ਚੋਣ ਨਿਗਰਾਨ ਵੱਲੋਂ ਸਿਵਿਲ ਅਤੇ ਪੁਲਿਸ ਅਧਿਕਾਰੀਆਂ ਨਾਲ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਕੀਤੀ ਗਈ ਬੈਠਕ
ਦੀਪਕ ਜੈਨ
ਜਗਰਾਉਂ, 11 ਅਕਤੂਬਰ 2024 - 15 ਅਕਤੂਬਰ ਨੂੰ ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਚੋਣਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਕਰਵਾਏ ਜਾਣ ਲਈ ਚੋਣ ਅਧਿਕਾਰੀਆਂ ਵੱਲੋਂ ਪ੍ਰਸ਼ਾਸਨਿਕ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕਰਕੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਅਧੀਨ ਅੱਜ ਜਿਲਾ ਲੁਧਿਆਣਾ ਦੇ ਬਲਾਕ ਸੁਧਾਰ ਅਤੇ ਬਲਾਕ ਪੱਖੋਂਵਾਲ ਦੇ ਚੋਣ ਨਿਗਰਾਨ ਅਧਿਕਾਰੀ ਅਰਵਿੰਦ ਪਾਲ ਸਿੰਘ ਸੰਧੂ ਆਈਏਐਸ ਵੱਲੋਂ ਬਲਾਕ ਸੁਧਾਰ ਦੇ ਕਲੈਕਸ਼ਨ ਸੈਂਟਰ ਜੀਟੀਬੀ ਕਾਲਜ ਦਾਖਾ ਅਤੇ ਬਲਾਕ ਪੱਖੋਵਾਲ ਦੇ ਕਲੈਕਸ਼ਨ ਸੈਂਟਰ ਐਸਜੀਜੀ ਸਕੂਲ ਗੋਇੰਦਵਾਲ ਵਿਖੇ ਪਹੁੰਚ ਕੇ ਮੌਕਾ ਮੁਆਇਨਾ ਕੀਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਚੋਣਾਂ ਨੂੰ ਸੁਚਾਰੂ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਬੈਠਕ ਕਰਕੇ ਹਦਾਇਤਾਂ ਵੀ ਜਾਰੀ ਕੀਤੀਆਂ।
ਉਹਨਾਂ ਵੱਲੋਂ ਕੁਲਦੀਪ ਸਿੰਘ ਬਾਵਾ ਪੀਸੀਐਸ ਆਰਟੀਓ ਕੰਮ ਕੰਟਰੋਲਿੰਗ ਅਫਸਰ ਚੋਣਾਂ ਬਲਾਕ ਸੁਧਾਰ ਅਤੇ ਸਿਮਰਨਦੀਪ ਸਿੰਘ ਆਈਏਐਸ ਐਸਡੀਐਮ ਰਾਏਕੋਟ ਕੰਮ ਕੰਟਰੋਲਿੰਗ ਅਫਸਰ ਚੋਣਾਂ ਬਲਾਕ ਪੱਖੋਵਾਲ ਤੋਂ ਇਲਾਵਾ ਵਰਿੰਦਰ ਸਿੰਘ ਖੋਸਾ ਡੀਐਸਪੀ ਦਾਖਾ, ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਧਾਰ, ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਦਾਖਾ ਅਤੇ ਹੋਰ ਸਿਵਿਲ ਅਤੇ ਪੁਲਿਸ ਅਧਿਕਾਰੀਆਂ ਮੌਜੂਦ ਸਨ। ਨਿਗਰਾਨ ਅਫਸਰ ਵੱਲੋਂ ਚੋਣ ਨਿਗਰਾਨੀ ਦੇ ਪ੍ਰੋਟੋਕਾਲ ਦਾ ਜਾਇਜ਼ਾ ਲਿਆ ਅਤੇ ਵਿਚਾਰ ਵਟਾਂਦਰਾ ਕੀਤਾ। ਉਹਨਾਂ ਨੇ ਕਿਹਾ ਕਿ ਚੋਣਾਂ ਦਾ ਕੰਮ ਕਾਜ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਬਚਨ ਵੱਧ ਹਨ। ਉਚੇਚੇ ਤੌਰ ਤੇ ਪਹੁੰਚੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਯਕੀਨੀ ਬਣਾਉਣ ਲਈ ਚਰਚਾ ਕੀਤੀ ਗਈ।
ਉਹਨਾਂ ਕਿਹਾ ਕਿ ਨਾਮਜਦਗੀਆਂ ਵਿੱਚੋਂ ਯੋਗ ਉਮੀਦਵਾਰਾਂ ਦੀ ਪੰਚ ਜਾਂ ਸਰਪੰਚ ਲਈ ਚੋਣ ਮਿਤੀ 15 ਅਕਤੂਬਰ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀ ਪੂਰਵਕ ਢੰਗ ਨਾਲ ਕਰਵਾਈ ਜਾਵੇਗੀ। ਪੋਲਿੰਗ ਸਟੇਸ਼ਨਾਂ ਉੱਤੇ ਮਾਨਯੋਗ ਚੋਣ ਕਮਿਸ਼ਨ ਦੇ ਨਾਰਮ ਮੁਤਾਬਕ ਸਿਵਲ ਅਧਿਕਾਰੀ ਅਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ।