ਦਿੱਲੀ ਮੋਰਚੇ ਦੌਰਾਨ ਸਵਰਗਵਾਸੀ ਮਨਜੀਤ ਕੌਰ ਦੇ ਸੰਘਰਸ਼ੀ ਯੋਗਦਾਨ ਨੂੰ ਸਿਜਦਾ
ਅਸ਼ੋਕ ਵਰਮਾ
ਨਵੀਂ ਦਿੱਲੀ, 5 ਅਗਸਤ2021: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ ਤੇ ਗਦਰੀ ਗੁਲਾਬ ਕੌਰ ਨਗਰ ਵਿਖੇ ਸਟੇਜ ਤੋਂ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਦੀ ਧਰਮ ਪਤਨੀ ਮਨਜੀਤ ਕੌਰ ਜੋ ਪਿਛਲੀ 27 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਨੁੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ । ਟਿਕਰੀ ਬਾਰਡਰ ਦੀ ਸਟੇਜ ਤੋਂ ਸਵਰਗਵਾਸੀ ਮਨਜੀਤ ਕੌਰ ਦੀ ਜੀਵਨੀ ਤੋਂ ਸ਼ੁਰੂ ਕਰ ਕੇ ਕਿਸਾਨੀ ਅੰਦੋਲਨ ਵਿਚ ਪਾਏ ਯੋਗਦਾਨ ਸੰਬੰਧੀ ਕਿਹਾ ਕਿ ਪ੍ਰਧਾਨ ਸਿੰਗਾਰਾ ਸਿੰਘ ਦਾ ਸਾਰਾ ਸਮਾਂ ਜਥੇਬੰਦੀ ਨੂੰ ਦੇਣਾ ਸਾਡੀ ਭੈਣ ਮਨਜੀਤ ਕੌਰ ਦੀ ਹੀ ਦੇਣ ਸੀ ਜਿਨ੍ਹਾਂ ਦੇ ਵਿਛੋੜਾ ਦੇਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਜਥੇਬੰਦੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ।
ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਫਸਲਾਂ ਦੇ ਭਾਅ ਸਵਾਮੀਨਾਥਨ ਦੀ ਰਿਪੋਰਟ ਸੀ 2 ਦੇ ਫਾਰਮੂਲੇ ਤਹਿਤ ਲਾਹੇਵੰਦ ਭਾਅ ਦਿੱਤੇ ਜਾਣ । ਉਨ੍ਹਾਂ ਕਿਹਾ ਕਿ ਖੇਤੀ ਕਰਦੇ ਕਿਸਾਨਾਂ ਨੂੰ ਰਸਾਇਣਿਕ ਪਦਾਰਥ ਖਾਦ ਤੇ ਕੀੜੇਮਾਰ ਦਵਾਈਆਂ ਤੇ ਸਰਕਾਰੀ ਕੰਟਰੋਲ ਕਰ ਕੇ ਕਿਸਾਨਾਂ ਨੂੰ ਸਸਤੇ ਭਾਅ ਮੁਹੱਈਆ ਕਰਵਾਈਆਂ ਜਾਣ ਪਰ ਇੱਥੇ ਕੰਪਨੀਆਂ ਨੂੰ ਲੁੱਟਣ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ । ਉਨ੍ਹਾਂ ਕਿਹਾ ਕਿ ਭਾਰਤ ਦੀ 35% ਜ਼ਮੀਨ ਵਾਹੀਯੋਗ ਹੈ 65% ਜ਼ਮੀਨ ਜੋ ਬਾਕੀ ਹੈ ਬਹੁਤ ਥੋੜ੍ਹੀ ਮਿਹਨਤ ਨਾਲ ਵਾਹੀਯੋਗ ਬਣਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਕਿਰਤੀ ਬੇਜ਼ਮੀਨੇ ਲੋਕਾਂ ਨੂੰ ਵੰਡ ਕੇ ਗ਼ਰੀਬੀ ਦੂਰ ਕੀਤੀ ਜਾ ਸਕਦੀ ਹੈ ।
ਉਨ੍ਹਾਂ ਕਿਹਾ ਕਿ 1972 ਦੇ ਵਿੱਚ ਭਾਰਤ ਦੀ ਸਰਕਾਰ ਵੱਲੋਂ ਬਣਾਇਆ ਲੈਂਡ ਸੀਲਿੰਗ ਕਾਨੂੰਨ ਜਿਸ ਦੀ ਹੱਦਬੰਦੀ ਸਾਢੇ ਸਤਾਰਾਂ ਏਕੜ ਮਾਲਕੀ ਹੈ ਪਰ ਇੱਥੇ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਦੇਸ਼ ਦੇ ਰਾਜਭਾਗ ਤੇ ਕਾਬਜ਼ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੈਂਡ ਸੀਲਿੰਗ ਕਾਨੂੰਨ ਛਿੱਕੇ ਤੇ ਟੰਗਿਆ ਹੋਇਆ ਹੈ ਤੇ ਕਿਰਤੀ ਲੋਕਾਂ ਨੂੰ ਕਰਜ਼ੇ, ਬਿਮਾਰੀਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਦੇ ਆਲਮ ਵਿੱਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਕਿਸਾਨਾਂ ਮਜਦੂਰਾਂ ਦੇ ਸਿਰ ਚੜ੍ਹੇ ਹੋਏ ਹਨ। ਲਾਗਤ ਖ਼ਰਚੇ ਰਾਹੀਂ ਸਰਕਾਰ ਵਲੋਂ ਕੰਪਨੀਆਂ ਨੂੰ ਲੁੱਟਣ ਦੀ ਖੁੱਲੀ ਛੁੱਟੀ ਦਿੱਤੀ ਹੋਈ ਹੈ ਸਗੋਂ ਇਸ ਦੇ ਉਲਟ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਢੰਡੋਰਾ ਪਿੱਟ ਰਹੇ ਹਨ ।
ਮੋਗਾ ਜ਼ਿਲ੍ਹੇ ਦੇ ਔਰਤ ਆਗੂ ਬਚਿੱਤਰ ਕੌਰ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਅਗਸਤ ਨੂੰ ਦਿੱਲੀ ਮੋਰਚੇ ਵਿੱਚ ਇਨਕਲਾਬੀ ਬੋਲੀਆਂ ਰਾਹੀਂ ਤੀਆਂ ਦਾ ਤਿਉਹਾਰ ਮਨਾਉਣਾ ਹੈ ਅਤੇ 9 ਅਗਸਤ ਨੂੰ ਔਰਤਾਂ ਵਲੋਂ ਸੰਸਦ ਵਿੱਚ ਜਾਣ ਦਾ ਪ੍ਰੋਗਰਾਮ ਵੀ ਦੱਸਿਆ ਗਿਆ ਹੈ ।ਉਨ੍ਹਾਂ ਔਰਤਾਂ ਨੂੰ 8 ਅਗਸਤ ਨੂੰ ਦਿੱਲੀ ਮੋਰਚੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ।ਅੱਜ ਦੀ ਸਟੇਜ ਤੋਂ ਰਣਧੀਰ ਸਿੰਘ ਮਲੂਕਾ, ਸਨਦੀਪ ਸਿੰਘ, ਚਮਕੌਰ ਸਿੰਘ , ਹਰਬੰਸ ਸਿੰਘ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ ਅਤੇ ਜਸਪਾਲ ਸਿੰਘ ਨੇ ਸੰਬੋਧਨ ਵੀ ਕੀਤਾ ।