ਸੰਘਰਸ਼ੀ ਦਾ ਕ੍ਰਿਸ਼ਮਾ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਨਾਲ ਨਜਿੱਠਣ ਵਾਸਤੇ ਸੁੱਝ ਨਹੀਂ ਰਿਹਾ - ਉਗਰਾਹਾਂ
ਅਸ਼ੋਕ ਵਰਮਾ
ਨਵੀਂ ਦਿੱਲੀ, 2 ਅਗਸਤ 2021: ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਪੱਕੇ ਮੋਰਚੇ ਨੂੰ ਅੱਠ ਮਹੀਨੇ ਤੋਂ ਉਪਰ ਸਮਾਂ ਹੋ ਗਿਆ ਹੈ । ਟਿਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗਦਰੀ ਗੁਲਾਬ ਕੌਰ ਨਗਰ ਵਿਖੇ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਇਹ ਮੋਰਚਾ ਲੰਮਾ ਸਮਾਂ ਚਲਾਉਣ ਵਾਸਤੇ ਸਾਨੂੰ ਪਿੰਡਾਂ ਦੇ ਵਿੱਚ ਤਿਆਰੀਆਂ ਹੋਰ ਵੱਧ ਕਰ ਦੇਣੀਆਂ ਚਾਹੀਦੀਆਂ ਹਨ । ਪੰਜਾਬ ਅਤੇ ਦਿੱਲੀ ਦੇ ਲੱਗੇ ਹੋਏ ਮੋਰਚਿਆਂ ਵਿੱਚ ਲੋਕਾਂ ਨੂੰ ਸਿਆਸੀ ਤੌਰ ਤੇ ਚੇਤੰਨ ਕੀਤਾ ਜਾਵੇ ਕਿ ਇਨ੍ਹਾਂ ਕਾਨੂੰਨਾਂ ਦੇ ਪਿੱਛੇ ਖਡ਼੍ਹੀਆਂ ਤਿੰਨ ਵੱਡੀਆਂ ਤਾਕਤਾਂ ( ਕੌਮਾਂਤਰੀਮ ਮੁਦਰਾ ਫੰਡ ,ਵਿਸ਼ਵ ਬੈਂਕ ,ਵਿਸ਼ਵ ਵਪਾਰ ਸੰਸਥਾ ) ਹਰ ਹਾਲ ਦੇ ਵਿੱਚ ਲੋਕ ਵਿਰੋਧੀ ਕਾਨੂੰਨ ਲਾਗੂ ਕਰਨ ਤੇ ਅੜੀਆਂ ਹੋਈਆਂ ਹਨ ।
ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਲੁਟੇਰੀਆਂ ਜਮਾਤਾਂ ਦੇ ਨਾਲ ਦਿਰੜ ਅਤੇ ਲੰਮੇ ਸਮੇਂ ਲਈ ਲ਼ੜਨ ਦੇ ਇਰਾਦੇ ਨਾਲ ਲੜਨ ਵਾਸਤੇ ਤਿਆਰ ਹੋਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਦੇ ਮੁਕਾਬਲੇ ਸਾਡਾ ਸਿਆਸੀ ਪੱਧਰ ਉੱਚਾ ਨਾ ਹੋਣ ਤੇ ਇਹ ਲੜਾਈ ਅਧੂਰੀ ਰਹਿ ਸਕਦੀ ਹੈ ਇਸ ਵਾਸਤੇ ਸਾਨੂੰ ਇਹਦੇ ਲਈ ਲੜਨ ਵਾਸਤੇ ਪੂਰੀ ਚੌਕਸੀ ਤੇ ਚੇਤਨਤਾ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿਰਤੀ ਲੋਕਾਂ ਦਾ ਆਪਣੀਆਂ ਹੱਕੀ ਮੰਗਾਂ ਦੀ ਖ਼ਾਤਰ ਏਨਾ ਲੰਮਾ ਸਮਾਂ ਘੋਲ ਚੱਲਿਆ ਹੋਵੇ ਤੇ ਕਿਰਤੀ ਲੋਕਾਂ ਦੇ ਹੌਸਲੇ ਫਿਰ ਵੀ ਅਡੋਲ ਹੋਣ। ਏਸ ਕਰਕੇ ਦੁਨੀਆਂ ਦੇ ਵਿੱਚ ਇਸ ਕਿਸਾਨੀ ਘੋਲ ਦਾ ਇਤਿਹਾਸ ਲਿਖਿਆ ਜਾਣਾ ਅਟੱਲ ਹੈ ।
ਉਨ੍ਹਾਂ ਕਿਹਾ ਕਿ ਇਹੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਜਿਹੜਾ ਸੰਸਦ ਵਿੱਚ ਛਾਤੀ ਚੌੜੀ ਕਰਕੇ ਬੋਲਦਾ ਸੀ ਹੁਣ ਚੱਲ ਰਹੇ ਮੌਜੂਦਾ ਸੈਸ਼ਨ ਦੇ ਵਿੱਚ ਤ੍ਰਬਕ ਕੇ ਬੋਲ ਰਿਹੈ। ਇਹ ਲੋਕਾਂ ਦੀ ਸੰਘਰਸ਼ੀ ਤਾਕਤ ਦਾ ਕ੍ਰਿਸ਼ਮਾ ਹੈ ਜਿਸ ਕਰਕੇ ਪ੍ਰਧਾਨ ਮੰਤਰੀ ਨੂੰ ਇਸ ਘੋਲ ਨਾਲ ਨਜਿੱਠਣ ਵਾਸਤੇ ਕੁਝ ਸੁੱਝ ਨਹੀਂ ਰਿਹਾ । ਉਗਰਾਹਾਂ ਨੇ ਚੋਣਾਂ ਸੰਬੰਧੀ ਕਿਹਾ ਕਿ ਇਹ ਜੋਕਾਂ ( ਲੁੱਟਣ ਵਾਲੀਆਂ ਵੋਟ ਪਾਰਟੀਆਂ ) ਦਾ ਹਥਿਆਰ ਹੈ ਜੋ ਲੋਕਾਂ ਤੇ ਵਰਤਦੀਆਂ ਆ ਰਹੀਆਂ ਹਨ ਕਿਉਂਕਿ ਚੋਣਾਂ ਲੜਨ ਨਾਲ ਜਿਹੜੀ ਭਾਈਚਾਰਕ ਸਾਂਝ ਦੀ ਇੱਕ ਵੱਡੀ ਤਾਕਤ ਜਥੇਬੰਦ ਹੈ ਫਿਰ ਇਹ ਵੱਖ ਵੱਖ ਵੋਟ ਪਾਰਟੀਆਂ ਵਿੱਚ ਵੰਡੀ ਜਾਵੇਗੀ । ਅਸੀਂ ਚੋਣਾਂ ਲੜਨ ਨਾਲ ਇਕ ਦੂਜੇ ਦੇ ਦੁਸ਼ਮਣ ਬਣ ਜਾਵਾਂਗੇ ਅਤੇ ਲੋਕਾਂ ਦੇ ਮੰਗਾਂ ਮਸਲਿਆਂ ਵਿੱਚ ਹੀ ਰੁਲ ਜਾਣਗੇ।
ਸੁਖਜੀਤ ਕੌਰ ਮਾਨਸਾ ਅਤੇ ਲਵਲੀ ਕੌਰ ਸੰਗਰੂਰ ਨੇ ਕਿਹਾ ਮੋਰਚੇ ਨੂੰ ਹੋਰ ਮਜਬੂਤ ਕਰਨ ਵਾਸਤੇ ਔਰਤ ਆਗੂ ਪਿੰਡਾਂ ਦੇ ਵਿੱਚ ਜਾ ਕੇ ਇਨ੍ਹਾਂ ਕਾਨੂੰਨਾਂ ਬਾਰੇ ਜਾਗਰੂਕ ਅਤੇ ਮੋਰਚਿਆਂ ਦੇ ਵਿੱਚ ਔਰਤਾਂ ਦੀ ਗਿਣਤੀ ਵਧਾਉਣ ਵਾਸਤੇ ਪਰੇਰ ਰਹੀਆਂ ਹਨ । ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਅਟਾਰੀ ਬਲਾਕ ਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਥੱਲੇ ਵੱਡੀ ਗਿਣਤੀ ਵਿਚ ਪੰਡਾਲ ਵਿਚ ਜੱਥਾ ਸ਼ਾਮਲ ਹੋਇਆ ਜਿਸ ਦੀ ਅਗਵਾਈ ਅਟਾਰੀ ਬਲਾਕ ਦੇ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਅਤੇ ਬਲਾਕ ਸਕੱਤਰ ਪਰਵਿੰਦਰ ਸਿੰਘ ਕਰ ਰਹੇ ਸਨ। ਅੱਜ ਸਟੇਜ ਦੀ ਕਾਰਵਾਈ ਰਾਜਵਿੰਦਰ ਸਿੰਘ ਰਾਜੂ ਰਾਮਨਗਰ ( ਬਠਿੰਡਾ ) ਨੇ ਨਿਭਾਈ ਅਤੇ ਸਟੇਜ ਤੋਂ ਹਰਪ੍ਰੀਤ ਸਿੰਘ ਦੌਣ ਕਲਾਂ ,ਸਰਬਜੀਤ ਸਿੰਘ ਭੁਰਥਲਾ , ਮਲਕੀਤ ਸਿੰਘ ਹੇੜੀਕੇ ਨੇ ਵੀ ਸੰਬੋਧਨ ਕੀਤਾ।