ਕਿਸਾਨਾਂ ਦੇ ਡੰਡੇ ਮਾਰ ਰਹੇ ਸਿੱਖ ਐਸ.ਐੱਚ.ਓ ਦਾ ਪਰਿਵਾਰ ਆਇਆ ਸਾਹਮਣੇ - ਕੀਤੇ ਵੱਡੇ ਦਾਅਵੇ
ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 31 ਅਗਸਤ 2021 - ਲੰਘੇ ਦਿਨੀਂ ਕਰਨਾਲ 'ਚ ਹਰਿਆਣਾ ਪੁਲਿਸ ਨਾਲ ਕਿਸਾਨਾਂ ਦੇ ਹੋਏ ਟਾਕਰੇ ਤੋਂ ਬਾਅਦ ਵਾਇਰਲ ਹੋਏ ਹਰਿਆਣਾ ਪੁਲਿਸ ਦੇ ਸਿੱਖ ਐਸ.ਐਚ.ਓ ਹਰਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਮੀਡੀਆ ਸਾਹਮਣੇ ਆ ਸਫਾਈ ਦਿੱਤੀ ਗਈ ਹੈ। ਹਰਜਿੰਦਰ ਸਿੰਘ ਦੇ ਪਰਿਵਾਰ ਨੇ ਕਰਨਾਲ 'ਚ ਕਿਸਾਨਾਂ 'ਤੇ ਵਰ੍ਹੀਆਂ ਡਾਂਗਾਂ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਸਭ ਇੱਕ ਸਾਜਿਸ਼ ਦੇ ਤਹਿਤ ਹੋਇਆ ਹੈ ਤੇ ਜਾਣ ਬੁੱਝ ਕੇ ਕਿਸੇ ਸ਼ਰਾਰਤੀ ਨੇ (ਜਿਸ ਬਾਰੇ ਉਹ ਬਾਅਦ 'ਚ ਖੁਲਾਸੇ ਕਰਨਗੇ) ਹਰਜਿੰਦਰ ਸਿੰਘ ਨੂੰ ਟਾਰਗੇਟ ਕਰਕੇ ਵੀਡੀੳ ਬਣਾਈ ਤੇ ਬਾਅਦ 'ਚ ਉਸਨੂੰ "ਸਿੱਖ ਕੌਮ ਦਾ ਗੱਦਾਰ" ਕਹਿ ਕੇ ਵਾਇਰਲ ਵੀ ਕੀਤਾ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਐਸ.ਐਚ.ਓ ਹਰਜਿੰਦਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਜਿਸ ਦਿਨ ਇਹ ਘਟਨਾ ਵਾਪਰੀ, ਉਸੇ ਰਾਤ ਕਰੀਬ 11 ਵਜੇ ਹਰਜਿੰਦਰ ਸਿੰਘ ਘਰ ਆਇਆ ਤੇ ਉਨ੍ਹਾਂ ਨੇ ਖੁਦ ਉਸਨੂੰ ਕਿਹਾ ਕਿ, 'ਉਸ ਵੱਲੋਂ ਕਿਸਾਨਾਂ 'ਤੇ ਡਾਂਗਾਂ ਕਿਉਂ ਵਰ੍ਹਾਈਆਂ ਗਈਆਂ? ਤਾਂ ਹਰਜਿੰਦਰ ਸਿੰਘ ਨੇ ਕਿਹਾ ਕਿ, ਜੇ ਉਹ ਆਪਣੀ ਡਿਊਟੀ ਨਾ ਕਰਦਾ ਤਾਂ ਸਾਰੀ ਸਿੱਖ ਕੌਮ ਨੂੰ ਗੱਦਾਰ ਕਿਹਾ ਜਾਣਾ ਸੀ।'
ਹਰਜਿੰਦਰ ਦੇ ਪਰਿਵਾਰ ਨੇ ਕਿਹਾ ਕਿ ਇਹ ਮਸਲਾ ਕੌਮ 'ਚ ਆਪਸੀ ਫੁੱਟ ਪਾਉਣ ਵਾਲਾ ਹੈ ਤੇ ਇਸਦਾ ਕਿਸਾਨਾਂ 'ਤੇ ਡਾਂਗਾਂ ਵਰ੍ਹਾਉਣ ਨਾਲ ਕੋਈ ਨਾਤਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਜਿੰਦਰ ਸਿੰਘ ਨੇ ਕਿਸੇ ਵੀ ਕਿਸਾਨ ਨੂੰ ਨਜਾਇਜ਼ ਨਹੀਂ ਮਾਰਿਆ, ਸਗੋਂ ਜਦੋਂ ਇੱਕ ਸ਼ਰਾਰਤੀ ਪ੍ਰਦਰਸ਼ਨਕਾਰੀ ਵੱਲੋਂ ਇਤਰਾਜ਼ ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਤਾਂ ਉਹ ਮਜਬੂਰਨ ਡੰਡਾ ਚੁੱਕ ਇੱਕ ਕਿਸਾਨ ਦੇ ਮਾਰ ਰਹੇ ਨੇ ਤੇ ਧੱਕੇ ਮਾਰ ਰਹੇ ਨੇ, ਜਿਸਦੀ ਤੁਰੰਤ ਵੀਡੀੳ ਬਣ ਗਈ ਤੇ ਵਾਇਰਲ ਹੋ ਗਈ। ਪਰਿਵਾਰ ਨੇ ਦੋਸ਼ ਲਾਏ ਕਿ ਆਖਰ ਇੰਨੇ ਹਜ਼ਾਰਾਂ ਪੁਲਿਸ ਕਰਮੀਆਂ 'ਚੋਂ ਕੇਵਲ ਹਰਜਿੰਦਰ ਸਿੰਘ ਦੀ ਵੀਡੀੳ ਹੀ ਕਿਉਂ ਵਾਇਰਲ ਹੋਈ ਹੈ? ਉਨ੍ਹਾਂ ਸਵਾਲ ਕੀਤੇ ਕਿ, ਜਿੰਨ੍ਹਾਂ ਪੁਲਿਸ ਕਰਮੀਆਂ ਦੁਆਰਾ ਮਾਰੇ ਡੰਡਿਆਂ ਕਾਰਨ ਕਿਸਾਨਾਂ ਦੇ ਸਿਰ ਪਾਟੇ ਨੇ, ਉਨ੍ਹਾਂ ਦੀਆਂ ਵੀਡੀੳਜ਼ ਵਾਇਰਲ ਕਿਉਂ ਨੀ ਹੋਈਆਂ?
ਹਰਜਿੰਦਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਆਪਣੀ ਡਿਊਟੀ ਨਿਭਾਅ ਰਿਹਾ ਸੀ ਤੇ ਉਸਨੇ ਕੁਝ ਗਲਤ ਨਹੀਂ ਕੀਤਾ, ਸਗੋਂ ਜਾਣ ਬੁੱਝ ਕੇ ਉਸਨੂੰ ਗੱਦਾਰ ਐਲਾਨ ਕੇ ਸਿੱਖ ਕੌਮ 'ਚ ਆਪਸੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਕਿਸਾਨਾਂ 'ਤੇ ਹੋਏ ਲਾਠੀਚਾਰਜ 'ਚ ਇੱਕ ਕਿਸਾਨ ਸੁਆਸ ਤਿਆਗ ਗਿਆ ਸੀ ਤੇ ਕਈਆਂ ਦੇ ਗੁੱਝੀਆਂ ਸੱਟਾਂ ਲੱਗੀਆਂ ਤੇ ਕਈਆਂ ਦੇ ਸਿਰ, ਅੱਖਾਂ, ਬਾਹਵਾਂ ਆਦਿ ਬੁਰੀ ਤਰ੍ਹਾਂ ਨੁਕਸਾਨੇ ਗਏ ਸੀ।