ਮੋਦੀ ਦੀ ਰੈਲੀ ਲੋਕਾਂ ਦੀ ਘੱਟ ਸ਼ਮੁਲੀਅਤ ਕਾਰਨ ਰੱਦ ਹੋਈ: ਕਿਸਾਨ ਆਗੂ
ਅਸ਼ੋਕ ਵਰਮਾ
ਬਠਿੰਡਾ,6ਜਨਵਰੀ2022: ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ,ਮੈਂਬਰ 9 ਮੈਂਬਰੀ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਜੱਥੇਬੰਦੀ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੈਲੀ ਰੱਦ ਕਰਨ ਦਾ ਕਾਰਨ ਲੋਕਾਂ ਦੀ ਘੱਟ ਸ਼ਮੂਲੀਅਤ ਦੱਸਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਾਸੀ ਭੁੱਲੇ ਨਹੀਂ ਕਿ ਮੋਦੀ ਸਰਕਾਰ ਦੇ ਕਾਰਨ ਰੋਟੀ ਅਤੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਬਜ਼ੁਰਗਾਂ,ਮਾਵਾਂ ਭੈਣਾਂਅਤੇ ਭਰਾਵਾਂ ਨੂੰ ਇੱਕ ਸਾਲ ਤੋਂ ਵੱਧ ਸਮਾਂ ਦਿੱਲੀ ਦੇ ਬਾਰਡਰਾਂ ’ਤੇ ਮੀਂਹ ਹਨੇਰੀ,ਗਰਮੀ ਸਰਦੀ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ ਸੀ।
ਅੱਜ ਇੱਕੇ ਜਾਰੀ ਇੱਕ ਪ੍ਰੈਸ ਬਿਆਨ ’ਚ ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਮਜਦੂਰਾਂ ਦੀਆਂ ਲਾਸ਼ਾਂ ਦੇ ਉੱਪਰੋਂ ਲੰਘ ਕੇ ਮੋਦੀ ਪੰਜਾਬ ਆਇਆ ਸੀ ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਸ਼ਹੀਦਾਂ ਅਤੇ ਉਹਨਾਂ ਪਰਿਵਾਰਾਂ ਲਈ ਇੱਕ ਲਫ਼ਜ਼ ਨਹੀ ਨਿਕਲਿਆ ਜਿੰਨ੍ਹਾਂ ਦੇ ਘਰਾਂ ਦੇ ਚਿਰਾਗ ਕੇਂਦਰ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਨਾਲ ਯਾਰੀ ਨਿਭਾਉਣ ਕਾਰਨ ਬੁਝ ਗਏ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋ ਰੈਲੀ ਰੱਦ ਹੋਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਹਿੱਕ ਸੋਚੀ ਸਮਝੀ ਸਾਜਿਸ਼ ਹੈ ਜਦੋਂਕਿ ਅਸਲ ਵਿੱਚ ਰੈਲੀ ਦੇ ਰੱਦ ਹੋਣ ਦਾ ਕਾਰਨ ਖ਼ਾਲੀ ਕੁਰਸੀਆਂ ਸਨ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਮੋਰਚਾ ਫਤਿਹ ਹੋਣ ਉਪਰੰਤ ਜੋ ਮੰਗਾਂ ਲਿਖਤੀ ਰੂਪ ਵਿੱਚ ਮੰਨਿਆਂ ਸਨ ਉਹਨਾਂ ਤੇ ਹਾਲੇ ਤੱਕ ਕੋਈ ਅਮਲ ਨਹੀ ਕੀਤਾ ਹੈ ਉਸ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋ ਪੰਜਾਬ ਭਰ ਵਿੱਚ ਤਹਿਸੀਲ ਅਤੇ ਜ਼ਿਲ੍ਹਾ ਪੱਧਰ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਸਾੜ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ ਤਾਂ ਜੋ ਮੋਦੀ ਸਰਕਾਰ ਨੂੰ ਉਸ ਦੀਆ ਲਿਖਤੀ ਰੂਪ ਵਿੱਚ ਮੰਨੀਆਂ ਮੰਗਾਂ ਸਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ,ਲਖੀਮਪੁਰ ਖੀਰੀ ਦੀ ਘਟਨਾ ਦੇ ਦੋਸ਼ੀਆ ਨੂੰ ਸਜ਼ਾਵਾਂ,ਅੰਦੋਲਨ ਦੌਰਾਨ ਕਿਸਾਨਾਂ ਉੱਪਰ ਦਰਜ ਕੀਤੇ ਮੁਕੱਦਮੇ ਵਾਪਸ ਲੈਣਾ ਅਤੇ ਐਮਐਸ ਪੀ ਤੇ ਕਾਨੂੰਨ ਬਣਾਉਣ ਲਈ ਕਮੇਟੀ ਬਨਾਉਉਣ ਵਰਗੀਆਂ ਮੰਗਾਂ ਯਾਦ ਕਾਰਵਾਈਆਂ ਜਾਣ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੀ ਜਾਂਚ ਨੀਮ ਦੀ ਰਿਪੋਰਟ ’ਚ ਸਪਸ਼ਟ ਹੋ ਗਿਆ ਹੈ ਕਿ ਅਜੈ ਮਿਸ਼ਰਾ ਟੈਣੀ ਦਾ ਲੜਕਾ ਮੁੱਖ ਦੋਸ਼ੀ ਹੈ ਜੋ ਲਖੀਮਪੁਰ ਖੀਰੀ ਦੀ ਘਟਨਾ ਨੂੰ ਅੰਜਾਮ ਦੇਣ ਸਮੇਂ ਖੁਦ ਗੱਡੀ ਚਲਾ ਰਿਹਾ ਸੀ ਜਿਸ ਵਿੱਚੋਂ ਘਟਨਾ ਸਮੇਂ ਕਿਸਾਨਾਂ ’ਤੇ ਗੋਲੀਆਂ ਚਲਾਉਣ ਲਈ ਵਰਤਿਆ ਹਥਿਆਰ ਬਰਾਮਦ ਹੋਇਆ ਹੈ। ਉਹਨਾਂ ਕਿਹਾ ਜੇਕਰ ਮੋਦੀ ਅਜੈ ਮਿਸ਼ਰਾ ਮੰਤਰੀ ਮੰਡਲ ਵਿੱਚੋ ਬਰਖ਼ਾਸਤ ਕਰਕੇ ਪੰਜਾਬ ਆਉਂਦੇ ਸ਼ਾਇਦ ਉਨ੍ਹਾਂ ਨੂੰ ਇਸ ਵਿਰੋਧ ਦਾ ਸਾਹਮਣਾ ਨਾਂ ਕਰਨਾ ਪੈਂਦਾ।