀ.ਓ ਦਫ਼ਤਰ ਅਤੇ ਸੇਵਾ ਕੇਂਦਰ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰ ਇਸ ਦੌਰਾਨ ਬੀ.ਡੀ.ਪੀ. ਓ ਦਫ਼ਤਰਾਂ ਅਤੇ ਸੇਵਾ ਕੇਂਦਰਾਂ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖ਼ਲ ਕਰਨ ਨੂੰ ਲੈ ਕੇ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਜੇਕਰ ਕਿਸੇ ਉਮੀਦਵਾਰ ਨੂੰ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਾਮਜ਼ਦਗੀ ਪੱਤਰ ਦੇ ਨਾਲ ਲਾਉਣ ਲਈ ਕਿਸੇ ਵੀ ਕਿਸਮ ਦੇ ਟੈਕਸ ਦੇ ਏਰੀਅਰ ਦੇ ਬਕਾਏ ਜਾਂ ਕਿਸੇ ਵੀ ਕਿਸਮ ਦੇ ਹੋਰ ਬਕਾਏ ਬਾਬਤ 'ਨੋ ਡਿਊ ਸਰਟੀਫਿਕੇਟ' (ਐਨ.ਡੀ.ਸੀ) ਸਬੰਧਤ ਅਥਾਰਟੀ ਵੱਲੋਂ ਜਾਰੀ ਨਹੀਂ ਹੁੰਦਾ ਜਾਂ ਕਿਸੇ ਵੀ ਅਥਾਰਟੀ ਦੀ ਕਿਸੇ ਵੀ ਕਿਸਮ ਦੀ ਜਾਇਦਾਦ ਉੱਤੇ ਕਬਜ਼ੇ ਸਬੰਧੀ 'ਨੋ ਅਬਜੈਕਸ਼ਨ ਸਰਟੀਫਿਕੇਟ' (ਐਨ.ਓ.ਸੀ) ਜਾਰੀ ਨਹੀਂ ਹੁੰਦਾ ਤਾਂ ਸਬੰਧਤ ਉਮੀਦਵਾਰ ਆਪਣੇ ਵੱਲੋਂ ਇਕ ਹਲਫ਼ਨਾਮਾ ਨਾਮਜ਼ਦਗੀ ਪੱਤਰ ਦੇ ਨਾਲ ਲਾ ਕੇ ਕਾਗਜ਼ ਦਾਖ਼ਲ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਇਹ ਹਲਫ਼ਨਾਮਾ ਦੇਵੇਗਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਬਾਬਤ ਉਸ ਦੇ ਵੱਲ ਕਿਸੇ ਵੀ ਕਿਸਮ ਦੇ ਟੈਕਸਾਂ ਦੇ ਏਰੀਅਰ ਦਾ ਬਕਾਇਆ ਜਾਂ ਕੋਈ ਹੋਰ ਬਕਾਇਆ ਨਹੀਂ ਖੜ੍ਹਾ ਹੈ। ਨਾ ਹੀ ਕਿਸੇ ਅਥਾਰਟੀ ਦੀ ਜਾਇਦਾਦ ਉੱਤੇ ਉਸ ਵੱਲੋਂ ਕੋਈ ਨਾਜ਼ਾਇਜ਼ ਕਬਜ਼ਾ ਕੀਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਲਫ਼ਨਾਮਾ ਕਾਰਜਕਾਰੀ ਮੈਜਿਸਟਰੇਟ/ ਓਥ ਕਮਿਸ਼ਨਰ/ ਨੋਟਰੀ ਤੋਂ ਤਸਦੀਕਸ਼ੁਦਾ ਹੋਣਾ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਪੰਚਾਇਤੀ ਚੋਣਾਂ ਸਬੰਧੀ ਚੋਣ ਪ੍ਰਕਿਰਿਆ ਨੂੰ ਪੂਰਨ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।