ਕਿਸਾਨੀ ਅੰਦੋਲਨ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ : ਰੁਲਦੂ ਸਿੰਘ
ਸੰਜੀਵ ਜਿੰਦਲ
ਮਾਨਸਾ, 6 ਅਗਸਤ 2021: ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਮੱਠਾ ਨਹੀਂ ਪੈਣ ਦੇਵਾਂਗੇ, ਸਗੋਂ ਅੰਦੋਲਨ ਨੂੰ ਹੋਰ ਤੇਜ਼ ਕਰਕੇ ਪੂਰੇ ਦੇਸ਼ ਵਿੱਚ ਫੈਲਾਇਆ ਜਾਵੇਗਾ । ਕੇਂਦਰ ਸਰਕਾਰ ਪਾਰਲੀਮੈਂਟ ਦੇ ਬਾਹਰ ਕੀਤੀ ਜਾ ਰਹੀ ਕਿਸਾਨ ਸੰਸਦ ਤੋਂ ਬੁਖਲਾ ਚੁੱਕੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਰੁਲਦੂ ਸਿੰਘ ’ਤੇ ਬੋਲਣ ਦੀ ਲਾਈ ਪਾਬੰਦੀ ਤੋਂ ਬਾਅਦ ਉਹ ਅੱਜ ਪਹਿਲੀ ਵਾਰ ਇਥੇ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਸੰਬੋਧਨ ਕਰ ਰਹੇ ਸਨ।
ਆਪਣੀ ਤਕਰੀਰ ਦੌਰਾਨ ਉਨ੍ਹਾਂ ਗਰਜ਼ਵੀ ਆਵਾਜ਼ ਵਿੱਚ ਕਿਹਾ ਕਿ ਅੰਨਦਾਤੇ ਦੀ ਅਣਸੁਣੀ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੰਗਾਲ ਵਾਂਗ ਮਿਸ਼ਨ ਯੂ.ਪੀ. ਮੁਹਿੰਮ ਚਲਾਈ ਜਾਵੇਗੀ ਅਤੇ ਮੋਦੀ ਯੋਗੀ ਦੇ ਰਾਜ ਨੂੰ ਉਖਾੜ ਦਿੱਤਾ ਜਾਵੇਗਾ।