ਸਾਰੀਆਂ ਫਸਲਾਂ 'ਤੇ ਅਤੇ ਸਾਰੇ ਕਿਸਾਨਾਂ ਨੂੰ ਸਮੁੱਚੀਆਂ ਲਾਗਤਾਂ 'ਤੇ ਐਮਐਸਪੀ ਮਿਲੇ: ਕਿਸਾਨ ਆਗੂ
- 9 ਅਗਸਤ ਨੂੰ ਔਰਤਾਂ ਦੇ ਜਥੇ ਕਰਨਗੇ ਦਿੱਲੀ ਵੱਲ ਕੂਚ; ਔਰਤਾਂ 'ਚ ਭਾਰੀ ਉਤਸ਼ਾਹ,ਤਿਆਰੀਆਂ ਮੁਕੰਮਲ: ਕਿਸਾਨ ਆਗੂ
- ਹਾਕੀ ਖਿਡਾਰੀ ਵੰਦਨਾ ਨੂੰ ਜਾਤਪਾਤੀ ਨਫਰਤ ਦਾ ਸ਼ਿਕਾਰ ਬਣਾਏ ਜਾਣ ਦੀ ਨਿਖੇਧੀ; ਦੋਸ਼ੀਆਂ ਵਿਰੁੱਧ ਐ.ਸੀ/ ਐਸ.ਟੀ ਐਕਟ ਅਧੀਨ ਕਾਰਵਾਈ ਦੀ ਮੰਗ
ਬਰਨਾਲਾ: 6 ਅਗਸਤ, 2021 - ਬੱਤੀ ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 310 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਸਰਕਾਰ ਦੇ ਐਮਐਸਪੀ ਪ੍ਰੋਗਰਾਮ ਦੇ ਪਾਜ ਨੰਗੇ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰ ਫਸਲਾਂ ਦੀਆਂ ਲਾਗਤਾਂ ਦਾ ਅਨੁਮਾਨ ਸਮੇਂ ਕਿਸਾਨ ਪਰਿਵਾਰ ਦੀ ਕਿਰਤ ਦਾ ਪੂਰਾ ਮੁਲ ਨਹੀਂ ਪਾਉਂਦੀ।
ਕਿਸਾਨ ਨੂੰ ਹੁਨਰਮੰਦ ਕਾਮਾ ਨਹੀਂ ਸਮਝਿਆ ਜਾਂਦਾ ਜਿਸ ਕਰਕੇ ਉਸ ਦੀ ਕਿਰਤ ਦਾ ਪੂਰੀ ਲਾਗਤ ਨਹੀਂ ਲਾਈ ਜਾਂਦੀ। ਫਸਲ ਦੀਆਂ ਕੀਮਤਾਂ, ਡਾਕਟਰ ਸਵਾਮੀਨਾਥਨ ਦੀ ਸਿਫਾਰਸ਼ ਅਨੁਸਾਰ - ਸੀ ਟੂ ਪਲੱਸ 50 % ਵਾਧਾ- ਨਹੀਂ ਦਿੱਤੀਆਂ ਜਾਂਦੀਆਂ। ਸੰਯਕੁਤ ਕਿਸਾਨ ਮੋਰਚਾ ਸਾਰੇ ਕਿਸਾਨਾਂ ਲਈ ਅਤੇ ਸਾਰੀਆਂ ਫਸਲਾਂ ਲਈ ਸਮੁੱਚੀਆਂ ਲਾਗਤਾਂ 'ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਏ ਬਗੈਰ ਅੰਦੋਲਨ ਵਾਪਸ ਨਹੀਂ ਲੈਣਗੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਚਰਨਜੀਤ ਕੌਰ, ਨੇਕਦਰਸ਼ਨ ਸਿੰਘ, ਬਲਵੀਰ ਕੌਰ ਕਰਮਗੜ੍ਹ, ਅਮਰਜੀਤ ਕੌਰ, ਮਨਜੀਤ ਰਾਜ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੱਸਿਆ ਕਿ 9 ਅਗੱਸਤ ਨੂੰ ਬਰਨਾਲਾ, ਸੰਗਰੂਰ ਤੇ ਲੁਧਿਆਣਾ ਜਿਲ੍ਹਿਆਂ ਤੋਂ ਔਰਤਾਂ ਦੇ ਵੱਡੇ ਜਥੇ ਦਿੱਲੀ ਵੱਲ ਰਵਾਨਾ ਹੋਣਗੇ। ਇਸ ਪ੍ਰੋਗਰਾਮ ਲਈ ਔਰਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਅੱਜ ਬੁਲਾਰਿਆਂ ਨੇ ਕਥਿਤ ਉਚ-ਜਾਤੀ ਦੇ ਹੁਲੜਬਾਜਾਂ ਵੱਲੋਂ ਉਲੰਪੀਅਨ ਹਾਕੀ ਖਿਡਾਰਨ ਵੰਦਨਾ ਕਟਾਰੀਆ ਦੇ ਘਰ ਮੂਹਰੇ ਹੁੜਦੰਗ ਮਚਾਉਣ ਅਤੇ ਜਾਤੀ ਸੂਚਕ ਗਾਲਾਂ ਦੇਣ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਇਨ੍ਹਾਂ ਜਾਤਪਾਤੀ ਨਫਰਤੀ ਟੋਲੇ ਵਿਰੁੱਧ ਐਸ.ਸੀ/ ਐਸ.ਟੀ ਐਕਟ ਅਧੀਨ ਕਾਰਵਾਈ ਕਰਨ ਦੀ ਮੰਗ ਕੀਤੀ।
ਅੱਜ ਰਾਜਵਿੰਦਰ ਸਿੰਘ ਮੱਲੀ ਅਤੇ ਪ੍ਰੀਤ ਕੌਰ ਧੂਰੀ ਦੇ ਕਵੀਸ਼ਰੀ ਜਥਿਆਂ ਨੇ ਬੀਰਰਸੀ ਕਵੀਸ਼ਰੀ ਰਾਹੀਂ ਪੰਡਾਲ 'ਚ ਜੋਸ਼ ਭਰਿਆ।