ਬੀਬੀ ਬਾਦਲ ਨੇ ਐਨ ਡੀ ਏ ਦਾ ਝੂਠ ਬੇਨਕਾਬ ਕਰਨ ਲਈ ਸੰਸਦ ਵਿਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀਆਂ ਤਸਵੀਰਾਂ ਲਹਿਰਾਈਆਂ
- ਜ਼ੋਰ ਦੇ ਕੇ ਕਿਹਾ ਕਿ 2024 ਵਿਚ ਐਨ ਡੀ ਏ ਸਰਕਾਰ ਚਲਦਾ ਹੋਵੇਗੀ ਤੇ ਕਿਸਾਨ ਪੱਖੀ ਸਰਕਾਰ ਬਣਨ ਦਾ ਰਾਹ ਪੱਧਰਾ ਹੋਵੇਗਾ
ਚੰਡੀਗੜ੍ਹ, 10 ਅਗਸਤ 2021 - ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਚਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਤਸਵੀਰਾਂ ਸੰਸਦ ਵਿਚ ਵਿਖਾ ਕੇ ਕੇਂਦਰ ਸਰਕਾਰ ਦਾ ਝੂਠ ਬੇਨਕਾਬ ਕੀਤਾ ਤੇੇ ਜ਼ੋਰ ਦੇ ਕੇ ਕਿਹਾ ਕਿ 2024 ਵਿਚ ਐਨ ਡੀ ਏ ਸਰਕਾਰ ਚਲਦਾ ਹੋਵੇਗੀ ਤੇ ਕਿਸਾਨ ਪੱਖੀ ਸਰਕਾਰ ਸੱਤਾ ਸਾਵਿਚ ਆਵੇਗੀ।
ਬਠਿੰਡਾ ਦੀ ਸੰਸਦ ਮੈਂਬਰ ਨੇ ਪਹਿਲਾਂ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਤਸਵੀਰਾਂ ਸੰਸਦ ਦੇ ਬਾਹਰ ਅਕਾਲੀ ਦਲ ਤੇ ਬਸਪਾ ਦੇ ਹੋਰ ਸੰਸਦ ਮੈਂਬਰਾਂ ਨਾਲ ਰਲ ਕੇ ਵਿਖਾਈਆਂ ਸਨ ਤੇ ਬੈਨਰ ਲਹਿਰਾਏ ਸਨ ਜਿਹਨਾਂ ’ਤੇ ਕੇਂਦਰ ਸਰਕਾਰ ਕਰ ਲੇ ਪਹਿਚਾਨ ਯੇਹ ਹੈ ਹਮਾਰਾ ਸ਼ਹੀਦ ਕਿਸਾਨ’ ਲਿਖਿਆ ਹੋਇਆ ਸੀ। ਬਾਅਦ ਵਿਚ ਉਹਨਾਂ ਇਹੀ ਮਾਮਲਾ ਸੰਸਦ ਵਿਚ 127ਵੇਂ ਸੋਧ ਬਿੱਲ ’ਤੇ ਗੱਲ ਕਰਦਿਆਂ ਚੁੱਕਿਆ।
ਸਰਦਾਰਨੀ ਬਾਦਲ ਨੇ ਸੰਸਦ ਵਿਚ ਇਹ ਤਸਵੀਰਾਂ ਇਸ ਕਰ ਕੇ ਲੈ ਕੇ ਆਏ ਸਨ ਕਿਉਂਕਿ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਹਨਾਂ ਦੀ ਹੋਂਦ ’ਤੇ ਹੀ ਸਵਾਲ ਚੁੱਕੇ ਸਨ ਤੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲਿਆਂ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ ਹੈ।
ਉਹਨਾਂ ਮੰਗ ਕੀਤੀ ਕਿ ਸਰਕਾਰ ਪ੍ਰਭਾਵਤ ਪਰਿਵਾਰਾਂ ਤੰਕ ਪਹੁੰਚ ਅਤੇ ਉਹਨਾਂ ਦੀ ਹੋਂਦ ’ਤੇਸਵਾਲ ਚੁੱਕਣ ਦੀ ਥਾਂ ਉਹਨਾਂ ਨੂੰ ਰਾਹਤ ਪ੍ਰਦਾਨ ਕਰੇ।
ਅਕਾਲੀ ਆਗੂ ਨੇ ਕਾਂਗਰਸ ਪਾਰਟੀ ਵੱਲੋਂ ਸੰਸਦ ਦੇ ਬਾਹਰ ਕਿਸਾਨੀ ਮੁੱਦੇ ਚੁੱਕ ਕੇ ਤੇ ਸੰਸਦ ਦੇ ਅੰਦਰ ਸਿਰਫ ਪੈਗਾਸਸ ’ਤੇ ਸਦਨ ਵਿਚ ਚਰਚਾ ਕਰਨ ਦੀ ਮੰਗ ਕਰ ਕੇ ਦੋਗਲੇ ਮਾਪਦੰਡ ਅਪਣਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੁੰ ਖੇਤੀ ਕਾਨੂੰਨ ਰੱਦ ਕਰਨ ਦੀ ਲੋੜ ’ਤੇ ਚਰਚਾ ਦੀ ਮੰਗ ਕਰਨੀ ਚਾਹੀਦੀ ਸੀ।
ਕੇਂਦਰ ਸਰਕਾਰ ਬਾਰੇ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਤਾਨਾਸ਼ਾਹਾਂ ਵਾਂਗ ਵਿਹਾਰ ਕਰ ਰਹੀ ਹੈ ਤੇ ਸਿਰਫ ਉਹੀ ਮੁੱਦੇ ਸੰਸਦ ਵਿਚ ਚੁੱਕੇ ਜਾ ਰਹੇ ਹਨ ਜੋ ਸੱਤਾਧਾਰੀ ਪਾਰਟੀ ਲਈ ਲਾਹੇਵੰਦ ਹਨ।
ਕੇਂਦਰ ਸਰਕਾਰ ਨੂੰ ਅਜਿਹਾ ਰਵੱਈਆ ਨਾ ਅਪਣਾਉਣ ਲਈ ਕਹਿੰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਤੁਹਾਨੁੰ ਅਜਿਹਾ ਚੰਗਾ ਮਾਡਲ ਅਪਣਾਉਣਾ ਚਾਹੀਦਾਹੈ ਜੋ ਕਿਸਾਨਾਂ ਨੂੰ ਤਬਾਹ ਕਰਨ ਦੀ ਥਾਂ ਉਹਨਾਂ ਨੂੰ ਖੁਸ਼ਹਾਲੀ ਦੇਵੇ। ਉਹਨਾਂ ਨੇ ਕੇਂਦਰ ਨੂੰ ਸਭ ਕਾ ਸਾਥ, ਸਭ ਕਾ ਵਿਕਾਸ ਦੇ ਵਾਅਦੇ ਨੁੰ ਅਮਲੀ ਜਾਮਾ ਪਹਿਨਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕਰ ਕੇ ਉਹਨਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਕਿਹਾ।
ਉਹਨਾਂ ਨੇ ਪੈਟਰੋਲ ਤੇ ਡੀਜ਼ਲ ਕੀਮਤਾਂ ਵਿਚ ਵਾਧੇ ਦਾ ਮਾਮਲਾ ਵੀ ਚੁੱਕਿਆ ਤੇ ਕਿਹਾ ਕਿ ਸੱਚਾਈ ਇਹ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਥਾਂ ਐਨ ਡੀ ਏ ਸਰਕਾਰ ਨੇ ਮਹਿੰਗਾਈ ਦੁੱਗਣੀ ਕਰ ਦਿੱਤੀ ਹੈ।
127ਵੀਂ ਸੋਧ ਬਾਰੇ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੂਬਿਆਂ ਨੁੰ ਜ਼ਿਆਦਾ ਤਾਕਤਾਂ ਦੇਸ਼ ਤੇ ਦੇਸ਼ ਵਿਚ ਸੰਘੀ ਢਾਂਚਾ ਮਜ਼ਬੂਤ ਕਰਨ ਦੀ ਵਕਾਲਤ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੰਘਰਸ਼ ਤੋਂ ਇਸਦੀ ਸਭ ਤੋਂ ਉੱਤਮ ਉਦਾਹਰਣ ਮਿਲਦੀ ਹੈ ਜੋ ਕਿ ਅਜਿਹੀ ਮੰਗ ਦੇ ਹੱਕ ਵਿਚ 18 ਸਾਲਾਂ ਤੱਕ ਜੇਲ੍ਹ ਵਿਚ ਰਹੇ। ਉਹਨਾਂ ਕਿਹਾ ਕਿ ਇਹ ਸੋਧ ਜਿਸ ਰਾਹੀਂ ਪਛੜੀਆਂ ਜਾਤਾਂ ਦੀ ਸ਼ਨਾਖ਼ਤ ਲਈ ਰਾਜਾਂ ਨੁੰ ਤਾਕਤ ਵਾਪਸ ਮਿਲੇਗੀ, ਪਛੜੀਆਂ ਸ਼ੇ੍ਰਮਣੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵ ੇਗੀ ਤੇ ਇਸ ਨਾਲ ਵਿਦਿਅਕ ਅਦਾਰਿਆਂ ਦੇ ਨਾਲ ਨਾਲ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਯਕੀਨੀ ਬਣੇਗਾ।
ਇਸ ਦੌਰਾਨ ਸੰਸਦ ਦੇ ਬਾਹਰ ਗੱਲਬਾਤ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਹ ਖਾਰਜ ਨਹੀਂ ਕੀਤੇ ਜਾਂਦੇ। ਉਹਨਾਂ ਕਿਹਾ ਕਿ ਜੇਕਰ ਐਨ ਡੀ ਏ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਇਸਨੂੰ ਸੱਤਾ ਤੋਂ ਹੱਥ ਧੋਣੇ ਪੈਣਗੇ ਤੇ ਕਿਸਾਨ ਪੱਖੀ ਸਰਕਾਰ ਲਈਰਾਹ ਪੱਧਰਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸੰਸਦ ਦੇ ਅੰਦਰ ਤੇ ਬਾਹਰ ਕਿਸਾਨਾਂ ਦੀਆਵਾਜ਼ ਤਾਂ ਦਬਾ ਸਕਦੀ ਹੈ ਪਰ ਇਹ ਲੋਕਾਂ ਦੇ ਦਿਲਾਂ ਤੇ ਮਨਾਂ ਵਿਚ ਅੰਨਦਾਤਾ ਦੀ ਆਵਾਜ਼ ਦਬਾ ਨਹੀਂ ਸਕਦੀ।