100 ਚਲਾਨ ਕੀਤੇ
ਐਸ.ਏ.ਐਸ.ਨਗਰ, 15 ਜੁਲਾਈ 2020: ਮਹੀਨਾਭਰ ਚੱਲੀ ਕੋਵਿਡ -19 ਜਾਗਰੂਕਤਾ ਮੁਹਿੰਮ ਮਗਰੋਂ ਐਸ.ਏ.ਐਸ.ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਲੰਘਣਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ। ਮੰਗਲਵਾਰ ਦੇਰ ਸ਼ਾਮ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਬਾਜ਼ਾਰਾਂ ਵਿਚ ਅਚਨਚੇਤ ਚੈਕਿੰਗ ਕੀਤੀ ਅਤੇ ਮਾਸਕ ਨਾ ਪਾਉਣ ਲਈ 100 ਲੋਕਾਂ ਨੂੰ ਚਲਾਨ ਜਾਰੀ ਕੀਤੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਅਸੀਂ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਾਂਗੇ। ਰੋਜ਼ਾਨਾ ਦਰਜਨਾਂ ਟੀਮਾਂ ਜਤਨਕ ਥਾਵਾਂ ਦੀ ਜਾਂਚ ਕਰਨਗੀਆਂ। ਉਹਨਾਂ ਕਿਹਾ ਕਿ “ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਲੰਘਣਾ ਕਰਨ ਵਾਲਿਆਂ ਨਾਲ ਢਿੱਲ ਨਾ ਵਰਤੀ ਜਾਵੇ ਕਿਉਂਜੋ ਸ਼ੁਰੂ ਵਿੱਚ ਇਸ ਸਬੰਧੀ ਸਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ। ਅਸੀਂ ਇਨਫੋਰਸਮੈਂਟ ਟੀਮਾਂ ਦੀ ਮੌਜੂਦਗੀ ਵਧਾ ਦਿੱਤੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਸ਼ੁਰੂ ਕਰਾਂਗੇ।”। ਉਹਨਾਂ ਅੱਗੇ ਕਿਹਾ ਕਿ “ਟੀਮਾਂ ਨਾ ਸਿਰਫ਼ ਵੱਡੇ ਬਾਜ਼ਾਰਾਂ ਵਿਚ ਚੌਕਸ ਰਹਿਣਗੀਆਂ ਬਲਕਿ ਰਿਹਾਇਸ਼ੀ ਕਲੋਨੀਆਂ ਅਤੇ ਪਾਰਕਾਂ ਦੇ ਨੇੜੇ ਵੀ ਨਜ਼ਰ ਰੱਖਣਗੀਆਂ, ਜਿਥੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹਨ।”
ਸਹਾਇਕ ਕਮਿਸ਼ਨਰ (ਜ) ਸ੍ਰੀ ਯਸਪਾਲ ਸ਼ਰਮਾ ਜਿਹਨਾਂ ਕੋਲ ਐਸ.ਡੀ.ਐਮ. ਮੁਹਾਲੀ ਦਾ ਚਾਰਜ ਵੀ ਹੈ ਦੀ ਅਗਵਾਈ ਵਾਲੀ ਟੀਮ, ਨੇ ਫੇਜ਼ 9 ਅਤੇ 10 ਵਿਖੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ। ਉਨ੍ਹਾਂ ਨਾਲ ਸੁਖਪਿੰਦਰ ਕੌਰ, ਤਹਿਸੀਲਦਾਰ, ਗੁਰਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਅਤੇ ਪੁਲਿਸ ਅਧਿਕਾਰੀ ਵੀ ਸਨ। ਕੋਵਿਡ ਡਿਫਾਲਟਰਾਂ ਤੋਂ 50000/- ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।