ਬਾਦਲ ਦਾ ਅਕਾਲ ਚਲਾਣਾ ਸਿੱਖ ਸਿਆਸਤ ਵਿੱਚ ਨਾ ਪੂਰਿਆ ਜਾਣ ਵਾਲਾ ਖ਼ਲਾਅ - ਜੋਗਿੰਦਰ ਸਿੰਘ ਅਦਲੀਵਾਲ
ਅੰਮ੍ਰਿਤਸਰ : 26 ਅਪ੍ਰੈਲ 2023: ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਵੱਲੋਂ ਸ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਨੂੰ ਵੱਡਾ ਪੰਥਕ ਘਾਟਾ ਅਤੇ ਸਿੱਖ ਰਾਜਨੀਤੀ ਵਿੱਚ ਵੱਡਾ ਖ਼ਲਾਅ ਦੱਸਿਆ ਗਿਆ ਹੈ।ਸ਼੍ਰੋਮਣੀ ਗੁ:ਪ੍ਰ: ਕਮੇਟੀ ਦੇ ਸੇਵਾ ਮੁਕਤ ਹੋ ਚੁੱਕੇ ਕਰਮਚਾਰੀਆਂ ਤੇ ਆਧਾਰਤ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਾਬਕਾ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਹੈ ਕਿ ਲਗਪਗ 7 ਦਹਾਕੇ ਸਿੱਖ ਸਿਆਸਤ ਦੇ ਕੇਂਦਰ ਬਿੰਦੂ ਅਤੇ ਅਕਾਲੀ ਰਾਜਨੀਤੀ ਦੇ ਧੁਰਾ ਰਹੇ ਪ੍ਰਕਾਸ਼ ਸਿੰਘ ਬਾਦਲ ਇੱਕ ਪ੍ਰੋੜ ਸਿੱਖ ਆਗੂ ਸਨ ਜਿੰਨਾਂ ਨੇ ਅਕਾਲੀ ਦਲ ਦੇ ਵਰਕਰ ਤੋ ਲੈ ਕੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਦੇ ਤੌਰ ਤੇ ਨਾ ਕੇਵਲ ਪੰਜਾਬ ਦੀ ਬਲਕਿ ਕੌਮਾਂਤਰੀ ਰਾਜਨੀਤੀ ਵਿੱਚ ਆਪਣਾ ਸਿੱਕਾ ਚਲਾਇਆ ।
ਦੇਸ਼ ਦੇ ਸਾਰੇ ਵੱਡੇ ਨੇਤਾ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸਨ ਤੇ ਉਹਨਾਂ ਦੇ ਅਕਾਲ ਚਲਾਣੇ ਤੇ ਗਮਗੀਨ ਹਨ । ਉਹਨਾਂ ਕਿਹਾ ਕਿ ਬਤੌਰ ਮੁੱਖ ਮੰਤਰੀ, ਸ. ਬਾਦਲ ਦੀਆਂ ਨੀਤੀਆਂ ਹਮੇਸ਼ਾਂ ਕਿਸਾਨ ਪੱਖੀ ਰਹੀਆਂ। ਉਹਨਾਂ ਹੋਰ ਕਿਹਾ ਕਿ ਸ ਪ੍ਰਕਾਸ਼ ਸਿੰਘ ਬਾਦਲ ਵਰਗਾ ਸਮੇਂ ਦਾ ਪਾਬੰਦ ਉਹਨਾਂ ਦੇ ਕੱਦ ਵਾਲਾ ਕੋਈ ਹੋਰ ਸਿਆਸਤਦਾਨ ਉਹਨਾਂ ਨੇ ਨਹੀ ਵੇਖਿਆ
ਅਦਲੀਵਾਲ ਨੇ ਕਿਹਾ ਕਿ ਸ. ਬਾਦਲ ਨੇ ਸਿੱਖ ਸੰਘਰਸ਼ਾਂ ਦੌਰਾਨ ਜਿਕਰਯੋਗ ਯੋਗਦਾਨ ਪਾਇਆਂ ਤੇ ਜੇਲ੍ਹਾਂ ਵੀ ਕੱਟੀਆਂ । 1982 ਵਿੱਚ ਅਕਾਲੀ ਦਲ ਵੱਲੋਂ ਵਿੱਢੇ ਧਰਮ ਯੁੱਧ ਮੋਰਚੇ ਦੀ ਰੂਪ ਰੇਖਾ ਜਦੋ ਫਾਈਨਲ ਹੋ ਗਈ ਤਾਂ ਸ ਬਾਦਲ ਹੀ ਸਨ ਜਿਨ੍ਹਾ ਨੇ ਹੱਥ ਜੋੜ ਕੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ ਇਸ ਲਈ ਪਹਿਲੇ ਜਥੇ ਦੀ ਅਗਵਾਈ ਕਰਨ ਦੀ ਆਗਿਆ ਉਹਨਾਂ ਨੂੰ ਦਿੱਤੀ ਜਾਵੇ ਤੇ 4 ਅਗਸਤ,1982 ਨੂੰ ਰੱਖੜੀ ਵਾਲੇ ਦਿਨ 5000 ਸਿੰਘਾਂ ਦੇ ਪਹਿਲੇ ਜਥੇ ਦੀ ਅਗਵਾਈ ਉਹਨਾਂ ਨੇ ਕੀਤੀ ਸੀ । ਮੋਰਚਾ ਡਿਕਟੇਟਰ ਦੇ ਹੁਕਮ ਦੀ ਪੂਰਤੀ ਲਈ ਸੰਵਿਧਾਨ ਦੀ ਧਾਰਾ 25 ਸਾੜਨ ਲਈ ਗ੍ਰਿਫ਼ਤਾਰੀ ਤੋਂ ਬਚਦਿਆਂ ਦਿੱਲੀ ਪਹੁੰਚਣ ਲਈ ਉਹਨਾਂ ਨੂੰ ਟਰੱਕ ਡਰਾਈਵਰ ਦੇ ਰੂਪ ਵਿੱਚ ਜਾਣਾ ਪਿਆ ਸੀ ।
ਸ਼੍ਰੋਮਣੀ ਗੁ:ਪ੍ਰ: ਕਮੇਟੀ ਦੇ ਸੇਵਾ ਮੁਕਤ ਕਰਮਚਾਰੀ / ਅਧਿਕਾਰੀਆਂ ਵੱਲੋਂ ਉਹਨਾਂ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਅਤੇ ਸਤਿਕਾਰ ਭੇਟ ਕਰਨ ਵਾਲਿਆਂ ਵਿੱਚ ਸ. ਕੁਲਵੰਤ ਸਿੰਘ ਰੰਧਾਵਾ, ਸ. ਹਰਬੇਅੰਤ ਸਿੰਘ, ਸ. ਦਲਮੇਘ ਸਿੰਘ, ਸ. ਰਣਵੀਰ ਸਿੰਘ, ਸ. ਤਰਲੋਚਨ ਸਿੰਘ, ਸ. ਸਤਬੀਰ ਸਿੰਘ ਧਾਮੀ, ਸ. ਦਿਲਜੀਤ ਸਿੰਘ ਬੇਦੀ, ਸ. ਕੁਲਦੀਪ ਸਿੰਘ ਬਾਵਾ, ਸ. ਰਣਜੀਤ ਸਿੰਘ, ਸ ਰਮਿੰਦਰਬੀਰ ਸਿੰਘ , ਸ ਰਾਜ ਸਿੰਘ ਤੇ ਹੋਰ ਸ਼ਾਮਲ ਸਨ ।