ਗੁਰੂ ਘਰ ਅੱਗੇ ਰਾਵਣ ਦਹਨ - ਪੰਜਾਬ ਸਰਕਾਰ ਦੇ ਪੁਤਲੇ 'ਚੋਂ ਚੰਗਿਆੜੇ ਬਣ ਨਿਕਲਿਆ ਅਧਿਆਪਕਾਂ ਦਾ ਗੁੱਸਾ
ਪਟਿਆਲਾ, 18 ਅਕਤੂਬਰ 2018 - ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਚੱਲ ਰਿਹਾ ਪੱਕੇ ਮੋਰਚਾ ਅਤੇ ਮਰਨ ਵਰਤ ਅੱਜ ਬਾਹਰਵੇਂ ਦਿਨ ਵਿਚ ਸ਼ਾਮਲ ਹੋ ਗਿਆ।ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਸੁਖਵਿੰਦਰ ਚਾਹਲ,ਦਵਿੰਦਰ ਪੂਨੀਆ, ਬਾਜ ਸਿੰਘ ਖਹਿਰਾ,ਹਰਜੀਤ ਸਿੰਘ ਬਸੋਤਾ,ਸੁਰਿੰਦਰ ਪੁਆਰੀ ਅਤੇ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਡਾ.ਅੰਮ੍ਰਿਤਪਾਲ ਸਿੱਧੂ, ਦੀਦਾਰ ਸਿੰਘ ਮੁੱਦਕੀ, ਵੀਨੀਤ ਕੁਮਾਰ ਨੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਵੱਲੋਂ ਕੱਲ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਝੂਠਾ ਤੱਥਾਂ ਅਤੇ ਅੰਕੜਿਆਂ ਦੇ ਆਧਾਰ ਤੇ ਸਮਾਜ ਨੂੰ ਗੁੰਮਰਾਹ ਕਰਨ ਦੇ ਬਿਆਨਾਂ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਕਿ ਭਾਰਤ ਸਰਕਾਰ ਵਲੋਂ ਸਮੇਂ ਸਮੇਂ ਤੇ ਜਾਰੀ ਕੀਤੇ ਅੱਧੀ ਦਰਜ਼ਨ ਤੋਂ ਵੱਧ ਦਸਤਾਵੇਜ਼ ਜੋ ਇਹਨਾਂ 8886 ਅਧਿਆਪਕਾਂ ਨੂੰ ਪਹਿਲੇ ਦਿਨ ਤੋਂ ਹੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਗਵਾਹੀ ਭਰਦੇ ਹਨ ਨੂੰ ਅਣਗੋਲਿਆ ਕਰ,ਅਖੌਤੀ ਅੰਕੜਿਆਂ ਅਤੇ ਝੂਠੇ ਬਿਆਨਾਂ ਨੂੰ ਆਧਾਰ ਬਣਾ ਕੇ ਇਹਨਾਂ ਅਧਿਆਪਕਾਂ ਅਤੇ ਇਹਨਾਂ ਦੇ ਪਰਿਵਾਰਾਂ ਦਾ ਭਵਿੱਖ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਬਿਲਕੁੱਲ ਵੀ ਵਾਜਿਬ ਨਹੀਂ ਹੈ।
5178 ਅਧਿਆਪਕਾਂ ਦੇ ਨਵੰਬਰ 2017 ਵਿੱਚ ਤਿੰਨ ਸਾਲ ਪੂਰੇ ਹੋਣ ਦੇ ਬਾਵਯੂਦ, ਪਿਛਲੇ 10 ਮਹੀਨਿਆਂ ਤੋਂ ਤਨਖਾਹਾਂ ਜਾਰੀ ਨਾ ਕਰਦਿਆਂ ਸਰਕਾਰ ਵੱਲੋਂ ਹੁਣ ਇਹਨਾਂ ਅਧਿਆਪਕਾਂ ਨੂੰ ਅਪ੍ਰੈਲ 2019 ਤੋਂ ਰੈਗੂਲਰ ਕਰਨ ਦੇ ਬਿਆਨ ਤੇ ਤਿੱਖੀ ਪ੍ਰਤੀਕਿਰਿਆਂ ਦਿੰਦਿਆਂ ਸਾਂਝੇ ਮੋਰਚੇ ਦੇ ਆਗੂਆਂ ਨੇ ਆਖਿਆ ਕਿ ਅਧਿਆਪਕ ਸੰਘਰਸ਼ ਤੋਂ ਘਬਰਾਈ ਪੰਜਾਬ ਦੀ ਕਾਂਗਰਸ ਸਰਕਾਰ ਅੰਗਰੇਜੀ ਸਾਮਰਾਜ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਤੇ ਚੱਲਦਿਆਂ ਅਧਿਆਪਕਾਂ ਦੀ ਸਾਂਝ ਨੂੰ ਤੋੜਨ ਲਈ ਯਤਨਸ਼ੀਲ ਹੈ ਪਰ ਪੰਜਾਬ ਦੇ ਸੂਝਵਾਨ ਅਧਿਆਪਕ ਸਰਕਾਰ ਦੀ ਇਸ ਚਾਲ ਵਿੱਚ ਨਹੀ ਆਉਣਗੇ ਅਤੇ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰਦ ਕਰਕੇ ਪੂਰੀਆਂ ਤਨਖਾਹਾਂ ਤੇ ਰੈਗੂਲਰ ਕਰਨ ਅਤੇ 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੂਲਰ ਨਾ ਕੀਤੇ ਜਾਣ ਤੱਕ ਸੰਘਰਸ਼ ਵਿੱਚ ਡਟੇ ਰਹਿਣਗੇ।
ਤਨਖਾਹਾਂ ਵਿੱਚ ਕਟੌਤੀ ਲਈ 94% ਅਧਿਆਪਕਾਂ ਅਤੇ ਅਧਿਆਪਕਾਂ ਦੇ ਸਾਂਝੇ ਪਲੇਟਫਾਰਮ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਤਨਖਾਹ ਕਟੌਤੀ ਦੀ ਸਹਿਮਤੀ ਦੇਣ ਦੇ ਬਿਆਨ ਤੇ ਆਗੂਆਂ ਨੇ ਇੱਕ ਵਾਰ ਫਿਰ ਇਸ ਸੰਬੰਧੀ ਕੋਈ ਪੁਖਤਾ ਦਸਤਾਵੇਜ਼ ਪੇਸ਼ ਕਰਨ ਦੀ ਮੰਗ ਕਰਦਿਆਂ ਆਖਿਆ ਕਿ ਵਾਰ ਵਾਰ ਬਿਆਨ ਦਾਗ ਰਹੇ ਸਿੱਖਿਆ ਮੰਤਰੀ ਵੱਲੋਂ ਪਿਛਲੇ ਦਿਨੀਂ ਇੱਕ ਪੱਤਰਕਾਰ ਵੱਲੋਂ ਇਸ ਸੰਬੰਧੀ ਅੰਕੜੇ ਅਤੇ ਦਸਤਾਵੇਜ਼ ਮੰਗੇ ਜਾਣ ਤੇ ਇਸ ਦੀ ਜਿੰਮੇਵਾਰੀ ਸਿੱਖਿਆ ਸਕੱਤਰ ਦੇ ਸਿਰ ਸੁੱਟਣ ਅਤੇ ਲੁਧਿਆਣਾ ਦੇ ਐੱਮ.ਐੱਲ.ਏ. ਵੱਲੋਂ ਸਿੱਖਿਆ ਸਕੱਤਰ ਤੋਂ 94% ਅਧਿਆਪਕਾਂ ਦੀ ਸਹਿਮਤੀ ਦੇ ਅੰਕੜੇ ਦਿੱਤੇ ਜਾਣ ਤੋਂ ਮੁੱਨਕਰ ਹੁੰਦਿਆਂ ਇਸ ਦੀ ਜਿੰਮੇਵਾਰੀ ਸਿੱਖਿਆ ਮੰਤਰੀ ਸਿਰ ਸੁੱਟਣ ਨੇ ਦੋਹਾਂ ਦੇ ਝੂਠ ਨੂੰ ਆਮ ਲੋਕਾਂ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ।
ਇਸ ਸਮੇਂ ਸਾਂਝੇ ਮੋਰਚੇ ਦੇ ਦੱੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਸਕੂਲ ਅਧਿਆਪਕਾਂ ਦੇ ਬਹੁਗਿਣਤੀ ਅਤੇ ਤੱਥਪੂਰਨ ਦਸਤਾਵੇਜਾਂ ਨੂੰ ਅਣਗੋਲਿਆ ਕਰ ਰੈਗੂਲਰ ਦੇ ਭਲਚਾਵੇ ਹੇਠ ਤਨਖ਼ਾਹਾਂ ਵਿੱਚ 65% ਤੋਂ 75% ਕੱਟ ਦੇ ਵਿਰੋਧ ਵਿੱਚ ਚੱਲ ਰਹੇ ਚੱਲ ਰਹੇ ਮਰਨ ਵਰਤ ਅਤੇ ਬਾਕੀ ਵਿਭਾਗੀ ਮੰਗਾਂ ਜਿਨ੍ਹਾਂ ਵਿੱਚ 5178 ਅਧਿਆਪਕਾਂ ਦਾ ਲੰਮੇ ਸਮੇਂ ਤੋਂ ਲਟਕਾਏ ਰੈਗੂਲਰ ਦੇ ਨੋਟੀਫਿਕੇਸ਼ਨ ਅਤੇ ਤਨਖਾਹਾਂ ਨੂੰ ਜਾਰੀ ਨਾ ਕਰਨ, ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵੀ ਵਿਭਾਗ 'ਚ ਸਿਫਟ ਕਰਨ,ਆਦਰਸ਼ (ਪੀ.ਪੀ.ਪੀ. ਮੋਡ), ਆਈ.ਈ.ਆਰ.ਟੀ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰ ਅਧਿਆਪਕਾਂ ਸਮੇਤ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਠੋਸ ਨੀਤੀ ਬਣਾਉਣ, ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਕੇ ਸਿੱਖਿਆ ਦਾ ਉਜਾੜਾ ਕਰਨ ਵਾਲੀ ਰੈਸ਼ਨਲਾਈਜੇਸ਼ਨ ਨੀਤੀ ਵਾਪਿਸ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ, ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਅਤੇ ਅਖੌਤੀ ਪਰੋਜੈਕਟਾਂ ਰਾਹੀਂ ਸਿੱਖਿਆ ਦਾ ਉਜਾੜਾ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ 'ਚੋਂ ਹਟਾਉਣ, ਸਿੱਖਿਆ ਦਾ ਨਿੱਜ਼ੀਕਰਨ ਬੰਦ ਕਰਕੇ ਸਮਾਜ ਦੇ ਆਮ ਲੋਕਾਂ ਦੇ ਬੱਚਿਆਂ ਲਈ ਮਿਆਰੀ ਅਤੇ ਮੁਫਤ ਜਨਤਕ ਸਿੱਖਿਆ ਨੂੰ ਯਕੀਨਨ ਰੂਪ ਵਿੱਚ ਲਾਗੂ ਕਰਨ, ਪੰਜਾਬ ਭਰ ਦੇ ਅਧਿਆਪਕ ਦੀਆਂ 2016 ਤੋਂ ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਕਰਨ, ਕਈ-ਕਈ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਅਤੇ ਆਦਰਸ਼ ਸਕੂਲਾਂ ਵਿੱਚ ਸਰਕਾਰੀ ਮਿਲੀਭੁਗਤ ਨਾਲ ਹੋਈਆਂ ਧਾਂਦਲੀਆਂ ਵਿਰੁੱਧ ਆਵਾਜ ਉਠਾਉਣ ਵਾਲੇ ਅਧਿਆਪਕਾਂ ਦੀਆਂ ਕੀਤੀਆਂ ਟਰਮੀਨੇਸ਼ਨਾ ਰੱਦ ਕਰਨ ਸਮੇਤ ਸਰਕਾਰ ਵੱਲੋਂ ਅਧਿਆਪਕ ਆਗੂਆਂ ਦੀਆਂ ਕੀਤੀਆਂ ਮੁਅੱਤਲੀਆਂ ਅਤੇ ਵਿਕਟੇਮਾਈਜੇਸ਼ਨਾਂ ਰੱਦ ਕਰਨ ਆਦਿ ਮੰਗਾਂ ਸ਼ਾਮਿਲ ਹਨ ਦੇ ਵਾਜਿਜ਼ ਹੱਲ ਲਈ ਸਰਕਾਰ ਦੇ ਝੂਠੇ ਅੰਕੜਿਆਂ ਅਤੇ ਗਲਤ ਤੱਥਾਂ ਨੂੰ ਨਕਾਰਦਿਆਂ ਅੱਜ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜਿਲ੍ਹਿਆਂ ਸਮੇਤ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਧਰਨੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ।
ਪੱਕੇ ਮੋਰਚੇ ਦਰਮਿਆਨ ਚਲ ਰਹੇ ਮਰਨ ਵਰਤ ਦੇ ਬਾਹਰਵੇਂ ਦਿਨ ਵਿੱਚ ਪੁੱਜਣ ਤੇ ਮਰਨ ਵਰਤ ਵਿੱਚ ਸ਼ਾਮਿਲ ਪੰਜ ਮਹਿਲਾ ਅਧਿਆਪਕਾਂ ਸਮੇਤ ਕੁੱਲ ਸੋਲਾਂ ਅਧਿਆਪਕਾਂ ਵਿੱਚੋਂ ਵੱਡੀ ਗਿਣਤੀ ਅਧਿਆਪਕਾ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ।
ਆਗੂਆਂ ਨੇ ਆਖਿਆ ਕਿ ਅਧਿਆਪਕ ਮਸਲਿਆਂ ਨੂੰ ਹੱਲ ਕਰਨ ਤੋਂ ਭੱਜ ਰਹੀ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ ਘਟੀਆ ਤੇ ਨਿੰਦਣਯੋਗ ਰਵੱਈਏ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੂਰਾ ਹਫਤਾ ਕਾਲੇ ਹਫਤੇ ਵਜੋਂ ਮਨਾਇਆ ਜਾ ਰਿਹਾ ਹੈ।ਜਿਸ ਤਹਿਤ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਕਾਲੇ ਬਿੱਲੇ ਲਗਾ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਕੂਲ ਸਮੇਂ ਤੋਂ ਬਾਅਦ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਸਕੂਲਾਂ ਦੇ ਬਾਹਰ ਸਮੂਹ ਸਟਾਫ ਵੱਲੋਂ ਬੱਚਿਆਂ, ਉਹਨਾਂ ਦੇ ਮਾਪਿਆਂ, ਸਕੂਲ ਮੈਨੇਂਜਮੈਂਟ ਕਮੇਟੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਅਰਥੀਆਂ ਫੂਕਦਿਆਂ ਦੇਸ਼ ਭਰ ਦੇ ਲੋਕਾਂ ਸਾਹਮਣੇ ਲੋਕ ਹਿੱਤਾਂ ਦਾ ਡਰਾਮਾ ਕਰਨ ਵਾਲੀ ਸੂਬਾ ਸਰਕਾਰ ਦਾ ਅਧਿਆਪਕ ਅਤੇ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਕੀਤਾ ਜਾ ਰਿਹਾ ਹੈ।
ਸਰਕਾਰ ਦੀ ਧੱਕੇਸ਼ਾਹੀ ਦੇ ਵਿਰੋਧ ਵਜੋਂ ਅੱਜ ਪੰਜਾਬ ਸਰਕਾਰ ਅਤੇ ਇਸ ਦੇ ਮੰਤਰੀਆਂ ਦਾ ਰਾਵਣ ਰੂਪੀ ਵੱਡ ਆਕਾਰੀ ਬੁੱਤ ਬਣਾ ਕੇ ਤ੍ਰਿਪੜੀ ਬਜ਼ਾਰ ਵਿਚ ਘੁਮਾਉਣ ਤੋਂ ਬਾਅਦ ਇਸ ਨੂੰ ਸਥਾਨਿਕ ਦੁੱਖ ਨਿਵਾਰਣ ਚੌਂਕ ਵਿੱਚ ਲਾਂਬੂ ਲਗਾ ਕੇ ਬਦੀ ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਇਆ ਗਿਆ।
ਅੱਜ ਧਰਨੇ ਦੌਰਾਨ ਸ਼੍ਰੀ ਵਰਿੰਦਰ ਚੌਹਾਨ,ਸ਼ਾਮ ਲਾਲ ਧੀਮਾਨ ਅਤੇ ਕੈਲਾਸ਼ ਠਾਕੁਰ ਦੀ ਅਗਵਾਹੀ ਹੇਠ ਹਿਮਾਚਲ ਗੌਰਮਿੰਟ ਟੀਚਰ ਯੂਨੀਅਨ ਦੇ ਅਧਿਆਪਕਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਆਉਣ ਵਾਲੇ ਦਿਨ੍ਹਾਂ ਦੌਰਾਨ ਸੰਘਰਸ਼ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਭਰਾਤਰੀ ਜੱਥੇਬੰਦੀਆਂ ਵੱਲੋਂ ਜਸਮੀਤ ਸਿੰਘ,ਸ਼ਿਆਮ ਦਾਸ ਕਾਂਜਲੀ, ਰਸ਼ਪਿੰਦਰ ਜਿੰਮੀ, ਜਗਸੀਰ ਨਮੋਲ,ਭੀਮ ਸਿੰਘ, ਸੁਰਿੰਦਰ ਸਿੰਘ ਖੱਟੜਾ, ਗੁਰਮੁੱਖ ਜਾਗੀ, ਪ੍ਰੋ. ਸੁਖਦੇਵ ਰੰਧਾਵਾ, ਵਿਧੂ ਸੇਖਰ ਭਾਰਦਵਾਜ, ਪ੍ਰਵੀਨ ਸ਼ਰਮਾ ਤੋਂ ਇਲਾਵਾ ਰਾਜਿੰਦਰ ਰਾਜਨ, ਅਮਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ,ਲਖਵਿੰਦਰ ਸਿੰਘ, ਵਿਕਰਮਦੇਵ ਸਿੰਘ, ਰਣਜੀਤ ਮਾਨ, ਭਰਤ ਕੁਮਾਰ, ਰੂਪ ਕਿਸ਼ੋਰ ਖੱਤਰੀ, ਤਲਵਿੰਦਰ ਖਰੋੜ, ਪ੍ਰਵੀਨ ਕੁਮਾਰ,ਰਾਜੀਵ ਲੋਹਟਬੱਦੀ, ਅਤਿੰਦਰ ਘੱਗਾ, ਪਰਮਜੀਤ ਸਿੰਘ, ਮੈਡਮ ਸੁਮਨ, ਸਰਜੀਤ ਸਿੰਘ ਮੋਹਾਲੀ, ਬਲਜੀਤ ਸਿੰਘ ਚੁੰਬਰ, ਹਰਨੇਕ ਸਿੰਘ ਮਾਵੀ, ਐੱਨ.ਡੀ.ਤਿਵਾੜੀ ਆਦਿ ਨੇ ਸੰਬੋਧਨ ਕੀਤਾ।
ਵੀਡੀਓ ਦੇਖਣ ਲਈ ਹੇਠ ਕਲਿਕ ਕਰੋ :-