ਨਵੀਂ ਦਿੱਲੀ, 4 ਜੂਨ 2020 - ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਜੁਲਾਈ ਮਹੀਨੇ ਤੋਂ ਸੂਬੇ ਦੇ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਸਵੀਂ ਤੋਂ ਬਾਰ੍ਹਵੀਂ ਦੀਆਂ ਜਮਾਤਾਂ ਨਾਲ ਇਸਦੀ 1 ਜੁਲਾਈ ਤੋਂ ਸ਼ੁਰੂਆਤ ਕੀਤੀ ਜਾਵੇਗੀ ਅਤੇ ਫਿਰ ਛੇਵੀਂ ਤੋਂ ਨੌਵੀਂ ਜਮਾਤ 15 ਦਿਨ ਬਾਅਦ ਅਤੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਲਈ ਅਗਸਤ ਮਹੀਨੇ 'ਚ ਸਕੂਲ ਖੋਲ੍ਹੇ ਜਾਣਗੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਕਲਾਸਾਂ ਸ਼ਿਫਟਾਂ ਦੇ ਹਿਸਾਬ ਨਾਲ ਲੱਗਿਆ ਕਰਨਗੀਆਂ, ਭਾਵ 50 ਫੀਸਦ ਰੇਸ਼ੋ ਦਾ ਹਿਸਾਬ ਰੱਖਿਆ ਜਾਏਗਾ। ਜਿਸ 'ਚ ਸੋਸ਼ਲ ਡਿਸਟੈਂਸਿੰਗ ਮੁੱਖ ਮੁੱਦਾ ਰਹੇਗਾ। ਭਾਵ ਕਿ ਜੇਕਰ ਇੱਕ ਜਮਾਤ 'ਚ 30 ਬੱਚੇ ਹਨ ਤਾਂ ਉਨ੍ਹਾਂ 'ਚੋਂ 15 ਬੱਚੇ ਸਵੇਰੇ ਅਤੇ ਬਾਕੀ ਦੇ 15 ਸ਼ਾਮੀਂ ਸਕੂਲ ਆਉਣਗੇ ਜਾਂ ਫੇਰ ਕਿਸੇ ਹੋਰ ਦਿਨ। ਫਿਲਹਾਲ ਸ਼ਿਫਟਾਂ ਦੇ ਸਮੇਂ ਬਾਰੇ ਕੋਈ ਸਪਸ਼ਟੀਕਰਨ ਨਹੀਂ ਕੀਤਾ ਗਿਆ।
ਜਿਥੇ ਜੁਲਾਈ ਮਹੀਨੇ ਸਕੂਲ ਖੋਲ੍ਹੇ ਜਾਣ ਦਾ ਐਲਾਨ ਹਰਿਆਣਾ ਦੇ ਸਿੱਖਿਆ ਮੰਤਰੀ ਨੇ ਕੀਤਾ ਹੈ, ਉਥੇ ਹੀ ਅਗਸਤ ਮਹੀਨੇ ਤੋਂ ਕਾਲਜ ਵੀ ਖੋਲ੍ਹੇ ਜਾਣ ਦਾ ਐਲਾਨ ਹੋਇਆ ਹੈ।